ਸਿੱਖਿਆ ਮੰਤਰੀ ਦੇ ਭਰੋਸੇ ਮਗਰੋਂ 7 ਅਕਤੂਬਰ ਦਾ ਐਕਸ਼ਨ ਮੁਲਤਵੀ :-
ਚੰਡੀਗੜ, 6 ਅਕਤੂਬਰ (/ਮਧੂਸਾਰ ਬਿਊਰੋ) ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਹੋਈ ਮੀਟਿੰਗ ਤੋਂ ਬਾਅਦ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ, ਪੰਜਾਬ ਵੱਲੋੰ 7 ਅਕਤੂਬਰ ਨੂੰ ਜਲੰਧਰ ਸਥਿਤ ਸਿੱਖਿਆ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਦੇ ਕੀਤੇ ਗਏ ਐਲਾਨ ਨੂੰ ਫ਼ਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ।
ਸਿੱਖਿਆ ਮੰਤਰੀ ਨਾਲ ਹੋਈ ਇਸ ਮੀਟਿੰਗ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੇ 2018 ਵਿੱਚ SSA/RMSA ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਲਈ ਬਣਾਈ ਪਾਲਿਸੀ ਅਧੀਨ ਹੀ ਮੈਰੀਟੋਰੀਅਸ ਸਕੂਲਾਂ ਦੇ ਟੀਚਿੰਗ ਸਟਾਫ਼ ਨੂੰ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਸਿੱਖਿਆ ਮੰਤਰੀ ਪਰਗਟ ਸਿੰਘ ਸਾਹਮਣੇ ਰੱਖਿਆ ।
ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ ਅਤੇ ਮੀਤ ਪ੍ਰਧਾਨ ਅਮਰੀਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਪਿਛਲੇ ਲੰਮੇ ਸਮੇਂ ਤੋੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤੇ ਜਾਣ ਲਈ ਸੰਘਰਸ਼ ਕਰ ਰਹੇ ਹਨ । 2018 ਵਿੱਚ ਵੀ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਤੋਂ ਬੇਸਿਕ ਪੇ ਉੱਪਰ ਆ ਕੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਈਪਸ਼ਨ ਕਲਿੱਕ ਕਰਵਾਈ ਗਈ ਸੀ ਪਰ ਬਾਵਜੂਦ ਇਸਦੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ।
ਉਹਨਾਂ ਕਿਹਾ ਕਿ ਯੂਨੀਅਨ ਵੱਲੋਂ 2018 ਦੀ ਪਾਲਿਸੀ ਅਧੀਨ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਉਹਨਾਂ ਦੇ ਵਫ਼ਦ ਦੀ ਮੀਟਿੰਗ ਮਾਣਯੋਗ ਸਿੱਖਿਆ ਮੰਤਰੀ ਪਰਗਟ ਸਿੰਘ ਜੀ ਨਾਲ ਹੋਈ ਹੈ । ਪਰਗਟ ਸਿੰਘ ਜੀ ਨੇ ਉਹਨਾਂ ਦੀ ਮੰਗ ਨੂੰ ਧਿਆਨ ਪੂਰਵਕ ਸੁਣਦਿਆਂ ਕਿਹਾ ਕਿ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਮੰਗ ਉਹਨਾਂ ਦੇ ਧਿਆਨ ਵਿੱਚ ਹੈ । ਉਹਨਾਂ ਇਸ ਸੰਬੰਧੀ ਇੱਕ ਹਫ਼ਤੇ ਅੰਦਰ ਕਾਰਵਾਈ ਕਰਨ ਦਾ ਵਿਸ਼ਵਾਸ ਦਵਾਇਆ ਹੈ ।
ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਵੱਲੋਂ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬਾਠ, ਮੁੱਖ ਬੁਲਾਰਾ ਹਰਪ੍ਰੀਤ ਸਿੰਘ ,ਪ੍ਰੈਸ ਸਕੱਤਰ ਗੁਰਦੀਪ ਸਿੰਘ ,ਵਿਕਾਸ ਪੁਰੀ ,ਵਿਪਨੀਤ ਕੌਰ ਸੰਯੁਕਤ ਸਕੱਤਰ, ਅੰਮ੍ਰਿਤਾ ਸਿੰਘ ਜਥੇਬੰਦਕ ਸਕੱਤਰ ,ਦਿਲਜੀਤ ਕੌਰ ਮੀਤ ਪ੍ਰਧਾਨ,ਪ੍ਰਭਜੋਤ ਕੌਰ ਮੀਤ ਪ੍ਰਧਾਨ,ਅਸ਼ਪ੍ਰੀਤ ਕੌਰ ਮੁਹਾਲੀ ਹਾਜਿਰ ਸਨ।

