ਸ਼੍ਰੋਮਣੀ ਕਮੇਟੀ ਸਮੂਹ ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਦੀ ਕਰੇਗੀ ਕਾਨਫਰੰਸ -ਬੀਬੀ ਜਗੀਰ ਕੌਰ
ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਦੀ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ’ਚ ਸਹਿਯੋਗ ਦਾ ਭਰੋਸਾ
ਅੰਮ੍ਰਿਤਸਰ, 30 ਸਤੰਬਰ-(ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪ੍ਰਚਾਰਕ ਪੈਦਾ ਕਰਨ ਵਾਲੇ ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਨੁਮਾਇੰਦਿਆਂ ਨਾਲ ਇਕੱਤਰਤਾ ਕਰਕੇ ਧਰਮ ਪ੍ਰਚਾਰ ਲਹਿਰ ਨੂੰ ਸੰਯੁਕਤ ਰੂਪ ਵਿਚ ਅੱਗੇ ਵਧਾਉਣ ਲਈ ਵਿਚਾਰਾਂ ਕੀਤੀਆਂ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਕਾਲਜਾਂ ਦੇ ਨੁਮਾਇੰਦਿਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭ ਕੀਤੀ ਗਈ ‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਵਿਚ ਸਹਿਯੋਗੀ ਬਣਨ ਲਈ ਕਿਹਾ, ਜਿਸ ’ਤੇ ਸਭ ਨੇ ਸਹਿਮਤੀ ਪ੍ਰਗਟਾਈ ਅਤੇ ਆਪੋ-ਆਪਣੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਸੇਵਾਵਾਂ ਦੇਣ ਦਾ ਐਲਾਨ ਕੀਤਾ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪੂਰੇ ਪੰਜਾਬ ਦੇ ਪਿੰਡਾਂ ਅੰਦਰ ਘਰ ਘਰ ਤੱਕ ਸਿੱਖੀ ਪ੍ਰਚਾਰ ਕਰਨ ਲਈ ਇਹ ਲਹਿਰ ਸ਼ੁਰੂ ਕੀਤੀ ਗਈ, ਜਿਸ ਤਹਿਤ ਇੱਕੋ ਸਮੇਂ 200 ਪਿੰਡਾਂ ਵਿਚ ਧਰਮ ਪ੍ਰਚਾਰ ਕੀਤਾ ਜਾਂਦਾ ਹੈ। ਪਿੰਡਾਂ ਵਿਚ ਇਕ-ਇਕ ਹਫ਼ਤੇ ਦੇ ਪ੍ਰੋਗਰਾਮ ਤਹਿਤ ਸੰਗਤ ਦੇ ਨਾਲ-ਨਾਲ ਸਿੱਖ ਨੌਜੁਆਨਾਂ ਅਤੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ। ਇਸੇ ਦੇ ਵਿਸਥਾਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਿੱਖ ਮਿਸ਼ਨਰੀ ਕਾਲਜਾਂ ਦੇ ਨਾਲ-ਨਾਲ ਵੱਖ-ਵੱਖ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ।
ਇਸ ਸਬੰਧ ਵਿਚ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਅਨੁਸਾਰ ਵੱਖ-ਵੱਖ ਸਿੱਖ ਮਿਸ਼ਨਰੀ ਕਾਲਜ ਕਾਰਜਸ਼ੀਲ ਹਨ, ਜਿਨ੍ਹਾਂ ਨੇ ਵੱਡੀ ਪੱਧਰ ‘’ਤੇ ਪ੍ਰਚਾਰਕ, ਰਾਗੀ ਅਤੇ ਤਬਲਾ ਵਾਦਕ ਪੈਦਾ ਕਰਕੇ ਪ੍ਰਚਾਰ ਦੇ ਖੇਤਰ ਵਿਚ ਜ਼ਿਕਰਯੋਗ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਸੰਯੁਕਤ ਰੂਪ ਵਿਚ ਧਰਮ ਪ੍ਰਚਾਰ ਦੇ ਖੇਤਰ ਵਿਚ ਅੱਗੇ ਵਧਣ ਦਾ ਹੈ, ਜਿਸ ਨੂੰ ਲੈ ਕੇ ਭਾਵਪੂਰਤ ਮੀਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰ ਸਿੱਖ ਮਿਸ਼ਨਰੀ ਅਦਾਰੇ ਨੇ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ ਅਤੇ ਮੌਜੂਦਾ ਸਮੇਂ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਵਿਚ ਆਪਣਾ ਯੋਗਦਾਨ ਦੇਣ ਲਈ ਹਾਮੀ ਭਰੀ ਹੈ।
ਉਨ੍ਹਾਂ ਕਿਹਾ ਕਿ ਇਸ ਲਹਿਰ ਤਹਿਤ ਪੰਜਾਬ ਦੇ ਹਰ ਪਿੰਡ ਤੱਕ ਪਹੁੰਚ ਕਰਕੇ ਘਰ ਘਰ ਅੰਦਰ ਸਿੱਖੀ ਪ੍ਰਚਾਰ ਕੀਤਾ ਜਾਵੇਗਾ। ਹੁਣ ਸਿੱਖ ਮਿਸ਼ਨਰੀ ਕਾਲਜਾਂ ਵਲੋਂ ਆਪਣੇ ਵਿਦਿਆਰਥੀਆਂ ਦੀਆਂ ਸੇਵਾਵਾਂ ਦੇਣ ਨਾਲ ਇਸ ਵਿਚ ਵੱਡਾ ਵਾਧਾ ਹੋਵੇਗਾ ਅਤੇ ਇਕੋ ਸਮੇਂ 200 ਦੀ ਥਾਂ ਹੋਰ ਵੱਡੀ ਪੱਧਰ ’ਤੇ ਪਿੰਡਾਂ ਤੱਕ ਪਹੁੰਚ ਹੋ ਸਕੇਗੀ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਇਹ ਵੀ ਐਲਾਨ ਕੀਤਾ ਕਿ ਅਕਤੂਬਰ ਮਹੀਨੇ ਵਿਚ ਸਿੱਖ ਮਿਸ਼ਨਰੀ ਕਾਲਜਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਜਾ ਚੁੱਕੇ ਅਤੇ ਪੜ੍ਹ ਰਹੇ ਵਿਦਿਆਰਥੀਆਂ ਦੀ ਇਕ ਕਾਨਫਰੰਸ ਦਾ ਆਯੋਜਨ ਕੀਤਾ ਜਾਵੇਗਾ ਅਤੇ ਇਹ ਸਿਲਸਿਲਾ ਅਗਲੇ ਸਮਿਆਂ ਵਿਚ ਵੀ ਜਾਰੀ ਰੱਖਿਆ ਜਾਵੇਗਾ। ਅੱਜ ਦੀ ਇਕੱਤਰਤਾ ਵਿਚ 26 ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ ਅਤੇ ਆਪੋ ਆਪਣੇ ਵਿਚਾਰ ਦਿੱਤੇ। ਇਸ ਮੌਕੇ ਬੀਬੀ ਜਗੀਰ ਕੌਰ ਨੇ ਪੁੱਜੇ ਹਰ ਨੁਮਾਇੰਦੇ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਕੱਤਰਤਾ ਮੌਕੇ ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਆਨਰੇਰੀ ਸਕੱਤਰ ਡਾ. ਗੁਰਮੀਤ ਸਿੰਘ, ਡਾ. ਚਮਕੌਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।
ਰੋਪੜ ਨੇੜਲੇ ਪਿੰਡ ’ਚ ਗੁਰਦੁਆਰਾ ਸਾਹਿਬ ਅੰਦਰ ਨਾਚ ਦੀ ਬੀਬੀ ਜਗੀਰ ਕੌਰ ਨੇ ਕੀਤੀ ਨਿੰਦਾ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਪੜ ਦੇ ਪਿੰਡ ਰੋਡ ਮਾਜਰਾ ਵਿਚ ਗੁਰਦੁਆਰਾ ਸਾਹਿਬ ਵਿਖੇ ਇਕ ਵਿਆਹ ਸਮਾਗਮ ਦੌਰਾਨ ਸਿੱਖ ਮਰਯਾਦਾ ਦੀ ਉਲੰਘਣਾ ਕਰਕੇ ਨਚਾਏ ਗਏ ਨਾਚ ਦਾ ਸਖ਼ਤ ਨੋਟਿਸ ਲੈਂਦਿਆਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਸਬੰਧੀ ਕਾਰਵਾਈ ਕਰਨ ਲਈ ਅਪੀਲ ਕੀਤੀ ਜਾਵੇਗੀ ਅਤੇ ਐਸਐਸਪੀ ਰੋਪੜ ਨੂੰ ਵੀ ਦਰਖ਼ਾਸਤ ਦੇ ਕੇ ਸਖ਼ਤ ਕਾਰਵਾਈ ਮੰਗੀ ਜਾਵੇਗੀ, ਤਾਂ ਜੋ ਅੱਗੇ ਤੋਂ ਕੋਈ ਗੁਰੂ ਘਰ ਦੀ ਮਰਯਾਦਾ ਦੀ ਤੌਹੀਨ ਨਾ ਕਰੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਦੇ ਸਬੰਧਤ ਪਿੰਡ ਵਿਚ ਗੁਰਦੁਆਰਾ ਸਾਹਿਬ ਵਿਚ ਲਗਾਏ ਪੰਡਾਲ ਅੰਦਰ ਨਾਚ ਨਚਾ ਕੇ ਗੁਰੂ ਘਰ ਦੇ ਸਤਿਕਾਰ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਵੀਡੀਓ ਸੰਗਤ ਨੇ ਉਨ੍ਹਾਂ ਪਾਸ ਭੇਜੀਆਂ ਹਨ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਰੋਪੜ ਦੇ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਕਾਰਵਾਈ ਲਈ ਬੇਨਤੀ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਿੱਖੀ ਪ੍ਰਚਾਰ ਦੇ ਕੇਂਦਰ ਗੁਰਦੁਆਰਾ ਸਾਹਿਬ ਵਿਚ ਅਜਿਹੀ ਮਨਮਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਹਮਣੇ ਆਈ ਜਾਣਕਾਰੀ ਅਨੁਸਾਰ ਬਾਬਾ ਗਾਜੀਦਾਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਇਹ ਹਰਕਤ ਕਰਵਾਈ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।

