ਦੇਸ਼-ਵਿਦੇਸ਼ਪੰਜਾਬ

ਕੈਪਟਨ ਅਮਰਿੰਦਰ ਨੇ ‘ਸਿੱਧੂ’ ਸਹੁੰ ਚੁੱਕ ਸਮਾਗਮ ’ਚ ਪੁੱਜਣ ਦਾ ਸੱਦਾ ਕੀਤਾ ਸਵੀਕਾਰ !

ਚੰਡੀਗੜ੍ਹ, 21 ਜੁਲਾਈ (ਮਧੂਸਾਰ ਬਿਊਰੋ) ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ 58 ਵਿਧਾਇਕਾਂ ਵੱਲੋਂ ਦਿੱਤਾ ਸੱਦਾ ਕਬੂਲ ਲਿਆ ਹੈ ਜਿਸ ਨਾਲ ਕਾਂਗਰਸ ਪਾਰਟੀ ਨੂੰ ‘ਤਾਜਪੋਸੀ ਸਮਾਗਮਾਂ’ ’ਚ ਹੁਣ ਏਕੇ ਦਾ ਸੁਨੇਹਾ ਦੇਣ ਦਾ ਮੌਕਾ ਮਿਲੇਗਾ। ਅਗਲੀਆਂ ਚੋਣਾਂ ’ਚ ਕਾਰਗੁਜਾਰੀ ਦਿਖਾਉਣ ਲਈ ਕਾਂਗਰਸ ਭਲਕ ਤੋਂ ਨਵੀਂ ਰਣਨੀਤੀ ਨਾਲ ਉਤਰੇਗੀ। ਚੰਡੀਗੜ੍ਹ ਦੇ ਕਾਂਗਰਸ ਭਵਨ ’ਚ 23 ਜੁਲਾਈ ਨੂੰ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਡੈਨੀ ਅਤੇ ਪਵਨ ਗੋਇਲ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲਣਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ ਰਾਵਤ ਇਨ੍ਹਾਂ ਸਮਾਗਮਾਂ ਵਿਚ ਵਿਸੇਸ ਤੌਰ ’ਤੇ ਸਾਮਿਲ ਹੋਣਗੇ। ਤਾਜਪੋਸੀ ਸਮਾਰੋਹਾਂ ਦੀਆਂ ਤਿਆਰੀਆਂ ਦੇਖ ਰੇਖ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਮੰਤਰੀ ਕਰ ਰਹੇ ਹਨ।

ਲੰਘੇ ਕੱਲ ਪਾਰਟੀ ਦੇ 58 ਵਿਧਾਇਕਾਂ ਨੇ ਬਕਾਇਦਾ ਮਤਾ ਪਾਸ ਕਰਕੇ ਮੁੱਖ ਮੰਤਰੀ ਨੂੰ ਇਨ੍ਹਾਂ ਤਾਜਪੋਸੀ ਸਮਾਰੋਹਾਂ ਵਿਚ ਆਉਣ ਦਾ ਸੱਦਾ ਦਿੱਤਾ ਸੀ। ਅੱਜ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਕਰੀਬ ਤਿੰਨ ਵਜੇ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ’ਤੇ ਗਏ ਅਤੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਸਮੀ ਸੱਦਾ ਪੱਤਰ ਦਿੱਤਾ। ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕਾਂ ਤਰਫੋਂ ਭੇਜਿਆ ਸੱਦਾ ਪੱਤਰ ਕਬੂਲ ਕਰ ਲਿਆ ਹੈ ਅਤੇ ਮੁੱਖ ਮੰਤਰੀ ਭਲਕ ਦੇ ਸਮਾਰੋਹਾਂ ਵਿਚ ਨਵੀਂ ਟੀਮ ਨੂੰ ਆਸੀਰਵਾਦ ਦੇਣ ਲਈ ਪੁੱਜ ਰਹੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਅੱਜ ਪਾਰਟੀ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਸੀਨੀਅਰ ਲੀਡਰਾਂ ਨੂੰ ਭਲਕੇ ਪੰਜਾਬ ਭਵਨ ’ਚ 10 ਵਜੇ ਰੱਖੀ ਚਾਹ ਪਾਰਟੀ ਲਈ ਸੱਦਾ ਦਿੱਤਾ ਹੈ ਜਿਸ ’ਚ ਸਮੇਤ ਨਵਜੋਤ ਸਿੱਧੂ ਸਾਰੇ ਵਿਧਾਇਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਸੰਸਦੀ ਸੈਸਨ ਹੋਣ ਕਰਕੇ ਕੁਝ ਸੰਸਦ ਮੈਂਬਰ ਸਮਾਰੋਹਾਂ ’ਚੋਂ ਗੈਰ-ਹਾਜਰ ਰਹਿ ਸਕਦੇ ਹਨ। ਚਾਹ ਪਾਰਟੀ ਮਗਰੋਂ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਇੱਕੋ ਗੱਡੀ ’ਚ ਸਮਾਰੋਹ ’ਚ ਪੁੱਜ ਸਕਦੇ ਹਨ।

Leave a Reply

Your email address will not be published. Required fields are marked *