ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਚੱਲ ਰਹੀ ਦੋ ਰੋਜਾ ਗਲੋਬਲ ਪੰਜਾਬੀ ਕਾਨਫਰੰਸ ਸਫਲਤਾ ਪੂਰਵਕ ਸੰਪੰਨ

ਪਟਿਆਲਾ, 30 ਸਤੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਚੱਲ ਰਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥੀ ਦੋ ਰੋਜਾ ਗਲੋਬਲ ਪੰਜਾਬੀ ਕਾਨਫਰੰਸ ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦੀ ਸੰਪੰਨ ਹੋਈ । ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਮੁੱਖ ਭਾਸ਼ਣ ਡਾ. ਸਤੀਸ਼ ਕੁਮਾਰ ਵਰਮਾ, ਪ੍ਰਧਾਨਗੀ ਗੁਰਜਤਿੰਦਰ ਸਿੰਘ ਰੰਧਾਵਾ ਯੂ. ਐਸ. ਏ ,ਮੁੱਖ ਬੁਲਾਰੇ ਡਾ. ਬਲਜਿੰਦਰ ਸਿੰਘ ਨਸਰਾਲੀ ਦਿੱਲੀ ਯੂਨੀਵਰਸਿਟੀ ਦਿੱਲੀ, ਡਾ. ਪਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗਡ੍ਹ , ਸ੍ਰੀਮਤੀ.ਮੀਤਾ ਖੰਨਾ ਕੈਨੇਡਾ ਨੇ ਸ਼ਮੂਲੀਅਤ ਕੀਤੀ । ਇਸ ਦੌਰਾਨ ਟੈਕਨੀਕਲ ਸੈਸ਼ਨਾਂ ਵਿਚ 50 ਤੋਂ ਵੱਧ ਵੱਖ- ਵੱਖ ਵਿਦਵਾਨਾਂ ਤੇ ਖੋਜਾਰਥੀਆਂ ਦੁਆਰਾ ਪੇਪਰ ਪੜ੍ਹੇ ਗਏ ।

ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਪਹੁੰਚੀਆਂ ਹੋਈਆਂ ਮੁੱਖ ਸ਼ਖਸੀਅਤਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਕਾਨਫ਼ਰੰਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਵਿਚਾਰ ਚਰਚਾ ਦੌਰਾਨ ਜਿਹੜੇ ਕਿਸਾਨੀ ਨਾਲ ਸਬੰਧਤ ਉੱਠ ਰਹੇ ਮਸਲੇ ਹਨ ਉਨ੍ਹਾਂ ਨੂੰ ਹੱਲ ਵੱਲ ਲੈ ਕੇ ਜਾਣ ਕਾਨਫਰੰਸ ਵਿੱਚ ਮੁੱਖ ਰੋਲ ਅਦਾ ਕਰੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਕਾਲਜ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਸਾਹਿਤ ਸੱਭਿਆਚਾਰ ਅਤੇ ਉਸ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਵਿਚ ਮੁੱਖ ਰੋਲ ਅਦਾ ਕਰਦਾ ਹੈ।

ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਕਾਲਜ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਕਾਲਜ ਵੱਲੋਂ ਹਰ ਸਾਲ ਕਰਵਾਈ ਜਾਂਦੀ ਵਿਸ਼ਵ ਪੱਧਰੀ ਕਾਨਫਰੰਸ ਜਿੱਥੇ ਬੁੱਧੀਜੀਵੀਆਂ ਦੇ ਚੰਗੇ ਵਿਚਾਰ ਸੁਣਨ ਨੂੰ ਮਿਲਦੇ ਹਨ ਉਥੇ ਨਾਲ ਹੀ ਇੱਕ ਚੰਗੇ ਸਮਾਜਿਕ ਢਾਂਚੇ ਦੀ ਬਣਤਰ ਵਿੱਚ ਵੀ ਮੁੱਖ ਰੋਲ ਅਦਾ ਕਰਦੀ ਹੈ ।

ਸ. ਸਤਵਿੰਦਰ ਸਿੰਘ ਟੋਹੜਾ ਮੈਂਬਰ ਅੰਤਰਿੰਗ ਕਮੇਟੀ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਖ਼ਾਲਸਾ ਕਾਲਜ ਹਮੇਸ਼ਾਂ ਹੀ ਚੰਗੀ ਵਿਚਾਰ ਚਰਚਾ ਲਈ ਯਤਨਸ਼ੀਲ ਰਹਿੰਦਾ ਹੈ ।

ਮੁੱਖ ਮਹਿਮਾਨ ਸ. ਸੁੱਖੀ ਬਾਠ ਕੈਨੇਡਾ ਨੇ ਕਰਵਾਈ ਜਾ ਰਹੀ ਚੌਥੀ ਗਲੋਬਲ ਪੰਜਾਬੀ ਕਾਨਫਰੰਸ ਲਈ ਸਮੁੱਚੀ ਮੈਨੇਜਮੈਂਟ ਕਾਲਜ ਪਿ੍ਰੰਸੀਪਲ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਭਵਨ ਸਰੀ ਕੈਨੇਡਾ ਵਿਖੇ ਵੀ ਹਰ ਸਾਲ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਉਨ੍ਹਾਂ ਇਹ ਵੀ ਕਿਹਾ ਅਜਿਹੀਆਂ ਗਤੀਵਿਧੀਆਂ ਚੰਗਾ ਸਾਹਿਤ ਪੜ੍ਹਨ ਅਤੇ ਲਿਖਣ ਵੱਲ ਉਤਸ਼ਾਹਿਤ ਕਰਦੀਆਂ ਹਨ ਅਤੇ ਪੰਜਾਬੀ ਮਾਂ-ਬੋਲੀ ਨੂੰ ਵਿਸ਼ਵ ਪੱਧਰ ਤੇ ਪ੍ਰਫੁੱਲਿਤ ਕਰਨ ਵਿੱਚ ਮੁੱਖ ਰੋਲ ਅਦਾ ਕਰਦੀਆਂ ਹਨ ।

ਵਿਸੇਸ ਮਹਿਮਾਨ ਪੰਜਾਬੀ ਦੇ ਉੱਘੇ ਸ਼ਾਇਰ ਸ. ਗੁਰਭਜਨ ਸਿੰਘ ਗਿੱਲ ਨੇ ਕਿਰਸਾਨੀ ਸੰਕਟ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਸਾਡੇ ਦੇਸ਼ ਦੀ ਅਰਥ-ਵਿਵਸਥਾ ਪੂਰੀ ਤਰ੍ਹਾਂ ਖੇਤੀਬਾੜੀ ਉੱਤੇ ਨਿਰਭਰ ਹੈ ਅਤੇ ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦੀ ਹੈ ।

ਮੁੱਖ ਬੁਲਾਰੇ ਸ. ਹਰਪ੍ਰੀਤ ਸਿੰਘ ਚੀਫ ਐਡੀਟਰ ਪੀ ਟੀ ਸੀ ਵੱਲੋਂ ਮੀਡੀਆ ਬਾਰੇ ਬੋਲਦਿਆਂ ਕਿਹਾ ਕਿ ਮੀਡੀਆ ਹਮੇਸ਼ਾ ਹੀ ਸਮਾਜ ਵਿੱਚ ਆਪਣਾ ਇੱਕ ਮੁੱਖ ਰੋਲ ਅਦਾ ਕਰਦਾ ਹੈ । ਉਨ੍ਹਾਂ ਕਿਹਾ ਜੇਕਰ ਮੀਡੀਆ ਸੱਚ ਨੂੰ ਠੀਕ ਰੂਪ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਆਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਨੇ ਅੱਜ ਕਿਸਾਨੀ ਅੰਦੋਲਨ ਨੂੰ ਦੇਸ ਵਿਦੇਸ ਤੱਕ ਪਹੁੰਣ ‘ਚ ਮੁੱਖ ਰੋਲ ਅਦਾ ਕੀਤਾ।

ਮੁੱਖ ਬੁਲਾਰੇ ਡਾ. ਸਰਬਜਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਰਤਸਰ ਸਾਹਿਬ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਪੇਸ਼ ਬ੍ਰਹਿਮੰਡੀ ਚੇਤਨਾ ਦਾ ਸੰਕਲਪ ਸੰਸਾਰ ਨੂੰ ਅਲਪਕਾਲੀ ਮੰਨਦਾ ਹੋਇਆ ਉਸ ਦੀ ਸਦੀਵੀ ਰਹਿਣ ਵਾਲੀ ਸਥਿਰ ਹੋਂਦ ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਪ੍ਰੰਤੂ ਅਸੀਂ ਬ੍ਰਹਿਮੰਡ ਦੇ ਸੰਕਲਪ ਸਬੰਧੀ ਵਿਚਾਰ ਪੇਸ਼ ਕਰਨ ਸਮੇਂ ਆਪਣੀ ਪੂਰਬ ਚਿੰਤਨ ਦਿ੍ਰਸ਼ਟੀ ਉੱਪਰ ਆਧਾਰਿਤ ਸੰਸਾਰ ਨੂੰ ਸੱਚ ਕਹਿਣ ਸਮੇਂ ਗੁਰੂ ਸਾਹਿਬ ਦੀ ਉਪਰੋਕਤ ਬਾਣੀ ਦਿ੍ਰਸ਼ਟੀ ਨੂੰ ਧਿਆਨ ਗੋਚਰੇ ਨਹੀਂ ਰੱਖਦੇ ।

ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਾਨਫਰੰਸ ਦੌਰਾਨ ਕਿਹਾ ਕਿ ਆਪਣੀ ਮਿਹਨਤ ਨਾਲ ਪੂਰੇ ਮੁਲਕ ਦਾ ਢਿੱਡ ਭਰਨ ਵਾਲਾ ਅੰਨਦਾਤਾ ਇਸ ਕਿਸਾਨ ਮਾਰੂ ਨੀਤੀਆਂ ਵਿਰੁੱਧ ਆਪਣੀ ਜੱਦੋ-ਜਹਿਦ ਕਰਦਾ ਹੋਇਆ ਅੱਜ ਸੰਘਰਸ਼ ਦੇ ਰਾਹ ਤੁਰ ਪਿਆ ਹੈ ।

ਡਾ. ਪਰਮਵੀਰ ਸਿੰਘ ਕੈਨੇਡਾ ਨੇ ਆਨਲਾਇਨ ਸੰਬੋਧਿਤ ਹੁੰਦਿਆਂ ਕਿਹਾ ਕਿ ਬੇਸ਼ੱਕ ਕਿਸਾਨੀ ਅੰਦੋਲਨ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਹੈ ਪਰ ਪਰਦੇਸ ਬੈਠੇ ਪੰਜਾਬੀ ਲੋਕ ਉਸ ਅਨੁਭਵ ਨੂੰ ਆਪਣੇ ਜਿਹਨ ਤੇ ਹੰਢਾ ਰਹੇ ਹਨ ਤੇ ਇਸ ਹੰਢਾਏ ਦੁਖਾਂਤ ਨੂੰ ਹੀ ਸਾਹਿਤਕਾਰ ਆਪਣੇ ਸਾਹਿਤ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ।

ਸ. ਦਰਸ਼ਨ ਸਿੰਘ ਢਿੱਲੋਂ ਯੂ .ਕੇ ਨੇ ਕਾਲਜ ਵੱਲੋਂ ਉਲੀਕੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਪਲੇਟਫਾਰਮ ਇਕ ਚੰਗਾ ਸੰਵਾਦ ਰਚਾਉਣ ‘ਚ ਅਹਿਮ ਰੋਲ ਅਦਾ ਕਰਦਾ ਹੈ ਜੋ ਸਮਾਜ ਨੂੰ ਇੱਕ ਚੰਗੀ ਸੇਧ ਦਿੰਦੇ ਹਨ ।

ਡਾ.ਕੁਲਦੀਪ ਸਿੰਘ ਦੀਪ ਨੇ ਰੰਗਮੰਚ ਦੀ ਗੱਲ ਕਰਦਿਆਂ ਕਿਹਾ ਕਿ ਮੰਚ ਹਮੇਸ਼ਾਂ ਹੀ ਨਵੀਂਆਂ ਉੱਠਦੀਆਂ ਲਹਿਰਾਂ ਅਤੇ ਸੰਘਰਸ਼ੀ ਲੋਕਾਂ ਦੀ ਆਵਾਜ਼ ਬਣ ਕੇ ਆਪਣਾ ਰੋਲ ਨਿਭਾਉਂਦਾ ਹੈ ।

ਕਾਨਫਰੰਸ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ .ਪਰਮਜੀਤ ਕੌਰ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਦਾ ਕਾਰਜ ਡਾ. ਦਵਿੰਦਰ ਸਿੰਘ ਵੱਲੋਂ ਨਿਭਾਇਆ ਗਿਆ।

Leave a Reply

Your email address will not be published. Required fields are marked *