ਬੀਬੀ ਚਹਿਲ ਦੀ ਅਗਵਾਈ ਚ ਔਰਤਾਂ ਦਾ ਜਥਾ ਚੰਡੀਗਡ਼੍ਹ ਧਰਨੇ ਲਈ ਰਵਾਨਾ
ਪਟਿਆਲਾ 29 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਦੇਸ਼ ਭਰ ਅਤੇ ਪੰਜਾਬ ਵਿੱਚ ਔਰਤਾਂ ਤੇ ਹੋ ਰਹੇ ਹਮਲਿਆਂ ਅਤੇ ਜਬਰ ਜ਼ੁਲਮ ਦੀਆਂ ਘਟਨਾਵਾਂ ਖ਼ਿਲਾਫ਼ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਮਹਿਲਾ ਵਿੰਗ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਚੰਡੀਗਡ਼੍ਹ ਸਥਿਤ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਧਰਨੇ ਪ੍ਰਦਰਸ਼ਨ ਵਿੱਚ ‘ਆਪ’ ਦੇ ਜ਼ਿਲ੍ਹਾ ਮਹਿਲਾ ਵਿੰਗ ਪਟਿਆਲਾ ਦੀ ਪ੍ਰਧਾਨ ਬੀਬੀ ਵੀਰਪਾਲ ਕੌਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਮਹਿਲਾਵਾਂ ਦਾ ਜਥਾ ਸ਼ਾਮਿਲ ਹੋਇਆ, ਜਿਸ ਨੂੰ ਜ਼ਿਲ੍ਹਾ ਪ੍ਰਧਾਨ ਬੀਬੀ ਵੀਰਪਾਲ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਗੱਲਬਾਤ ਦੌਰਾਨ ਬੀਬੀ ਵੀਰਪਾਲ ਕੌਰ ਚਹਿਲ ਨੇ ਦੱਸਿਆ ਕਿ ਦੇਸ਼ ਵਿੱਚ 50 ਫ਼ੀਸਦੀ ਵੋਟ ਬੈਂਕ ਮਹਿਲਾਵਾਂ ਦਾ ਹੈ ਪ੍ਰੰਤੂ ਫਿਰ ਵੀ ਪਤਾ ਨਹੀਂ ਕਿਉਂ ਜਿਸ ਦਿਨ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਹੈ ਅੱਜ ਤਕ ਸਾਡੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਮਹਿਲਾਵਾਂ ਨਾਲ ਪੱਖਪਾਤ ਕਰਨ ਦੇ ਨਾਲ ਨਾਲ ਉਨ੍ਹਾਂ ਤੇ ਬਹੁਤ ਅੱਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਦੇ ਦੇ ਗੁੰਡਾ ਅਨਸਰਾਂ ਵੱਲੋਂ ਔਰਤਾਂ ਤੇ ਹਮਲੇ ਅਤੇ ਬਦਸਲੂਕੀ ਦੀਆਂ ਘਟਨਾਵਾਂ ਭਾਜਪਾ ਆਗੂਆਂ ਦੀ ਔਰਤ ਵਿਰੋਧੀ ਮਾਨਸਿਕਤਾ ਨੂੰ ਪੇਸ਼ ਕਰਦੀਆਂ ਹਨ। ਇਸੇ ਤਰ੍ਹਾਂ ਸੂਬਾ ਸਰਕਾਰ ਵੀ ਹੱਕ ਮੰਗਦੀਆਂ ਮਹਿਲਾ ਮੁਲਾਜ਼ਮਾਂ ਅਤੇ ਬੇਰੁਜ਼ਗਾਰ ਮਹਿਲਾਵਾਂ ਤੇ ਲਾਠੀਚਾਰਜ ਵਰਗੀਆਂ ਨਿੰਦਣਯੋਗ ਕਾਰਵਾਈਆਂ ਕਰਕੇ ਔਰਤ ਵਿਰੋਧੀ ਹੋਣ ਦਾ ਪ੍ਰਮਾਣ ਦੇ ਰਹੀ ਹੈ। ਜਿਸ ਖ਼ਿਲਾਫ਼ ਮਹਿਲਾ ਸਮਾਜ ਨੂੰ ਇਕਜੁੱਟ ਹੋ ਕੇ ਸੰਘਰਸ਼ ਵਿੱਢਣ ਦੀ ਸਖ਼ਤ ਲੋੜ ਹੈ। ਇਸ ਮੌਕੇ ਸਿਮਰਨਜੀਤ ਕੌਰ ਢਿੱਲੋਂ, ਸਵਿੰਦਰ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ ਚਹਿਲ, ਗੁਰਦੀਪ ਕੌਰ, ਸੁਨੈਨਾ, ਸ਼ਸ਼ੀ ਬਾਲਾ, ਨੀਤੂ, ਇੰਦੂ, ਸੋਭਾ, ਸੋਨੀਆ, ਬਲਜੀਤ ਕੌਰ ਤੇ ਭਗਵੰਤ ਕੌਰ ਸੇਹਰਾ ਸਮੇਤ ਹੋਰ ਵੀ ਹਾਜ਼ਰ ਸਨ।

