ਪੰਜਾਬਪਟਿਆਲਾ

ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਭਾਸ਼ਾ ਫ਼ੈਕਲਟੀ ਨਾਲ ਸੰਬੰਧਤ ਵਿਭਾਗਾਂ ਦਾ ਦੌਰਾ

ਪਟਿਆਲਾ 26 ਜੁਲਾਈ: (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਪ੍ਰਬੰਧਕੀ ਅਤੇ ਵਿਭਾਗੀ ਕਾਰਜਕੁਸ਼ਲਤਾ ਸਕੀਮ ਅਧੀਨ ਵਖ-ਵਖ ਵਿਭਾਗਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਪ੍ਰੋ. ਸਤਿਨਾਮ ਸਿੰਘ ਸੰਧੂ, ਡੀਨ, ਭਾਸ਼ਾਵਾਂ ਉਨ੍ਹਾਂ ਦੇ ਨਾਲ ਸਨ। ਭਾਸ਼ਾ ਫ਼ੈਕਲਟੀ ਨਾਲ ਸੰਬੰਧਤ ਵਿਭਾਗਾਂ ਨਾਲ ਮਿਲਣੀ ਦਾ ਕੰਮ ਪੰਜਾਬੀ ਵਿਭਾਗ ਤੋਂ ਸ਼ੁਰੂ ਕੀਤਾ ਗਿਆ ਜਿੱਥੇ ਉਹ ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਮਿਲੇ। ਇਸ ਉਪਰੰਤ ਉਨ੍ਹਾਂ ਵੱਲੋਂ ਕ੍ਰਮਵਾਰ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ ਅਤੇ ਪਾਲੀ, ਉਰਦੂ-ਪਰਸ਼ੀਅਨ ਵਿਭਾਗ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਦਾ ਦੌਰਾ ਕੀਤਾ ਗਿਆ। ਇਨ੍ਹਾਂ ਵਿਭਾਗਾਂ ਦੇ ਮੁਖੀ ਅਤੇ ਅਧਿਆਪਕਾਂ ਨਾਲ ਵਿਭਾਗ ਦੀ ਕਾਰਜ-ਕੁਸ਼ਲਤਾ ਅਤੇ ਵਿਭਾਗੀ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ।

ਇਸ ਵਿਚਾਰ ਚਰਚਾ ਦੌਰਾਨ ਵਿਭਾਗਾਂ ਵਿਚ ਕਮਰਿਆਂ, ਲਾਇਬ੍ਰੇਰੀ ਅਤੇ ਇੰਟਰਨੈਟ ਸੁਵਿਧਾ, ਅਧਿਆਪਕਾਂ ਦੀ ਗਿਣਤੀ ਆਦਿ ਸੰਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮਿਲਣੀ ਵਿਚ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਵਿਭਾਗ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ਤੇ ਵੇਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਹੱਲ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਵਾਈਸ-ਚਾਂਸਲਰ ਅਤੇ ਡੀਨ, ਭਾਸ਼ਾਂਵਾਂ ਨੇ ਇਨ੍ਹਾਂ ਵਿਭਾਗਾਂ ਦੇ ਖੋਜ ਵਿਦਿਆਰਥੀਆਂ ਨਾਲ ਨਿੱਜੀ ਤੌਰ ਤੇ ਮਿਲਣੀ ਕਰਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਵੀ ਅਲਗ ਤੋਂ ਵਿਚਾਰ ਚਰਚਾ ਕੀਤੀ । ਖੋਜ ਵਿਦਿਆਰਥੀਆਂ ਵੱਲੋਂ ਲਾਇਬ੍ਰੇਰੀ ਅਤੇ ਰਿਹਾਇਸ਼ ਸਬੰਧੀ ਕੁੱਝ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਵਾਈਸ-ਚਾਂਸਲਰ ਨੇ ਵਿਦਿਆਰਥੀਆਂ ਨੂੰ ਖੋਜ ਦਾ ਮਿਆਰ ਬੇਹਤਰ ਬਣਾਉਣ ਅਤੇ ਸਮਾਜ ਦੇ ਨਵੇਂ ਪੱਖਾਂ `ਤੇ ਖੋਜ ਕਰਨ ਅਤੇ ਉਸ ਨੂੰ ਅਕਾਦਮਿਕ ਜਗਤ ਤੱਕ ਲੈ ਕੇ ਜਾਣ ਬਾਰੇ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਇਸ ਪੋ੍ਰਗਰਾਮ ਬਾਰੇ ਸਮੁੱਚੇ ਤੌਰ ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਫੈਕਲਟੀ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਂਝੇ ਰੂਪ ਵਿਚ ਨਜ਼ਰਸਾਨੀ ਕਰਨ ਦੀ ਜ਼ਰੂਰਤ ਹੈ। ਸਭ ਤੋਂ ਵੱਡੀ ਸਮੱਸਿਆ ਅਧਿਆਪਕਾਂ ਦੀ ਘਟ ਰਹੀ ਗਿਣਤੀ ਬਾਰੇ ਸਾਹਮਣੇ ਆਇਆ ਜੋ ਕਿ  ਚਿੰਤਾ ਦਾ ਵਿਸ਼ਾ ਹੈ ਅਤੇ ਜਿਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿਚ ਵੱਖ-ਵੱਖ ਵਿਭਾਗਾਂ ਵਿਚ ਚੱਲ ਰਹੇ ਕੋਰਸਾਂ ਨੂੰ ਸੁਚਾਰੂ ਰੂਪ ਵਿਚ ਚਲਾਇਆ ਜਾ ਸਕੇ।     

Leave a Reply

Your email address will not be published. Required fields are marked *