ਸੁੱਖ ਸਰਕਾਰੀਆ ਦੀ ਚੁੱਪ-ਚੁਪੀਤੇ ਲੱਗੀ ਪਟਿਆਲਾ ਫੇਰੀ, ਸਿੱਧੂ ਤੋਂ ਰੱਖੀ ਦੂਰੀ !
ਕੈਪਟਨ-ਸਿੱਧੂ ਵਿਚਾਲੇ ਜੰਗ ’ਚ ਕਾਂਗਰਸੀ ਵਿਧਾਇਕਾਂ ’ਚ ਜੱਕੋ-ਤੱਕੋ ਵਾਲੀ ਸਥਿਤੀ
ਪਟਿਆਲਾ 4 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਅਸਤੀਫੇ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਵੱਲੋਂ ਸਿੱਧੂ ਦੇ ਘਰ ਪੁੱਜ ਕੇ ਮਨਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਜਿੱਥੇ ਲਗਾਤਾਰ ਜਾਰੀ ਰਹੀਆਂ, ਉੱਥੇ ਹੀ ਕੁਝ ਕਾਂਗਰਸੀ ਵਿਧਾਇਕ ਅਜਿਹੇ ਵੀ ਸਨ, ਜੋ ਆਪਣੇ ਹੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਦੂਰੀਆਂ ਬਣਾਉਂਦੇ ਨਜ਼ਰ ਆ ਰਹੇ ਹਨ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਬਹੁਤ ਸਾਰੇ ਕਾਂਗਰਸੀ ਵਿਧਾਇਕ ਹਨ ਜਿਨ੍ਹਾਂ ਵਿੱਚ ਜੱਕੋ-ਤੱਕੋ ਵਾਲੀ ਸਥਿਤੀ ਬਣੀ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਦੇ ਪਾਲ਼ੇ ਵਿੱਚ ਭੁਗਤਣ ਵਾਲੇ,ਕੁਝ ਵਿਧਾਇਕ ਅਜਿਹੇ ਵੀ ਹਨ ਜੋ ਨਵਜੋਤ ਸਿੰਘ ਸਿੱਧੂ ਦੇ ਪਾਲੇ ਤੋਂ ਕੰਨੀਂ ਕਤਰਾਉਂਦੇ ਨਜ਼ਰ ਆਉਂਦੇ ਹਨ। ਇਹ ਹਾਲਤ ਕਿਸੇ ਇਕ ਵਿਧਾਇਕ ਦੀ ਨਹੀਂ ਤਕਰੀਬਨ ਬਹੁਤ ਸਾਰੇ ਕਾਂਗਰਸੀ ਵਿਧਾਇਕਾਂ ਦੀ ਇਹ ਸਥਿਤੀ ਬਣੀ ਹੋਈ ਹੈ। ਅਜਿਹੀ ਮਿਸਾਲ ਜਿਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਵੇਖਣ ਨੂੰ ਮਿਲ ਰਹੀ ਹੈ, ਉਥੇ ਹੀ ਹਲਕਾ ਰਾਜਸਾਂਸੀ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਦੀ ਚੁੱਪ-ਚੁਪੀਤੇ ਲਾਈ ਪਟਿਆਲਾ ਫੇਰੀ ਵੀ ਇਸ ਕਰਕੇ ਚਰਚਿਤ ਬਣ ਗਈ ਹੈ ਕਿ ਸੁੱਖ ਸਰਕਾਰੀਆ ਆਪਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਬਿਨਾਂ ਕਿਸੇ ਮੁਲਾਕਾਤ ਕੀਤੇ ਦੱਬੇ ਪੈਰ ਵਾਪਸ ਪਰਤ ਗਏ ਉਹ ਉਸ ਸਮੇਂ ਜਦੋਂ ਸਿੱਧੂ ਆਪਣੀ ਪਟਿਆਲਾ ਰਿਹਾਇਸ਼ ’ਤੇ ਆਪਣੇ ਘਰ ’ਚ ਮੌਜੂਦ ਸਨ। ਇਸ ਫੇਰੀ ਦੌਰਾਨ ਏਜੰਸੀਆਂ ਨੂੰ ਸੂਹ ਤੱਕ ਨਹੀਂ ਲੱਗਣ ਦਿੱਤੀ ਗਈ। ਸੂਤਰਾਂ ਦਾ ਨੇ ਦੱਸਿਆ ਕਿ ਇਹ ਫੇਰੀ ਸੁੱਖ ਸਰਕਾਰੀਆ ਵੱਲੋਂ ਬੀਤੇ ਦਿਨ ਲਗਾਈ, ਫੇਰੀ ਗੁਪਤ ਦੱਸੀ ਗਈ।
ਇਸ ਫੇਰੀ ਦੌਰਾਨ ਮੁਲਾਕਾਤ ਦੌਰਾਨ ਕੁਝ ਪੱਤਰਕਾਰ ਵੀ ਮੰਤਰੀ ਨੂੰ ਮਿਲੇ, ਪਰ ਮੰਤਰੀ ਨੇ ਪੱਤਰਕਾਰਾਂ ਨੂੰ ਇਹ ਆਖਕੇ ਚੁੱਪ ਕਰਵਾ ਦਿੱਤਾ ਕਿ ਮੇਰੀ ਇਸ ਮਿਲਣੀ ਦੀ ਗੱਲ ਬਾਹਰ ਨਾ ਕੱਢਿਓ। ਮੰਤਰੀ ਸੁੱਖ ਸਰਕਾਰੀਆ ਵੱਲੋਂ ਪੱਤਰਕਾਰਾਂ ਨਾਲ ਕਾਂਗਰਸ ਵਿਚ ਬਣੀ ਮੌਜੂਦਾ ਸਥਿਤੀ ਉੱਤੇ ਵੀ ਚਰਚਾ ਕੀਤੀ ਗਈ। ਪੱਤਰਕਾਰਾਂ ਤੇ ਮੰਤਰੀ ਵਿਚਾਲੇ ਹੋਈ ਗੱਲਬਾਤ ਦੌਰਾਨ ਗੱਲ ਸਾਹਮਣੇ ਆਈ ਕਿ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਤੋਂ ਬੇਹੱਦ ਦੁਖੀ ਹਨ, ਕਿਉਂਕਿ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮੰਤਰੀਆਂ ਲਈ ਸਿਰਦਰਦੀ ਬਣ ਗਿਆ। ਇਸ ਦੌਰਾਨ ਵਿਧਾਇਕ ਨੇ ਮੰਨਿਆ ਕਿ ਨਵਜੋਤ ਸਿੰਘ ਸਿੱਧੂ ਤੋਂ ਬਹੁਤ ਸਾਰੇ ਕਾਂਗਰਸੀ ਵਿਧਾਇਕ ਔਖੇ ਤਾਂ ਹਨ, ਪਰ ਕੀ ਕਰੀਏ ਪਾਰਟੀ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਣ ਗਿਆ ਇਸ ਕਰਕੇ ਹੁਣ ਸਥਿਤੀ ਜੱਕੋ-ਤੱਕੋ ਵਾਲੀ ਸਥਿਤੀ ਵਿਚੋਂ ਲੰਘਣਾ ਪੈ ਰਿਹਾ ਹੈ। ਸੁੱਖ ਸਰਕਾਰੀਆ ਨੇ ਪੱਤਰਕਾਰਾਂ ਕੋਲ ਇਹ ਵੀ ਮੰਨਿਆ ਕਿ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਠੀਕ ਚੱਲ ਰਿਹਾ ਸੀ ,ਪਰ ਅਚਨਚੇਤ ਸਿੱਧੂ ਵੱਲੋਂ ਮਾਰੀ ਗਈ ਐਂਟਰੀ ਨੇ ਕਾਂਗਰਸ ਪਾਰਟੀ ਦੀ ਸਥਿਤੀ ਹੀ ਵਿਗਾੜ ਦਿੱਤੀ ਹੈ ਅਤੇ ਪਾਰਟੀ ਅੰਦਰ ਹਾਲਾਤ ਹੋਰ ਵੀ ਗੰਭੀਰ ਹੋ ਰਹੇ ਹਨ।

