ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਮਿਲਾਵਟ ਖੋਰਾਂ ਖਿਲਾਫ ਕੀਤਾ ਪ੍ਰਦਰਸ਼ਨ
ਮਿਲਾਵਟ ਖੋਰੀ ਦੀ ਰੋਕਥਾਮ ਲਈ ਵਿਸ਼ੇਸ਼ ਟੀਮਾਂ ਬਣਾਏ ਕੈਪਟਨ ਸਰਕਾਰ—ਕਾਕਾ
ਪਟਿਆਲਾ, 27 ਅਗਸਤ::(ਰਮਨਦੀਪ/ਮਧੂਸਾਰ ਬਿਊਰੋ) ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ ਵਿਚੋਂ ਮਿਲਾਵਟ ਤੋਂ ਮੁਕੰਮਲ ਛੁਟਕਾਰਾ ਦਿਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਇਸ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਿਲਾਵਟ ਖੋਰਾਂ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੋਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟ ਖੋਰੀ ਨੂੰ ਪੰਜਾਬ ਪੱਧਰ ਤੇ ਵੱਡੀ ਤੇ ਗੰਭੀਰ ਸਮੱਸਿਆ ਦੱਸਦਿਆਂ ਕਿਹਾ ਕਿ ਮਿਲਾਵਟ ਖੋਰੀ ਦਾ ਮਹਾਂਜਾਲ ਘੱਟ ਹੋਣ ਦੀ ਥਾਂ ਫੈਲਦਾ ਹੀ ਜਾ ਰਿਹਾ ਹੈ। ਮਿਲਾਵਟ ਖੋਰ ਖਾਣ ਪੀਣ ਵਾਲੇ ਮਿਲਾਵਟੀ ਪਦਾਰਥ ਖੁਆ ਕੈਂਸਰ ਵਰਗੀਆਂ ਭਿਆਨਕ ਜਾਨਲੇਵਾ ਬਿਮਾਰੀਆਂ ਦੀਆਂ ਸਮੱਸਿਆਵਾਂ ਲੋਕਾਂ ਲਈ ਖੜੀਆਂ ਕਰ ਰਹੇ ਹਨ।
ਮਿਲਾਵਟ ਖੋਰ ਪੰਜਾਬ ਦੇ ਦੁਸ਼ਮਣ ਤੇ ਪਾਪੀ ਮਹਾਂ ਗੁਨਾਹਗਾਰ ਹਨ ਜਿਹੜੇ ਤੰਦਰੁਸਤ ਪੰਜਾਬ ਦੀ ਸਿਰਜਣਾ ਵਿੱਚ ਇੱਕ ਦੀਵਾਰ ਬਣ ਕੇ ਖੜੇ ਹਨ ਜਿਨ੍ਹਾਂ ਤੇ ਨਕੇਲ ਕੱਸਣਾ ਪੰਜਾਬ ਨੂੰ ਰੋਗ ਮੁਕਤ ਬਣਾਉਣਾ ਹੋਵੇਗਾ। ਮਿਲਾਵਟ ਖੋਰੀ ਦੀ ਰੋਕਥਾਮ ਲਈ ਉਸ ਤੇ ਅਮਲ ਸਬੰਧੀ ਜੇਕਰ ਗੰਭੀਰਤਾ ਦਿਖਾਈ ਹੁੰਦੀ ਤਾਂ ਮਿਲਾਵਟ ਖੋਰਾਂ ਦੇ ਹੋਂਸਲੇ ਕਦੇ ਬੁਲੰਦ ਨਾ ਹੁੰਦੇ। ਅੱਜ ਮਿਲਾਵਟ ਖੋਰਾਂ ਨੂੰ ਲੋਕਾਂ ਦੀ ਸਿਹਤ ਤੇ ਨੁਕਸਾਨ ਅਤੇ ਕਾਨੂੰਨ ਦੀ ਕੋਈ ਪਰਵਾਹ ਨਹੀਂ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਦੋਰਾਨ ਅਨੇਕਾਂ ਮਾਮਲੇ ਮਿਲਾਵਟ ਖੋਰੀ ਦੇ ਸਾਹਮਣੇ ਆਉਂਦੇ ਹਨ ਪਰ ਇਸ ਸਮੱਸਿਆ ਦਾ ਕੋਈ ਠੋਸ ਹਲ ਨਹੀਂ ਨਿਕਲਦਾ। ਇਸ ਲਈ ਕੈਪਟਨ ਸਰਕਾਰ ਨੂੰ ਮਿਲਾਵਟ ਖੋਰੀ ਦੀ ਰੋਕਥਾਮ ਲਈ ਵਿਸ਼ੇਸ਼ ਟੀਮਾਂ ਬਣਾਉਣ ਦੀ ਲੋੜ ਹੈ। ਇਹ ਟੀਮਾਂ ਰੋਜਾਨਾ ਚੈਕਿੰਗ ਕਰਨ ਤੇ ਇੱਕ ਇਹੋ ਜਿਹਾ ਕਾਨੂੰਨ ਹੋਵੇ ਜਿਸ ਵਿੱਚ ਜਾਂਚ ਅਧਿਕਾਰੀ ਤੇ ਵਿਭਾਗ ਦੀ ਜਵਾਬਦੇਹੀ ਹੋਵੇ। ਮਿਲਾਵਟ ਖੋਰਾਂ ਤੇ ਤੁਰੰਤ ਮੁਕੱਦਮਾ ਦਰਜ ਹੋਵੇ, ਮਿਲਾਵਟ ਖੋਰਾਂ ਨੂੰ ਸਖਤ ਸਜਾ ਮਿਲੇ ਤਾਂ ਜੋ ਮਿਲਾਵਟ ਖੋਰੀ ਤੇ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ। ਮਿਲਾਵਟ ਖੋਰੀ ਨੂੰ ਕਤਲ ਦੇ ਬਰਾਬਰ ਗੁਨਾਹ ਮੰਨਿਆ ਜਾਵੇ। ਮਿਲਾਵਟ ਖੋਰੀ ਦੀ ਸਮੱਸਿਆ ਛੋਟੀ ਨਹੀਂ ਸਗੋਂ ਪੰਜਾਬ ਵਿੱਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਮਿਲਾਵਟ ਖੋਰੀ ਦਾ ਮਕੜਜਾਲ ਪੰਜਾਬ ਭਰ ਵਿੱਚ ਫੈਲਣ ਦਾ ਕਾਰਨ ਹੀ ਸਖਤੀ ਨਾਲ ਠੋਸ ਕਦਮ ਨਾ ਚੁੱਕਣਾ ਹੈ। ਇਸ ਮੋਕੇ ਰਾਜ ਕੁਮਾਰ, ਬਲਜਿੰਦਰ ਸਿੰਘ, ਸੰਦੀਪ ਸਿੰਘ, ਹੁਕਮ ਚੰਦ, ਪ੍ਰਿੰਸ ਸਿੰਗਲਾ, ਜਗਤਾਰ ਸਿੰਘ, ਕਿਸ਼ਨ ਭਗਤ, ਜੰਗ ਖਾਨ, ਸੋਦਾਗਰ ਖਾਨ, ਹਰਮੇਸ਼ ਸਿੰਘ, ਜੱਸੀ ਸਿੰਘ, ਕਾਲਾ ਖਾਨ, ਮਦਨ ਕੁਮਾਰ, ਸਵਰਨਜੀਤ, ਲਾਲ ਖਾਨ, ਗੁਰਜੀਤ ਸਿੰਘ ਆਦਿ ਹਾਜਰ ਸਨ।

