ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪਟਿਆਲਾ ਨੇ ਸ਼ੁਰੂ ਕੀਤਾ ਈ-ਨਿਊਜ਼ਲੈਟਰ
ਪਟਿਆਲਾ, 11 ਅਕਤੂਬਰ:ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਕੌਮਾਂਤਰੀ ਬਾਲੜੀ ਦਿਵਸ ਮੌਕੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਪਟਿਆਲਾ ਨੇ ਆਪਣੀਆਂ ਗਤੀਵਿੱਧੀਆਂ ਤੇ ਪ੍ਰੋਗਰਾਮਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕਰਨ ਲਈ ਆਪਣਾ ਮਹੀਨਾਵਾਰ ਈ-ਨਿਊਜ਼ਲੈਟਰ ਸ਼ੁਰੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਈ-ਨਿਊਜ਼ਲੈਟਰ ਵਿੱਚ ਦਿਹਾਤੀ ਖੇਤਰਾਂ ‘ਚ ਕੌਮੀ ਅਤੇ ਰਾਜ ਆਜੀਵਿਕਾ ਮਿਸ਼ਨ ਤਹਿਤ ਬਣਾਏ ਗਏ ਸਵੈ ਸਹਾਇਤਾ ਗਰੁੱਪਾਂ ਵੱਲੋਂ ਕੀਤੀਆਂ ਜਾ ਰਹੀਆਂ ਆਜੀਵਿਕਾ ਗਤੀਵਿਧੀਆਂ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।
ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਇਸ ਈ-ਨਿਊਜ਼ਲੈਟਰ ਦਾ ਉਦੇਸ਼, ਸਵੈ ਸਹਾਇਤਾ ਗਰੁੱਪਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਆਮ ਲੋਕਾਂ ਤੱਕ ਪੁੱਜਦੀ ਕਰਨੀ ਹੈ, ਤਾਂ ਕਿ ਦਿਹਾਤੀ ਖੇਤਰ ਦੀਆਂ ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਅੱਗੇ ਵੱਧਣ ਅਤੇ ਆਪਣੀ ਵਿੱਤੀ ਸਥਿਤੀ ਮਜ਼ਬੂਤ ਕਰਨ ਦੇ ਹੋਰ ਖੁੱਲ੍ਹੇ ਮੌਕੇ ਪ੍ਰਦਾਨ ਕੀਤੇ ਜਾ ਸਕਣ।
ਏ.ਡੀ.ਸੀ. ਵਿਕਾਸ ਨੇ ਹੋਰ ਕਿਹਾ ਕਿ ਇਹ ਨਿਊਜ਼ਲੈਟਰ ਹਰ ਮਹੀਨੇ ਦੇ ਪਹਿਲੇ ਹਫ਼ਤੇ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਇਸ ‘ਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਟੀਮ ਵੱਲੋਂ ਆਪਣੇ ਵੱਲੋਂ ਅਤੇ ਹੋਰ ਵਿਭਾਗਾਂ ਦੇ ਨਾਲ ਮਿਲਕੇ ਕੀਤੀਆਂ ਗਤੀਵਿੱਧੀਆਂ ਦੀ ਜਾਣਕਾਰੀ ਵੀ ਉਪਲਬੱਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਨਿਊਜ਼ਲੈਟਰ ਨੂੰ ਹਾਸਲ ਕਰਨ ਲਈ ਵਿਭਾਗ ਦੀ ਵੈਬਸਾਈਟ https://aajeevikapatiala.eduqfix.com ਅਤੇ ਇੰਸਟਾਗ੍ਰਾਮ https://www.instagram.com/aajeevika2patiala/ ‘ਤੇ ਵੀ ਦੇਖਿਆ ਜਾ ਸਕਦਾ ਹੈ। ਇਸ ਤੋਂ ਬਿਨ੍ਹਾਂ ਵਿਭਾਗ ਦੀ ਈਮੇਲ dpm2patiala@gmail.com ‘ਤੇ ਸਬਸਕ੍ਰਾਈਬ ਲਿਖਕੇ ਭੇਜਣ ‘ਤੇ ਵੀ ਹਾਸਲ ਕੀਤਾ ਜਾ ਸਕਦਾ ਹੈ।

