ਸਿੱਖਿਆ ਪ੍ਰੋਵਾਈਡਰਾਂ ਵੱਲੋਂ ਨਵਜੋਤ ਸਿੱਧੂ ਦੀ ਕੋਠੀ ਦਾ ਘਿਰਾਓ
ਅਧਿਆਪਕਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜੀ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਕਈ ਦਿਨਾਂ ਤੋਂ ਸ਼ਾਹੀ ਸ਼ਹਿਰ ਵਿਚ ਡੇਰਾ ਜਮਾਈ ਬੈਠੇ ਸਿੱਖਿਆ ਪ੍ਰੋਵਾਈਡਰਾਂ ਨੇ ਅੱਜ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿਧੂ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਸਿੱਧੂ ਦੀ ਕੋਠੀ ਦਾ ਘਿਰਾਓ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਡੀ ਭਰਤੀ ਨੂੰ ਲੈ ਕੇ ਵਾਅਦਾ ਖਿਲਾਫ਼ੀ ਕੀਤੀ ਹੈ ਅਤੇ ਸਾਡੀ ਇਕ ਵੀ ਮੰਗ ਸਰਕਾਰ ਆਪਣੇ ਕਾਰਜਕਾਲ ਵਿਚ ਪੂਰਾ ਨਹੀਂ ਕਰ ਸਕੀ। ਅਧਿਆਪਕਾਂ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਟਰੇਡ ਪ੍ਰਾਇਮਰੀ ਟੀਚਰ ਤਹਿਤ ਸਾਡੀ ਭਰਤੀ ਕੀਤੀ ਸੀ ਅਤੇ ਸਾਨੂੰ ਐਮਐਚਆਰਡੀ ਤੋਂ ਟੈਂਟ ਦੀ ਛੋਟ ਦਿੱਤੀ, ਜਿਸ ਕਰਕੇ 2016 ਵਿਚ ਸਾਨੂੰ ਟੈਂਟ ਤੋਂ ਛੋਟ ਮਿਲੀ ਸੀ। ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕ ਐਨਸੀਈਆਰਟੀ ਦੀਆਂ ਸਾਰੀਆਂ ਸ਼ਰਤਾਂ ਵਿਭਾਗੀ ਭਰਤੀ ਸਮੇਂ ਪੂਰੀਆਂ ਕੀਤੀ ਜਿਸ ਮਗਰੋਂ ਸਾਨੂੰ ਹਾਇਰ ਕੁਆਲੀਫਿਕੇਸ਼ਨ ਵਾਲਿਆਂ ਨੂੰ ਛੱਡਕੇ ਐਨਟੀਆਰ ਵਾਲਿਆਂ ਨੂੰ ਰੈਗੂਲਰ ਪੋਸਟ ਦਿੱਤੀ ਹੈ ਅਸੀਂ ਸਰਕਾਰ ਕੋਲੋਂ ਪੁੱਛਣਾ ਚਾਹੁੰਦੇ ਹਾਂ ਕਿ ਸਾਡਾ ਕਸੂਰ ਕੀ ਹੈ। ਕਸੂਰ ਇਹ ਹੈ ਕਿ ਲੋਕਾਂ ਨੂੰ ਉਤਸ਼ਾਹਤ ਕਰਕੇ ਬੱਚਿਆਂ ਦੀ ਗਿਣਤੀ ਵਧਾਈ ਹੈ? ਅਤੇ ਜਨਵਰੀ 2019 ਤੋਂ ਬਾਅਦ ਕੋਰੋਨਾ ਮਹਾਂਮਾਰੀ ਕਰਕੇ ਵਿਭਾਗ ਨਾਲ ਰਾਬਤਾ ਨਹੀਂ ਬਣਾ ਸਕੇ, ਜਿਥੇ ਕੋਰੋਨਾ ਨੇ ਸਾਡੇ ਘਰ ਦਾ ਆਰਥਿਕ ਦੀਵਾਲਾ ਕੱਢ ਛੱਡਿਆ, ਉਥੇ ਹੀ ਵਿਭਾਗ ਨੇ ਸਾਨੂੰ ਕਿਸੇ ਵੀ ਸਕੀਮ ਵਿਚ ਨਾ ਲਿਆ ਕੇ ਨਾ ਰੈਗੂਲਰ ਕਰਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਆਸ ਰੱਖਦੇ ਹਾਂ ਕਿ ਸਾਨੂੰ ਪੱਕਿਆ ਕੀਤਾ ਜਾਵੇ, ਜਦਕਿ ਮੁੱਖ ਮੰਤਰੀ ਪੰਜਾਬ ਨੇ ਮੋਹਾਲੀ ਧਰਨੇ ਦੌਰਾਨ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ ਵਿਚ ਤੁਹਾਨੂੰ ਪੱਕਿਆ ਕੀਤਾ ਜਾਵੇਗਾ ਪਰ ਅੱਜ ਤੱਕ ਸਰਕਾਰ ਸਾਡੀ ਮੰਗ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ 3807 ਲਈ ਸਰਕਾਰ ਕੋਲ ਕੀ ਪਾਲਿਸੀ ਹੈ ਅਤੇ ਸਾਡੇ ਸ਼ੰਕੇ ਖ਼ਤਮ ਕਰਕੇ ਸਾਡੇ ਰੁਜ਼ਗਾਰ ਲਈ ਬਣਾਈ ਪਾਲਿਸੀ ਬਾਰੇ ਸਰਕਾਰ ਸਥਿਤੀ ਸਪੱਸ਼ਟ ਕਰੇ।

