ਸੁਵਿਧਾ ਸੈਂਟਰਾਂ ’ਚ ਲੋਕਾਂ ਦੀ ਖੱਜਲ ਖੁਆਰੀ ਕਰਕੇ ਏਜੰਟਾ ਕੋਲ ਜਾਣ ਲਈ ਕੀਤਾ ਜਾ ਰਿਹੈ ਮਜਬੂਰ
ਲੋੜੀਦੇਂ ਕਾਗਜਾਤ ਨੱਥੀ ਹੋਣ ਦੇ ਬਾਵਜੂਦ ਵੀ ਲੱਗ ਰਹੇ ਇਤਰਾਜ
ਵਾਰ-ਵਾਰ ਇਤਰਾਜ ਲਗਾ ਕਿ ਵਾਪਿਸ ਮੋੜੀਆਂ ਜਾ ਰਹੀਆਂ ਫਾਇਲਾਂ
ਪਟਿਆਲਾ, 3 ਅਗਸਤ (ਰਮਨਦੀਪ/ਮਧੂਸਾਰ ਬਿਊਰੋ) : ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸੁਵਿਧਾ ਸੈਂਟਰਾਂ ਵਿਚ ਲੋਕਾਂ ਦੀ ਖੱਜਲ ਖੁਆਰੀ ਕਿਸ ਕਦਰ ਹੋ ਰਹੀ ਹੈ, ਇਸ ਸਬੰਧੀ ਕਈ ਤੱਥ ਸਾਹਮਣੇ ਆਏ ਹਨ। ਸਰਕਾਰ ਨੇ ਜਿਥੇ ਲੋਕਾਂ ਨੂੰ ਏਜੰਟਾਂ ਦੇ ਝੰਜਟ ਚੋਂ ਕੱਢਣ ਲਈ ਇਹ ਉਪਰਾਲੇ ਕੀਤੇ ਸਨ, ਪਰ ਹੁਣ ਸੁਵਿਧਾ ਸੇਂਟਰਾਂ ਵਿਚ ਲੋਕਾਂ ਨੂੰ ਖੱਜਲ ਖੁਆਰ ਕਰਕੇ ਮੁੜ ਏਜੰਟਾਂ ਦੇ ਚੱਕਰਾਂ ਵਿਚ ਪਾਉਣ ਅਤੇ ਏਜੰਟਾ ਨੂੰ ਪਿਛਲੇ ਦਰਵਾਜੇ ਰਾਹੀਂ ਦਾਖਲ ਹੋਣ ਦੇ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸਾਰਾ ਲੋਕਾਂ ਦੀਆਂ ਫਾਇਲਾਂ ਤੇ ਬੇਤੁਕੇ ਅਤੇ ਵਾਰ ਵਾਰ ਇਤਰਾਜ ਲਗਾ ਕੇ ਕੀਤਾ ਜਾ ਰਿਹਾ ਹੈ। ਅਜਿਹਾ ਇਕ ਮਾਮਲਾ ਨਹੀਂ ਅਣਗਿਣਤ ਮਾਮਲੇ ਹਨ, ਪਰ ਲੋਕ ਵਾਰ ਵਾਰ ਆ ਕੇ ਆਪਣੇ ਇਤਰਾਜ ਦੂਰ ਕਰਦੇ ਹਨ ਜਾਂ ੲੰਜਟਾ ਦੇ ਕੋਲ ਜਾ ਕੇ ਉਨਾ ਤੋਂ ਪਿਛਲੇ ਦਰਵਾਜੇ ਰਾਹੀਂ ਕੰਮ ਕਰਵਾਊਦੇ ਹਨ, ਪਰ ਕੁਝ ਬੋਲਦੇ ਤੱਕ ਨਹੀਂ। ਇਸ ਸਬੰਧੀ ਮੀਡੀਆ ਟੀਮ ਨੇ ਖੁਦ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ। ਇਸ ਸਬੰਧੀ ਇਹ ਖੁਲਾਸਾ ਹੋਇਆ ਕਿ ਕਾਗਜਾਤ ਫਾਇਲ ਦੇ ਨਾਲ ਲੱਗਿਆ ਹੋਣ ਦੇ ਬਾਵਜੂਦ ਵੀ ਤਹਿਸੀਲਦਾਰ ਦਫਤਰ ਵੱਲੋਂ ਵਾਰ ਵਾਰ ਇਤਰਾਜ ਲਗਾਏ ਜਾਦੇ ਹਨ ਅਤੇ ਲੋਕਾ ਨੂੰ ਪ੍ਰੇਸਾਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਇਕ ਇਤਰਾਜ ਲੱਗੀ ਫਾਇਲ ਦੀ ਘੋਖ ਕੀਤੀ ਤਾਂ ਪਤਾ ਲੱਗਿਆ ਕਿ ਉਸ ਵਿਅਕਤੀ ਨੇ 23 ਜੁਲਾਈ ਨੂੰ ਆਪਣੇ ਨਾਬਾਲਗ ਬੱਚੇ ਦੇ ਨਾਮ ਤੇ ਜਾਤੀ ਸਰਟੀਫਿਕੇਟ ਬਣਾਊਣ ਲਈ ਫਾਇਲ ਜਮਾ ਕਰਵਾਈ ਸੀ। ਸਾਰੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ ਸਨ। ਅਗਲੇ ਦਿਨ ਫਾਇਲ ਤੇ ਇਕ ਬੇਤੁਕਾ ਇਤਰਾਜ ਲਗਾ ਦਿੱਤਾ ਜਾਂਦਾ ਹੈ ਕਿ ਕੌਸਲਰ ਕੋਲੋ ਪਿਤਾ ਦੇ ਨਾਮ ਦੀ ਥਾਂ ਤੇ ਬੱਚੇ ਦੇ ਨਾਮ ਦੀ ਰਿਪੋਰਟ ਕਰਵਾ ਕਿ ਭੇਜੀ ਜਾਵੇ। ਜਦੋਂ ਇਹ ਇਤਰਾਜ ਕਲੀਅਰ ਕਰਕੇ ਫਾਇਲ ਜਮਾਂ ਕਰਵਾ ਦਿੱਤੀ ਜਾਂਦੀ ਹੈ ਤਾਂ ਅਗਲੇ ਦਿਨ ਫਿਰ ਇਤਰਾਜ ਲਗਾ ਦਿੱਤਾ ਜਾਂਦਾ ਹੈ ਕਿ ਪਿਤਾ ਦਾ ਸਰਟੀਫਿਕੇਟ ਕੱਟ ਦਿੱਤਾ ਹੈ, ਉਸ ਨੂੰ ਦੁਬਾਰਾ ਸਕੈਨ
ਕਰਕੇ ਭੇਜਿਆ ਜਾਵੇ। ਜਦੋਂ ਕਿ ਸਰਟੀਫਿਕੇਟ ਫਾਇਲ ਦੇ ਨਾਲ ਨੱਥੀ ਸੀ। ਇਥੇ ਪਹਿਲਾ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਬੱਚੇ ਦਾ ਸਰਟੀਫਿਕੇਟ ਪਿਤਾ ਦੇ ਕਾਗਜਾਤਾਂ ਦੇ ਆਧਾਰ ਤੇ ਬਣਨਾ ਹੈ, ਸਾਰੇ ਕਾਗਜਾਤ ਤੇ ਪਟਵਾਰੀ ਸਮਤੇ ਕੌਸਲਰ ਦੀ ਰਿਪੋਰਟ ਪਿਤਾ ਦੇ ਨਾਮ ਤੇ ਹੋਣੀ ਹੈ, ਪਰ ਫਿਰ ਵੀ ਕੌਸਲਰ ਤੋਂ ਰਿਪੋਰਟ ਮੁੜ ਕਰਵਾ ਦਿੱਤੀ ਗਈ। ਦੂਜਾ ਸਵਾਲ ਕਿ ਜੇਕਰ ਪਿਤਾ ਦਾ ਜਾਤੀ ਸਰਟੀਫਿਕੇਟ ਨਾਲ ਨੱਥੀ ਨਹੀ ਹੈ ਤਾਂ ਫਾਇਲ ਜਮਾਂ ਕਿਉਂ ਕੀਤੀ ਅਤੇ ਪਹਿਲੇ ਇਤਰਾਜ ਨਾਲ ਦੂਜਾ ਕਿਉਂ ਨਹੀਂ ਲਗਾਇਆ। ਇਥੋਂ ਇਹ ਸਾਹਮਣੇ ਆ ਰਿਹਾ ਹੈ ਕਿ ਲੋਕਾ ਨੂੰ ਬੇਵਜਾ ਪ੍ਰੇਸ਼ਾਨ ਕਰਕੇ ਏਜੰਟਾ ਦੇ ਚੱਕਰਾਂ ਵਿਚ ਪਾਇਆ ਜਾ ਰਿਹਾ ਹੈ।
ਗਲਤੀ ਸਾਡੀ ਨਹੀਂ, ਵਿਭਾਗ ਦੀ ਹੈ-ਏਡੀਅੇਮ
ਇਸ ਸਬੰਧੀ ਸੁਵਿਧਾ ਸੈਂਟਰ ਦੇ ਏਡੀਐਮ ਗੁਰਵਿੰਦਰ ਸਿੰਘ ਨੇ ਕਿਹਾ ਅਸੀਂ ਹਰ ਵਿਅਕਤੀ ਦੀ ਫਾਇਲ ਨਾਲ ਨੱਥੀ ਸਾਰੇ ਕਾਗਜਾਤ ਉਸੀ ਸਮੇਂ ਸਕੈਨ ਕਰਕੇ ਭੇਜ ਦਿੰਦੇ ਹਾਂ, ਪਰ ਅੱਗੇ ਸਬੰਧਿਤ ਵਿਭਾਗ ਦੇ ਮੁਲਾਜਮ ਅਧਿਕਾਰੀ ਚੰਗੀ ਤਰਾਂ ਚੈਕ ਨਹੀਂ ਕਰਦੇ, ਜਿਸ ਕਰਕੇ ਅਜਿਹਾ ਹੁੰਦਾ ਹੈ। ਉਨਾ ਇਹ ਵੀ ਕਿਹਾ ਕਿ ਸਭ ਤੋਂ ਵੱਧ ਇਤਰਾਜ ਪਟਿਆਲਾ ਤਹਿਸੀਲ ਇਲਾਕੇ ਵਿਚ ਹੀ ਲੱਗ ਰਹੇ ਹਨ।
ਸਬੰਧਿਤ ਮੁਲਾਜਮ ਤੇ ਹੋਏਗੀ ਕਾਰਵਾਈ- ਪੂਜਾ ਸਿਆਲ
ਇਸ ਸਬੰਧੀ ਏਡੀਸੀ ਪੂਜਾ ਸਿਆਲ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਬੰਧਿਤ ਮੁਲਾਜਮਾਂ ਨੂੰ ਨਿਰਦੇਸ ਦਿੱਤੇ ਹਨ ਕਿ ਲੋਕਾਂ ਨੂੰ ਸਹੀ ਸਮੇਂ ਤੇ ਕੰਮ ਦਿੱਤਾ ਜਾਵੇ ਅਤੇ ਬੇਵਜਾ ਇਤਰਾਜ ਨਾ ਲਾਏ ਜਾਣ। ਇਸ ਦੇ ਬਾਵਜੂਦ ਜੇਕਰ ਫਿਰ ਵੀ ਅਜਿਹਾ ਹੋ ਰਿਹਾ ਹੈ ਤਾਂ ਸਬੰਧਿਤ ਮੁਲਾਜਮ ਤੇ ਸਖਤ ਕਾਰਵਾਈ ਅਮਲ ਵਿਚ ਲਿਆਦੀਂ ਜਾਏਗੀ।

