ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਦੋ ਰੋਜ਼ਾ ਗਲੋਬਲ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਪਟਿਆਲਾ 29 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫਰੰਸ ਦਾ ਆਗਾਜ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਜਿਸ ਵਿਚ ਦੇਸ਼ ਵਿਦੇਸ਼ ਤੋਂ 500 ਤੋਂ ਵੱਧ ਡੈਲੀਗੇਟਾਂ ਨੇ ਆਨਲਾਈਨ ਤੇ ਆਫਲਾਈਨ ਭਾਗ ਲਿਆ । ਸਭ ਤੋਂ ਪਹਿਲਾਂ ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਕਾਨਫ਼ਰੰਸ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਅਤੇ ਕਾਨਫ਼ਰੰਸ ਦੇ ਉਦੇਸ਼ ਬਾਬਤ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਖਾਲਸਾ ਕਾਲਜ ਪਟਿਆਲਾ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਯਤਨ ਕਰਦਾ ਰਹਿੰਦਾ ਹੈ। ਸਾਡੇ ਇਨ੍ਹਾਂ ਯਤਨਾਂ ਦਾ ਹੀ ਸਿੱਟਾ ਹੈ ਕਿ ਖ਼ਾਲਸਾ ਕਾਲਜ ਵੱਲੋਂ ਲਗਾਤਾਰ ਇਹ ਚੌਥੀ ਖ਼ਾਲਸਾ ਕਾਲਜ ਗਲੋਬਲ ਪੰਜਾਬੀ ਕਾਨਫ਼ਰੰਸ ਕੀਤੀ ਜਾ ਰਹੀ ਹੈ । ਜਿਸ ਦਾ ਮੁੱਖ ਮਕਸਦ ਕਿਸਾਨੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਉੱਪਰ ਉੱਚ ਪਾਏ ਦਾ ਸੰਵਾਦ ਰਚਾਉਣਾ ਹੈ । ਉਨ੍ਹਾਂ ਦੱਸਿਆ ਕਿ ਕਿਸਾਨੀ ਸਾਡੇ ਲਈ ਕੇਵਲ ਆਰਥਿਕਤਾ ਦਾ ਮਸਲਾ ਨਹੀਂ ਹੈ ਬਲਕਿ ਕਿਸਾਨੀ ਦਾ ਸੰਬੰਧ ਪੰਜਾਬ ਦੇ ਜਾਇਆਂ ਦੀ ਰੂਹ ਤੱਕ ਪਹੁੰਚਦਾ ਹੈ । ਉਨ੍ਹਾਂ ਜ਼ੋਰ ਦੇ ਕੇ ਇਹ ਗੱਲ ਕਹੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਾਨਫ਼ਰੰਸ ਖੇਤੀ ਦੇ ਸੰਦਰਭ ਵਿੱਚ ਵੀ ਵਿਸ਼ੇਸ਼ ਮਹੱਤਤਾ ਰੱਖਦੀ ਹੈ ਕਿਉਂਕਿ ਗੁਰੂ ਸਾਹਿਬ ਵੱਲੋਂ ਆਪਣੀ ਪੂਰਬ ਦੀ ਯਾਤਰਾ ਦੌਰਾਨ ਅਨੇਕਾਂ ਹੀ ਖੂਹ ਲਗਵਾਉਣ ਅਤੇ ਗ਼ਰੀਬਾਂ ਨੂੰ ਪਸ਼ੂ ਧਨ ਨਾਲ ਨਿਵਾਜਣ ਦੀਆਂ ਸਾਖੀਆਂ ਸਾਨੂੰ ਪੰਜਾਬੀ ਸਾਹਿਤ ਵਿਚ ਪ੍ਰਾਪਤ ਹੁੰਦੀਆਂ ਹਨ।

ਕਾਨਫ਼ਰੰਸ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਦੌਰਾਨ ਮੁੱਖ ਭਾਸ਼ਣ ਡਾ. ਸਤੀਸ਼ ਕੁਮਾਰ ਵਰਮਾ ਵੱਲੋਂ ਦਿੱਤਾ ਗਿਆ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖ਼ਾਲਸਾ ਕਾਲਜ ਵੱਲੋਂ ਕੀਤਾ ਜਾਂਦਾ ਇਹ ਉਪਰਾਲਾ ਹਮੇਸ਼ਾਂ ਹੀ ਇੱਕ ਉੱਚ ਪਾਏ ਦਾ ਸੰਵਾਦ ਸਿਰਜਦਾ ਆਇਆ ਹੈ ਉਨ੍ਹਾਂ ਕਿਹਾ ਕਿ ਇਸ ਵਾਰ ਕਾਨਫਰੰਸ ਦਾ ਮਕਸਦ ਕਿਸਾਨੀ ਸਮੱਸਿਆਵਾਂ ਦੇ ਸਮਾਧਾਨ ਨਾਲ ਜੁੜੇ ਹੋਣਾ ਦੱਸਦਾ ਹੈ ਕਿ ਖ਼ਾਲਸਾ ਕਾਲਜ ਪੰਜਾਬ ਦੇ ਸਮਕਾਲੀ ਮੁੱਦਿਆਂ ਉੱਪਰ ਹਮੇਸ਼ਾਂ ਹੀ ਆਸ਼ਾਵਾਦੀ ਪਹੁੰਚ ਅਪਣਾਉਂਦੇ ਹੋਏ ਉਨ੍ਹਾਂ ਦੇ ਹੱਲ ਤੇ ਸਮਾਧਾਨ ਲਈ ਸਾਰਥਕ ਯਤਨ ਕਰਦਾ ਰਹਿੰਦਾ ਹੈ । ਖੇਤੀ ਨਾਲ ਜੁੜਿਆਂ ਮੁੱਦਿਆਂ ਉਪਰ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਲਈ ਸਾਡੇ ਕੋਲ ਜੋ ਮਾਡਲ ਮੌਜੂਦ ਹੈ ਉਸ ਦੀਆਂ ਸਮੱਸਿਆਵਾਂ ਬਹੁਤ ਪੇਚੀਦਾ ਹੋ ਚੁੱਕੀਆਂ ਹਨ ਸਾਨੂੰ ਵਿਸੇਸ ਤੌਰ ’ਤੇ ਉਪਰਾਲੇ ਕਰਨ ਦੀ ਲੋੜ ਹੈ ਜਿਸ ਨਾਲ ਖੇਤੀ ਨੂੰ ਨਵੀਨਤਮ ਢੰਗਾਂ ਰਾਹੀਂ ਅਸੀਂ ਵਿਸਵ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਸਕੀਏ।

    ਸਮੁੱਚੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸ. ਗੁਰਜਤਿੰਦਰ ਸਿੰਘ ਰੰਧਾਵਾ ਯੂ.ਐਸ.ਏ. ਨੇ ਕਿਹਾ ਕਿ ਖੇਤੀ ਦਾ ਸੰਕਟ ਕੇਵਲ ਪੰਜਾਬ ਤਕ ਸੀਮਤ ਨਹੀਂ ਹੈ ਬਲਕਿ ਇਹ ਸਮੁੱਚੇ ਵਿਸ਼ਵ ਦਾ ਮਸਲਾ ਬਣ ਚੁੱਕਿਆ ਹੈ  ਉਨ੍ਹਾਂ ਪੰਜਾਬ ਵਿੱਚ ਚੱਲ ਰਹੇ ਖੇਤੀ ਸੰਕਟ ਦੇ ਸੰਦਰਭ ਵਿੱਚ ਅਮਰੀਕਾ ਵਿੱਚ ਹੋ ਰਹੇ ਰੋਸ ਮੁਜ਼ਾਹਰਿਆਂ ਅਤੇ ਖੇਤੀ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰਦਿਆਂ ਦੱਸਿਆ ਕਿ  ਅਮਰੀਕਾ ਵਿੱਚ ਵੀ ਕਿਸਾਨਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ।  ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਕਾਰਪੋਰੇਟ ਘਰਾਣਿਆਂ ਦਾ ਵੱਡੀ ਪੱਧਰ ਉੱਤੇ  ਖੇਤੀ ਉੱਪਰ ਕਬਜ਼ਾ ਹੈ ਜਿਸ ਦੇ ਚਲਦੇ ਉੱਥੇ ਦੇ ਕਿਸਾਨ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਬਹੁਤ ਘੱਟ ਮਿਲਦਾ ਹੈ ।

ਮੁੱਖ ਮਹਿਮਾਨ ਸ. ਅਜੈਬ ਸਿੰਘ ਚੱਠਾ ਨੇ ਕੈਨੇਡਾ ਤੋਂ ਕਾਨਫਰੰਸ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਸਾਹਿਤ ਲਗਾਤਾਰ ਕਿਸਾਨੀ ਸਮੱਸਿਆਵਾਂ ਦੀ ਪੇਸ਼ਕਾਰੀ ਹੁੰਦੀ ਰਹਿੰਦੀ ਹੈ ਜਿਸ ਨੂੰ ਅਨੇਕਾਂ ਵਾਰ ਵਿਸ਼ਵ ਪੱਧਰ ’ਤੇ ਕਰਵਾਈਆਂ ਜਾਂਦੀਆਂ ਕਾਨਫਰੰਸਾਂ ਵਿਚ ਵਿਦਵਾਨਾਂ ਵੱਲੋਂ ਵਿਚਾਰਿਆ ਵੀ ਜਾਂਦਾ ਰਿਹਾ ਹੈ । ਪ੍ਰੰਤੂ ਅਜੋਕੇ ਕਿਸਾਨੀ ਸੰਕਟ ਦੇ ਸੰਦਰਭ ਵਿੱਚ ਇਸ ਵਿਸ਼ੇ ਨੂੰ ਹੋਰ ਵੀ ਸੰਜੀਦਾ ਢੰਗ ਨਾਲ ਨਜਿੱਠਣ ਦੀ ਲੋੜ ਹੈ ਮੈਂ ਖ਼ਾਲਸਾ ਕਾਲਜ ਨੂੰ ਇਸ ਗੱਲ ਲਈ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਇਸ ਸੰਵਾਦ ਲਈ ਮੋਹਰੀ ਰੋਲ ਅਦਾ ਕਰਦੇ ਹੋਏ ਇਸ ਕਾਨਫ਼ਰੰਸ ਦਾ ਆਯੋਜਨ ਕੀਤਾ ਹੈ ।

ਇਸ ਕਾਨਫ਼ਰੰਸ ਦੇ ਬੁਲਾਰੇ ਡਾ. ਬਲਜਿੰਦਰ ਸਿੰਘ ਨਸਰਾਲੀ ਦਿੱਲੀ ਯੂਨੀਵਰਸਿਟੀ ਦਿੱਲੀ ਨੇ ਪੰਜਾਬੀ ਨਾਵਲ ਉੱਪਰ ਪੈ ਰਹੇ ਕਿਸਾਨੀ ਸੰਕਟ ਦੇ ਪ੍ਰਭਾਵ ਦੀ ਗੱਲ ਕਰਦੇ ਹੋਏ ਦੱਸਿਆ ਕਿ ਅੱਜ ਦਾ ਨਾਵਲ ਕੇਵਲ ਕਿਸਾਨੀ ਸਮਾਜ ਦੇ ਯਥਾਰਥਕ ਚਿੱਤਰ ਤੱਕ ਸੀਮਤ ਨਹੀਂ ਹੈ ਬਲਕਿ ਉਹ ਵਾਪਰ ਰਹੀਆਂ ਘਟਨਾਵਾਂ ਦੇ ਪਿਛੋਕੜ ਅਤੇ ਭਵਿੱਖ ਵਿੱਚ ਪੈਣ ਵਾਲੇ ਨਤੀਜਿਆਂ ਪ੍ਰਤੀ ਵੀ ਪਾਠਕ ਨੂੰ ਸੁਚੇਤ ਕਰਦਾ ਹੈ।

ਡਾ. ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗਡ੍ਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਬਾਬਤ ਗੱਲ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨਿਸ਼ਚੇ ਹੀ ਭਾਰਤੀ ਇਤਿਹਾਸ ਵਿਚ ਇਕ ਨਵੇਂ ਯੁੱਗ ਦਾ ਆਰੰਭ ਕਰਨ ਵਾਲੀ ਸੀ । ਉਨ੍ਹਾਂ ਦੀ ਸ਼ਹਾਦਤ ਨੇ ਨਾ ਕੇਵਲ ਸਮੁੱਚੇ ਭਾਰਤ ਨੂੰ ਔਰੰਗਜ਼ੇਬ ਦੀਆਂ ਮਾਰੂ ਨੀਤੀਆਂ ਤੋਂ ਬਚਾਇਆ ਬਲਕਿ ਆਪਣੀ ਸ਼ਹਾਦਤ ਤੋਂ ਦੁਬਾਰਾ ਇਹ ਪ੍ਰਤੱਖ ਕਰ ਦਿਖਾਇਆ ਕਿ ਧਾਰਮਿਕ ਸੰਕੀਰਨਤਾ ਕਦੇ ਵੀ ਵੱਡਾ ਨਿਜ਼ਾਮ ਸਥਾਪਤ ਕਰਨ ਵਿਚ ਕਾਮਯਾਬੀ ਹਾਸਲ ਨਹੀਂ ਕਰ ਸਕਦੀ। ਸ. ਕਰਨੈਲ ਸਿੰਘ ਸ਼ੇਰਗਿੱਲ ਯੂ.ਕੇ. ਨੇ ਆਨਲਾਈਨ ਸੰਬੋਧਨ ਕਰਦੇ ਹੋਏ ਖ਼ਾਲਸਾ ਕਾਲਜ ਵੱਲੋਂ ਕੀਤੇ ਜਾ ਰਹੇ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ

ਸ੍ਰੀਮਤੀ ਮੀਤਾ ਖੰਨਾ ਕੈਨੇਡਾ ਤੋ ਕਾਨਫ਼ਰੰਸ ਵਿੱਚ ਭਾਗ ਲੈਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੁੱਚੇ ਵਿਸ਼ਵ ਦੇ ਇਤਿਹਾਸ ਵਿੱਚ ਲਾਸਾਨੀ ਦਰਜਾ ਰੱਖਦੀ ਹੈ। ਜਿਸ ਤੋਂ ਸੇਧ ਲੈਂਦੇ ਹੋਏ ਸਾਨੂੰ ਧਾਰਮਿਕ ਕੱਟੜਤਾ ਦਾ ਪਿਆ ਕਰਦੇ ਹੋਏ ਸਰਬੱਤ ਦੇ ਭਲੇ ਲਈ ਕਾਰਜ ਕਰਨਾ ਚਾਹੀਦਾ ਹੈ । ਪਹਿਲੇ ਦਿਨ ਦੇ ਸੈਸ਼ਨ ਦੀ ਸਮਾਪਤੀ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਪਰਮਜੀਤ ਕੌਰ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਦਵਿੰਦਰ ਸਿੰਘ ਵੱਲੋਂ ਨਿਭਾਈ ਗਈ।

Leave a Reply

Your email address will not be published. Required fields are marked *