ਅੰਤਰਰਾਸ਼ਟਰੀ ਭਾਊ ਭਾਈਚਾਰੇ ਦੇ ਯੂਥ ਵਿੰਗ ਦੇ ਪ੍ਰਧਾਨ ਮਨਪ੍ਰੀਤ ਸਿੰਘ ਸੈਫਦੀਪੁਰ ਅਕਾਲੀ ਦਲ ’ਚ ਸ਼ਾਮਲ
ਅਕਾਲੀ ਦਲ ਨੇ ਮਨਪ੍ਰੀਤ ਸੈਫਦੀਪੁਰ ਨੂੰ ਬਣਾਇਆ ਯੂਥ ਅਕਾਲੀ ਦਲ ਦਾ ਮੀਤ ਪ੍ਰਧਾਨ
ਪਟਿਆਲਾ, 15 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ):ਦੇਸ਼ ਵਿਦੇਸ਼ ਵਿਚ ਭਾਊ ਭਾਈਚਾਰੇ ਦੀ ਵੱਡੇ ਪੱਧਰ ’ਤੇ ਨੁਮਾਇੰਦਗੀ ਕਰਨ ਵਾਲੇ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਦੇ ਯੂਥ ਵਿੰਗ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਪ੍ਰੀਤ ਸਿੰਘ ਸੈਫਦੀਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪ੍ਰੋ. ਚੰਦੂਮਾਜਰਾ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਮੌਕੇ ’ਤੇ ਹੀ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ। ਮਨਪ੍ਰੀਤ ਸਿੰਘ ਸੈਫਦੀਪੁਰ ਇਕ ਨੌਜਵਾਨ ਆਗੂ ਹਨ, ਜਿਨ੍ਹਾਂ ਨੇ ਜਿਥੇ ਆਪਣੀ ਵਿਰਾਸਤ ਨੂੰ ਬਚਾਉਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ, ਉਥੇ ਸਮਾਜ ਸੇਵਾ ਦੇ ਕੰਮਾਂ ਅਤੇ ਨੌਜਵਾਨ ਹਿੱਤਾਂ ਦੀ ਰੱਖਿਆ ਵਿਚ ਉਨ੍ਹਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ।
ਮਨਪ੍ਰੀਤ ਸੈਫਦੀਪੁਰ ਨੇ ਹੁਣ ਤੱਕ ਹਜ਼ਾਰਾਂ ਹੀ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਵਿਚੋਂ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮਨਪ੍ਰੀਤ ਸੈਫਦੀਪੁਰ ਇਕ ਜੁਝਾਰੂ ਅਤੇ ਅਗਾਂਹਵਧੂ ਆਗੂ ਹੈ ਜੋ ਵਧੀਆ ਸਕੂਲਾਂ ਵਿਚ ਪੜ੍ਹ ਕੇ ਆਮ ਲੋਕਾਂ ਦੀ ਸੇਵਾ ਕਰ ਰਿਹਾ ਹੈ। ਅੰਤਰਰਾਸ਼ਟਰੀ ਭਾਊ ਭਾਈਚਾਰਾ ਦੇ ਹਿੱਤਾਂ ਦੀ ਰੱਖਿਆ ਵਿਚ ਸੈਫਦੀਪੁਰ ਨੇ ਕਾਫੀ ਅਹਿਮ ਰੋਲ ਨਿਭਾਇਆ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਵੱਡੀ ਗਿਣਤੀ ਵਿਚ ਨੌਜਵਾਨ ਅੱਜ ਮਨਪ੍ਰੀਤ ਸੈਫਦੀਪੁਰ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜਿਹੜੀ ਨੌਜਵਾਨਾਂ ਦੇ ਹਿੱਤਾਂ ’ਤੇ ਠੋਕ ਕੇ ਪਹਿਰਾ ਦਿੰਦੀ ਹੈ ਅਤੇ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਨੌਜਵਾਨਾਂ ਨੂੰ ਸੱਤਾ ਵਿਚ ਬਰਾਬਰ ਦੀ ਭਾਗੀਦਾਰ ਬਣਾਵੇਗੀ ਤਾਂ ਕਿ ਪੰਜਾਬ ਨੂੰ ਨੌਜਵਾਨਾਂ ਦੇ ਜੋਸ਼ ਤੇ ਤਜ਼ਰਬੇਕਾਰ ਆਗੂਆਂ ਦੇ ਹੋਸ਼ ਨਾਲ ਲੀਹ ’ਤੇ ਲਿਆਂਦਾ ਜਾ ਸਕੇ। ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਹ ਖੁਦ ਵੀ ਨੌਜਵਾਨ ਹਨ ਤੇ ਮਨਪ੍ਰੀਤ ਸੈਫਦੀਪੁਰ ਦੇ ਸ਼ਾਮਲ ਹੋਣ ਨਾਲ ਹਲਕਾ ਸਨੌਰ ਵਿਚ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼, ਇਥੋਂ ਤੱਕ ਕਿ ਵਿਦੇਸ਼ਾਂ ਵਿਚ ਬੈਠੇ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਦੇ ਨੌਜਵਾਨ ਆਗੂ ਅਕਾਲੀ ਦਲ ਨਾਲ ਸਿੱਧੇ ਤੌਰ ’ਤੇ ਜੁੜ ਗਏ ਹਨ। ਮਨਪ੍ਰੀਤ ਸੈਫਦੀਪੁਰ ਨੇ ਕਿਹਾ ਕਿ ਚੰਦੂਮਾਜਰਾ ਪਰਿਵਾਰ ਇਲਾਕੇ ਵਿਚ ਸ਼ੁਰੂ ਤੋਂ ਹੀ ਡਟਵੀਂ ਸੇਵਾ ਕਰਦਾ ਆ ਰਿਹਾ ਹੈ। ਇਕ ਆਮ ਕਿਸਾਨ ਪਰਿਵਾਰ ਇਸ ਤਰ੍ਹਾਂ ਨਿਸਵਾਰਥ ਹੋ ਕੇ ਜਦੋਂ ਲੋਕ ਸੇਵਾ ਕਰੇ ਤਾਂ ਫਿਰ ਦਿਲ ਕਰਦਾ ਹੈ ਕਿ ਉਨ੍ਹਾਂ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਕਿਸਾਨ ਅੰਦੋਲਨ ਦੀ ਡਟਵੀਂ ਸਪੋਟ ਕੀਤੀ ਗਈ ਅਤੇ ਕੇਂਦਰ ਸਰਕਾਰ ਨੂੰ ਹਰ ਮੌਕੇ ’ਤੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਲਈ ਦਬਾਅ ਬਣਾਇਆ ਗਿਆ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਧਾਕੜ ਆਗੂ ਬਲਵਿੰਦਰ ਸਿੰਘ ਸੈਫਦੀਪੁਰ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਕਰਤਾਰਪੁਰ, ਜਸਮੇਰ ਸਿੰਘ ਲਾਛੜੂ, ਸੁਖਜਿੰਦਰ ਸਿੰਘ ਟਾਂਡਾ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਤਨਾਮ ਸਿੰਘ ਸੱਤਾ, ਅਸ਼ਵਨੀ ਗੱਗੀ, ਕੁਲਦੀਪ ਸਿੰਘ ਹਰਪਾਲਪੁਰ, ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਸੈਫਦੀਪੁਰ, ਮਸਤਾਨ ਸਿੰਘ ਵਿਰਕ, ਭੁਪਿੰਦਰ ਸਿੰਘ ਸੈਫਦੀਪੁਰ, ਦਰਸ਼ਨ ਲਾਲ ਸ਼ਰਮਾ, ਬਲਜੀਤ ਸਿੰਘ ਖੇੜੀ, ਬਲਕਾਰ ਸਿੰਘ ਸਰਪੰਚ, ਜਤਿੰਦਰ ਸਿੰਘ ਮੁਹੱਬਤਪੁਰ, ਬਲਬੀਰ ਕੌਰ ਘੁੰਮਣ, ਮਨਜੀਤ ਸਿੰਘ, ਜੋਬਨ ਸਿੰਘ ਕੌਲੀ, ਨਰਿੰਦਰ ਸਿੰਘ ਹੀਰਾ ਨਗਰ, ਲਖਵਿੰਦਰ ਸਿੰਘ ਲੱਖਾ ਸਰਪੰਚ, ਨਰਿੰਦਰ ਸਿੰਘ ਵਿਰਕ, ਜਗਜੀਤ ਡਡੋਆ, ਗੁਰਜੰਟ ਨੂਰਖੇੜੀਆਂ, ਨਿਰਭੈ ਸਿੰਘ ਬੁੱਢਣਪੁਰ, ਗੁਰਬਾਜ ਸਿੰਘ ਪਨੌਦੀਆ, ਸ਼ਾਨਵੀਰ ਸਿੰਘ ਬ੍ਰਹਮਪੁਰਾ, ਵਿਕਰਮਜੀਤ ਸਿੰਘ, ਜਸਪ੍ਰੀਤ ਸਿੰਘ ਬੱਤਾ, ਜਤਿੰਦਰ ਸਿੰਘ ਪਹਾੜੀਪੁਰ, ਸੁਖਵਿੰਦਰ ਸਿੰਘ ਭੋਲਾ, ਕੋਟਲਾ ਗੇਰੂ, ਨਛੱਤਰ ਸਿੰਘ ਬੋਲੜੀ, ਚਰਨਜੀਤ ਐਮ. ਸੀ. ਸਨੌਰ, ਮਹਾਵੀਰ ਐਮ. ਸੀ. ਸਨੌਰ ਆਦਿ ਹਾਜ਼ਰ ਸਨ।

