ਪੰਜਾਬਪਟਿਆਲਾ

ਬੁੱਧੂ ਦੇ ਦੋਸ਼ਾਂ ਕਾਰਨ ਕਾਂਗਰਸ ਨੂੰ ਸਹਿਣੀ ਪਈ ਨਮੋਸ਼ੀ, ਭੜਕੇ ਕਾਂਗਰਸੀ

ਕੌਂਸਲਰ ਬੁੱਧੂ ਵਿਰੋਧੀ ਦੇ ਹੱਥਾਂ ’ਚ ਖੇਡ ਰਹੇ : ਕੇ.ਕੇ. ਮਲਹੋਤਰਾ

ਪਟਿਆਲਾ 3 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਨੂੰ ਕਾਂਗਰਸੀ ਕੌਂਸਲਰ ਅਤੇ ਪਨਸਪ ਦੇ ਵਾਈਸ ਚੇਅਰਮੈਨ ਸਤਿਕਾਰਯੋਗ ਕਿ੍ਰਸ਼ਨ ਚੰਦ ਬੁੱਧੂ ਦੇ ਉਸ ਬਿਆਨ ਨਾਲ ਨਮੋਸ਼ੀ ਹੋਈ, ਜਿਸ ਵਿਚ ਉਨ੍ਹਾਂ ਕਾਂਗਰਸ ਪਾਰਟੀ ਵਿਚ ਹੁੰਦੇ ਹੋਏ ਪਟਿਆਲਾ ਤੋਂ ਚਾਰ ਵਾਰ ਜਿੱਤ ਕੇ ਐਮ. ਪੀ. ਬਣੇ ਮਹਾਰਾਣੀ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਬਾਰੇ ਬੇਤੁਕੀ ਅਤੇ ਘਟੀਆ ਕਿਸਮ ਦੀ ਬਿਆਨਬਾਜ਼ੀ ਕੀਤੀ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਕਾਂਗਰਸ ਪ੍ਰਧਾਨ ਕੇ. ਕੇ. ਮਲਹੋਤਰਾ ਨੇ ਕਿਹਾ ਕਿ ਸ਼੍ਰੀ ਬੁੱਧੂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਤੋਂ ਮਹਾਰਾਜਾ ਕੈ. ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੀ ਵਾਗਡੌਰ ਸੰਭਾਲੀ ਹੈ, ਉਸ ਤੋਂ ਬਾਅਦ ਪੰਜਾਬ ਅਤੇ ਖਾਸ ਕਰਕੇ ਜ਼ਿਲਾ ਪਟਿਆਲਾ ਵਿਚ ਕਾਂਗਰਸ ਪਾਰਟੀ ਬੇਹੱਦ ਮਜਬੂਤ ਹੋਈ ਹੈ। ਆਲ ਇੰਡੀਆ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੇ 1998 ਵਿਚ ਕੈ. ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲੀ ਸੀ। ਉਸ ਤੋਂ ਬਾਅਦ 1999 ਦੀਆਂ ਪਾਰਲੀਮੈਂਟ ਚੋਣਾਂ ਵਿਚ ਪੰਜਾਬ ਵਿਚ ਪਾਰਟੀ ਨੂੰ ਵੱਡੀ ਸਫਲਤਾ ਮਿਲੀ ਸੀ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਸੁਰਜੀਤ ਸਿੰਘ ਰੱਖੜਾ ਨੂੰ ਲਗਭਗ ਇਕ ਲੱਖ ਵੋਟਾਂ ਨਾਲ ਹਰਾਇਆ ਸੀ। 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਗਈਆਂ, ਜਿਸ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ। ਇਸ ਤੋਂ ਬਾਅਦ 2004 ਦੀਆਂ ਲੋਕ ਸਭਾ ਚੋਣਾਂ ਵਿਚ ਮਹਾਰਾਣੀ ਪ੍ਰਨੀਤ ਕੌਰ ਫਿਰ ਤੋਂ ਚੋਣ ਜਿੱਤ ਕੇ ਐਮ. ਪੀ. ਬਣੇ।
2007 ਵਿਚ ਬੇਸ਼ੱਕ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਬਣੀ ਪਰ ਪਹਿਲੀ ਵਾਰ ਕਾਂਗਰਸ 45 ਤੋਂ ਵੱਧ ਸੀਟਾਂ ਜਿੱਤ ਕੇ ਵਿਰੋਧੀ ਧਿਰ ਵਿਚ ਬੈਠੀ। 2009 ਦੀਆਂ ਪਾਰਲੀਮੈਂਟ ਚੋਣਾਂ ਵਿਚ ਫਿਰ ਮਹਾਰਾਣੀ ਪ੍ਰਨੀਤ ਕੌਰ ਨੇ ਅਕਾਲੀ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਵੀ ਵੱਡੇ ਮਾਰਜਨ ਨਾਲ ਚੋਣ ਜਿੱਤ ਕੇ ਜਿੱਤ ਦੀ ਹੈਟਿ੍ਰਕ ਮਾਰੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਤੋਂ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਬਣੀ ਅਤੇ 2019 ਦੀਆਂ ਪਾਰਲੀਮੈਂਟ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਡੇਢ ਲੱਖ ਤੋਂ ਵੱਧ ਵੋਟਾਂ ਨਾਲ ਚੋਣ ਜਿੱਤਣ ਵਿਚ ਸਫਲ ਰਹੇ। ਉਨ੍ਹਾਂ ਕਿਹਾ ਕਿ ਜੋ ਮਹਾਰਾਣੀ ਪ੍ਰਨੀਤ ਕੌਰ ਚਾਰ ਵਾਰ ਐਮ. ਪੀ. ਬਣੇ ਹਨ, ਉਨ੍ਹਾਂ ਬਾਰੇ ਕੋਈ ਵੀ ਟਕਸਾਲੀ ਕਾਂਗਰਸੀ ਜਾਂ ਕਾਂਗਰਸ ਪਾਰਟੀ ਦਾ ਵਰਕਰ ਅਜਿਹੀ ਬਿਆਨਬਾਜ਼ੀ ਨਹੀਂ ਕਰ ਸਕਦਾ। ਬੁੱਧੂ ਕਈ ਵਾਰ ਬਾਗੀ ਹੋ ਕੇ ਵੀ ਪਾਰਟੀ ਦੀ ਚੋਣ ਲੜੇ। ਅਕਾਲੀ ਦਲ ਦਾ ਸਮਰਥਨ ਲੈ ਕੇ ਵੀ ਐਮ. ਸੀ. ਬਣੇ ਪਰ ਪਾਰਟੀ ਨੇ ਫਿਰ ਵੀ ਉਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਅਤੇ 2017 ਦੀਆਂ ਨਗਰ ਨਿਗਮ ਚੋਣਾਂ ਵਿਚ ਬੁੱਧੂ ਨੂੰ ਟਿਕਟ ਦਿੱਤੀ, ਐਮ. ਸੀ. ਬਣਾਇਆ, ਉਸ ਤੋਂ ਬਾਅਦ ਬੁੱਧੂ ਨੂੰ ਪਨਸਪ ਦਾ ਵਾਈਸ ਚੇਅਰਮੈਨ ਲਾਇਆ।
ਬੁੱਧੂ ਦੀ ਬਿਆਨਬਾਜ਼ੀ ਤੋਂ ਲੱਗਦਾ ਹੈ ਜਿਵੇਂ ਉਹ ਵਿਰੋਧੀ ਪਾਰਟੀ ਦੇ ਹੱਥਾਂ ਵਿਚ ਚੱਲ ਰਹੇ ਹੋਣ। ਪਟਿਆਲਾ ਦੇ ਲੋਕ ਪੜ੍ਹੇ ਲਿਖੇ ਹਨ। ਸਭ ਜਾਣਦੇ ਹਨ ਕਿ ਆਖਰ ਇਸ ਸਮੇਂ ਬਿਆਨਬਾਜ਼ੀ ਕਰਨ ਦਾ ਅਰਥ ਕੀ ਹੈ? ਇਹ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਹੈ, ਜੇਕਰ ਸਤਿਕਾਰਯੋਗ ਬੁੱਧੂ ਨੂੰ ਕੋਈ ਸਮੱਸਿਆ ਹੈ ਤਾਂ ਉਹ ਪਾਰਟੀ ਪਲੇਟਫਾਰਮ ’ਤੇ ਮੁੱਖ ਮੰਤਰੀ ਸਾਹਿਬ, ਮਹਾਰਾਣੀ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ, ਜ਼ਿਲਾ ਕਾਂਗਰਸ ਕਮੇਟੀ ਜਾਂ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਆਪਣੀ ਸਮੱਸਿਆ ਦੱਸ ਸਕਦੇ ਹਨ। ਪ੍ਰੈਸ ਵਿਚ ਬਿਆਨ ਦੇ ਕੇ ਉਹ ਕੀ ਕਹਿਣਾ ਚਾਹੁੰਦੇ ਹਨ। ਇਕ ਪਾਸੇ ਸ਼੍ਰੀ ਬੁੱਧੂ ਆਪਣੇ ਆਪ ਨੂੰ 56 ਸਾਲ ਪੁਰਾਣਾ ਟਕਸਾਲੀ ਕਾਂਗਰਸੀ ਕਹਿੰਦੇ ਹਨ ਅਤੇ ਦੂਜੇ ਪਾਸੇ ਉਹ ਕਾਂਗਰਸ ਵਿਚ ਰਹਿ ਕੇ ਹੀ ਕਾਂਗਰਸ ਦਾ ਨੁਕਸਾਨ ਕਰਨ ਵਾਲੇ ਬਿਆਨ ਦੇ ਰਹੇ ਹਨ ਜੋ ਕਿ ਸਮਝ ਤੋਂ ਪਰੇ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਅਤੇ ਮਹਾਰਾਜਾ ਸਾਹਿਬ ਤੇ ਮਹਾਰਾਣੀ ਸਾਹਿਬ ਦੇ ਨਾਲ ਹਨ। 1998 ਤੋਂ ਬਾਅਦ ਜ਼ਿਲਾ ਪਟਿਆਲਾ ਵਿਚ ਅਕਾਲੀ ਦਲ, ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਪੈਰ ਨਹੀਂ ਲੱਗੇ ਇਹ ਸਿਰਫ ਤੇ ਸਿਰਫ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਕਾਰਨ ਹੈ। ਮਲਹੋਤਰਾ ਨੇ ਕਿਹਾ ਕਿ ਉਹ ਬਤੌਰ ਜ਼ਿਲਾ ਪ੍ਰਧਾਨ ਕਿ੍ਰਸ਼ਨ ਚੰਦ ਬੁੱਧੂ ਨੂੰ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਪਾਰਟੀ ਨੂੰ ਆਪਣੀ ਗੱਲ ਦੱਸਣ, ਉਸ ਦਾ ਹੱਲ ਕੀਤਾ ਜਾਵੇਗਾ ਪਰ ਆਪਣੀ ਲੀਡਰਸ਼ਿਪ ਦੇ ਖਿਲਾਫ ਅਜਿਹੀ ਬਿਆਨਬਾਜ਼ੀ ਕਰਨ ਤੋਂ ਗੁਰੇਜ ਕਰਨ।    

Leave a Reply

Your email address will not be published. Required fields are marked *