ਪੰਜਾਬਪਟਿਆਲਾ

ਸੀ.ਐਮ. ਸਿਟੀ ’ਚ ਨਜਾਇਜ਼ ਕਬਜ਼ੇ ਸ਼ਹਿਰ ਦੀ ਸੁੰਦਰਤਾ ’ਤੇ ਗ੍ਰਹਿਣ !

ਮੁੱਖ ਮੰਤਰੀ ਦੇ ਸ਼ਹਿਰ ’ਚ ਨਜਾਇਜ਼ ਕਬਜ਼ਿਆਂ ’ਤੇ ਵਿਵਾਦ : ਕਾਂਗਰਸੀ-ਅਕਾਲੀ ਭਿੜੇ !
ਨਜਾਇਜ਼ ਕਬਜ਼ਿਆਂ ’ਤੇ ਸਵਾਲ ਕਾਂਗਰਸੀ ਕਰਿਸ਼ਨ ਚੰਦ ਬੁੱਧੂ ਨੇ ਵੀ ਉਠਾਏ

ਪਟਿਆਲਾ 13 ਸਤੰਬਰ (ਮਧੂਸਾਰ ਬਿਊਰੋ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਸ਼ਹਿਰ ਨਜਾਇਜ਼ ਕਬਜ਼ੇ, ਸੱਟਾ ਬਜ਼ਾਰੀ, ਸ਼ਰਾਬ ਮਾਫੀਏ ਅਤੇ ਮਾਈਨਿੰਗ ਵਰਗੇ ਵਿਵਾਦ ਕਾਰਨ ਅਕਸਰ ਸੁਰਖੀਆਂ ’ਚ ਰਹਿੰਦਾ, ਪਰ ਇਸ ਵਾਰ ਸ਼ਹਿਰ ਦੇ ਸ਼ੇਰਾਂ ਵਾਲਾ ਗੇਟ ਵਿਖੇ ਯੂਥ ਕਾਂਗਰਸ ਆਗੂ ਵੱਲੋਂ ਲਗਾਏ ਜਾ ਰਹੇ ਬੂਥ ਕਾਰਨ ਨਵਾਂ ਵਿਵਾਦ ਖੜਾ ਹੋ ਗਿਆ। ਨਿਗਮ ਪ੍ਰਸ਼ਾਸਨ ਇਕ ਪਾਸੇ ਤਾਂ ਸ਼ਹਿਰ ਦੇ ਸੁੰਦਰੀਕਰਨ ਅਤੇ ਭੀੜ ਭੜੱਕੇ ਵਾਲਾ ਬਜ਼ਾਰ ਨੂੰ ਚੌੜਾ ਕਰਨ ਲਈ ਪੁੱਟ ਪਟਾਈ ’ਚ ਲੱਗਾ ਹੋਇਆ ਦੂਜੇ ਪਾਸੇ ਯੂਥ ਕਾਂਗਰਸੀ ਵੱਲੋਂ ਅਜਿਹੀਆਂ ਥਾਵਾਂ ’ਤੇ ਬੂਥ ਲਗਾਏ ਜਾ ਰਹੇ ਹਨ, ਜੋ ਸ਼ਹਿਰ ਦੀ ਸੁੰਦਰਤਾ ’ਤੇ ਗ੍ਰਹਿਣ ਲੱਗਦੇ ਵਿਖਾਈ ਦਿੰਦੇ ਰਹਿਣਗੇ।

ਅਕਸਰ ਹੀ ਇਹ ਚਰਚਾ ਰਹਿੰਦੀ ਹੈ ਕਿ ਜਦ ਵੀ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਸ਼ਹਿਰ ਵਿਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਲੱਗ ਜਾਂਦੀ ਹੈ ਇਹ ਦੋਸ਼ ਕੇਵਲ ਵਿਰੋਧੀ ਧਿਰ ਹੀ ਨਹੀਂ ਲਗਾਉਂਦੀ ਬਲਕਿ ਕਾਂਗਰਸ ਦੇ ਕੌਂਸਲਰ ਕਰਿਸ਼ਨ ਚੰਦ ਬੁੱਧੂ ਵੀ ਲਗਾਏ ਜਾ ਚੁੱਕੇ ਹਨ ਕਿ ਸ਼ਹਿਰ ਦੇ ਮੇਅਰ ਦੇ ਇਸ਼ਾਰੇ ’ਤੇ ਨਜਾਇਜ਼ ਕਬਜ਼ਿਆਂ ਦੀ ਭਰਮਾਰ ਲਗਾਤਾਰ ਵੱਧ ਰਹੀ ਹੈ। ਸ਼ੇਰਾਂ ਵਾਲਾ ਗੇਟ ਵਿਖੇ ਯੂਥ ਕਾਂਗਰਸੀ ਵੱਲੋਂ ਬੂਥ ਲਗਾਏ ਜਾਣ ’ਤੇ ਸ਼ੋ੍ਰਮਣੀ ਅਕਾਲੀ ਵੱਲੋਂ ਸਖਤ ਇਤਰਾਜ਼ ਪ੍ਰਗਟ ਕਰਦਿਆਂ ਦੋਸ਼ ਲਗਾਏ ਗਏ ਹਨ ਕਿ ਹੁਣ ਕਾਂਗਰਸੀ ਸ਼ਹਿਰ ਦੀਆਂ ਫੁੱਟਪਾਥਾਂ ’ਤੇ ਵੀ ਨਜਾਇਜ਼ ਕਬਜ਼ੇ ਕਰਨ ਲੱਗ ਪਏ ਹਨ। ਬੂਥ ਬਣਾਏ ਜਾਣ ਨੂੰ ਲੈ ਕੇ ਉਸ ਸਮੇਂ ਹੰਗਾਮਾ ਖੜਾ ਹੋ ਗਿਆ, ਜਦ ਕਾਂਗਰਸੀ ਅਤੇ ਅਕਾਲੀ ਵਰਕਰ ਆਪਸ ’ਚ ਭਿੜ ਪਏ, ਇਥੋਂ ਤੱਕ ਗਲਾਂ ਤੱਕ ਨੂੰ ਵੀ ਹੱਥ ਪਾਏ ਗਏ। ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪਾਲ ਜੁਨੇਜਾ ਨੇ ਮੌਕੇ ’ਤੇ ਪਹੁੰਚ ਕੇ ਦੋਸ਼ ਲਗਾਏ ਕਿ ਕਾਂਗਰਸ ਸ਼ਰੇਆਮ ਸ਼ਹਿਰ ਵਿਚ ਨਜਾਇਜ਼ ਕਬਜ਼ੇ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਸ਼ਹਿਰ ਵਿਚ ਪਾਰਕ ਤਾਂ ਸਥਾਪਿਤ ਨਹੀਂ ਕਰਵਾ ਸਕਿਆ, ਪਰ ਸ਼ਹਿਰ ਵਿਚ ਵਿਰਾਸਤ ਗੇਟਾਂ ਦੀ ਦਿੱਖ ਨਜਾਇਜ਼ ਕਬਜ਼ਾ ਕਰਵਾਕੇ ਵਿਗਾੜਨ ’ਤੇ ਲੱਗਿਆ ਹੋਇਆ ਹੈ।

ਹਰਪਾਲ ਜੁਨੇਜਾ ਨੇ ਕਿਹਾ ਕਿ ਵਿਕਾਸ ਦੇ ਨਾਂ ’ਤੇ ਸਾਰਾ ਸ਼ਹਿਰ ਪੁੱਟ ਕੇ ਰੱਖ ਦਿੱਤਾ ਗਿਆ, ਇਥੋਂ ਤੱਕ ਘਰਾਂ ਦੇ ਚੌਤਰੇ ਤੱਕ ਵੀ ਭੰਨ ਦਿੱਤੇ ਗਏ। ਅਕਾਲੀ ਦਲ ਦੀ ਸਰਕਾਰ ਸਮੇਂ ਬਣੀਆਂ ਪੱਕੀਆਂ ਇੰਟਰਲਾਕਿੰਗ ਸੜਕਾਂ ਨੂੰ ਵੀ ਉਖਾੜਕੇ ਕਾਂਗਰਸੀਆਂ ਨੇ ਆਪਣੀਆਂ ਜੇਬਾਂ ਭਰਨ ਲਈ ਮੁੜ ਸੜਕਾਂ ਬਣਵਾਉਣੀਆਂ ਸ਼ੁਰੂ ਕੀਤੀਆਂ। ਹਰਪਾਲ ਜੁਨੇਜਾ ਨੇ ਨਜਾਇਜ਼ ਕਬਜ਼ਿਆਂ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਮਿਾਈ ਜੀ ਦੀ ਸਰਾਂ ਦੇ ਨੇੜੇ ਸ਼ਰੇਆਮ ਜ਼ਮੀਨ ’ਤੇ ਪੰਜ ਦੁਕਾਨਾਂ ਬਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਆਉਂਦੇ ਸਾਰੇ ਹੀ ਸ਼ਹਿਰ ਵਿਚ ਨਜਾਇਜ਼ ਕਬਜ਼ੇ ਹਟਾਏ ਜਾਣਗੇ।

ਕੀ ਕਹਿਣਾ ਯੂਥ ਕਾਂਗਰਸੀ ਕਰਨ ਗੌੜ ਦਾ
ਸ਼ਹਿਰ ਵਿਚ ਬੂਥ ਲਗਾਏ ਜਾਣ ’ਤੇ ਯੂਥ ਕਾਂਗਰਸੀ ਕਰਨ ਗੌੜ ਦਾ ਕਹਿਣਾ ਹੈ ਕਿ ਨਿਗਮ ਪ੍ਰਸ਼ਾਸਨ ਦੀ ਇਜ਼ਾਜਤ ਨਾਲ ਹੀ ਇਹ ਬੂਥ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਵਿਚ ਬੂਥ ਬਣਾਏ ਜਾਣ ਨੂੰ ਲੈ ਕੇ ਮਤਾ ਪਿਆ ਸੀ, ਜਿਸ ਤਹਿਤ ਉਨ੍ਹਾਂ ਇਥੇ ਬੂਥ ਲਗਾਏ ਜਾਣ ਲਈ ਜਗਾ ਅਲਾਟ ਹੋਈ ਅਤੇ ਸ਼ੋ੍ਰਮਣੀ ਅਕਾਲੀ ਦਲ ਜਾਣ ਬੁੱਝ ਕੇ ਨਜਾਇਜ਼ ਕਬਜ਼ਾ ਆਖਕੇ ਵਿਵਾਦ ਖੜਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਜਾਇਜ਼ ਕਬਜ਼ੇ ਦੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।

Leave a Reply

Your email address will not be published. Required fields are marked *