ਵਰਲਡ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ “ਸ੍ਰੀ ਗੁਰੂ ਗ੍ਰੰਥ ਸਾਹਿਬ: ਸਮਕਾਲੀ ਸਰੋਕਾਰ” ਦੀ ਹੋਈ ਸ਼ੁਰੂਆਤ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ “ਸ੍ਰੀ ਗੁਰੂ ਗ੍ਰੰਥ ਸਾਹਿਬ: ਸਮਕਾਲੀ ਸਰੋਕਾਰ” ਵਿਸ਼ੇ ’ਤੇ ਦੋ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ ਹੋਈ ਜਿਸ ਦੇ ਉਦਘਾਟਨੀ ਸਮਾਗਮ ਦੀ ਸਰਪ੍ਰਸਤੀ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਅਜਾਇਬ ਸਿੰਘ ਬਰਾੜ, ਪ੍ਰੋ-ਚਾਂਸਲਰ ਨੇ ਆਖਿਆ ਕਿ ਅਜੋਕਾ ਵਿਸ਼ਵ ਬਹੁ-ਸੱਭਿਆਚਾਰਕ ਅਤੇ ਬਹੁ-ਵਿਸ਼ਵਾਸੀ ਬਣ ਚੁਕਿਆ ਹੈ ਜਿਸ ਵਿੱਚ ਕਿਸੇ ਇੱਕ ਸੱਭਿਆਚਾਰ ਜਾਂ ਵਿਸ਼ਵਾਸ ਦੀ ਲੰਬੜਦਾਰੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਪ੍ਰੋ. ਬਰਾੜ ਨੇ ਨਵੀਂ ਲਾਗੂ ਹੋਣ ਜਾ ਰਹੀ ਸਿੱਖਿਆ ਪ੍ਰਣਾਲੀ ਵਿਚ ਸ੍ਰੀ ਗੁਰੁੂ ਗ੍ਰੰਥ ਸਾਹਿਬ ਨਾਲ ਸਬੰਧਤ ਪੇਪਰ ਪੜ੍ਹਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਨੇ ਕਾਨਫਰੰਸ ਲਈ ਵਿੱਤੀ ਸਹਿਯੋਗ ਕਰਨ ਵਾਲੀ ਸੰਸਥਾ ਸਿੱਖ ਐਜੂਕੇਸ਼ਨ ਕਾਉਂਸਿਲ, ਯੂਕੇ ਦੀ ਵੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਰਾਜਸੀ, ਫਿਰਕੂ, ਵਰਗ-ਵੰਡ ਅਤੇਸੱਭਿਆਚਾਰਕ ਲਕੀਰਾਂ ਦੇ ਕੱਟੜ ਹੋਣ ਦੀ ਚੁਣੌਤੀ ਸਾਹਮਣੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਮਨੁੱਖਤਾ ਨੂੰ ਮੁੱਲਵਾਨ ਸੇਧ ਮਿਲ ਸਕਦੀ ਹੈ। ਵਾਈਸ-ਚਾਂਸਲਰ ਪ੍ਰੋ. ਪਰਿਤਪਾਲ ਸਿੰਘ ਨੇ ਕਿਹਾ ਕਿ ਗੁਰਬਾਣੀ ਅੰਦਰ ਨੀਹਿਤ ਅੰਤਰ-ਧਰਮ ਸੰਵਾਦ, ਸਹਿਹੋਂਦ ਅਤੇ ਸਰਬ-ਸਾਂਝੀਵਾਲਤਾ ਦੇ ਵਿਸ਼ਵ ਕਲਿਆਣਕਾਰੀ ਉਦੇਸ਼ ਨੂੰ ਸਾਹਮਣੇ ਰੱਖਦਿਆਂ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਗਈ ਸਲਾਨਾ ਅੰਤਰ-ਰਾਸ਼ਟਰੀ ਕਾਨਫਰੰਸ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਐਨ ਅਤੇ ਖੋਜ ਨੂੰ ਕੇਂਦਰ ਵਿੱਚ ਰੱਖਦਿਆਂ ਹਰੇਕ ਵਰ੍ਹੇ ਇੱਕ ਅੰਤਰ-ਰਾਸ਼ਟਰੀ ਕਾਨਫਰੰਸ ਕਰਵਾਈ ਜਾਏਗੀ। ਉਹਨਾਂ ਨੇ ਦੱਸਿਆ ਕਿ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ ਖੋਜਾਰਥੀਆਂ ਅਤੇ ਵਿਦਵਾਨਾਂ ਤੋਂ ਰਜਿਸਟਰੇਸ਼ਨ ਫੀਸ ਨਹੀਂ ਲਈ ਗਈ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮਕਾਲੀ ਸਰੋਕਾਰਾਂ ਨੂੰ ਤਿੰਨ ਪਹਿਲੂਆਂ ਰਾਹੀਂ ਸਮਝਾਉਣ ਦਾ ਯਤਨ ਕੀਤਾ, ਜਿਨ੍ਹਾਂ ਵਿਚ ਕ੍ਰਮਵਾਰ ਵਿਅਕਤੀਗਤ ਵਿਕਾਸ, ਸਮਾਜਿਕ ਪ੍ਰਬੰਧ ਅਤੇ ਵਾਤਾਵਰਣ ਚੇਤਨਾ ਉੱਪਰ ਚਾਨਣਾ ਪਾਇਆ।
ਹਾਜ਼ਰ ਪਤਵੰਤਿਆਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਦੱਸਿਆ ਕਿ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਇੱਕ ਸੌ ਪੰਜਾਹ ਦੇ ਕਰੀਬ ਖੋਜਾਰਥੀ ਅਤੇ ਵਿਦਵਾਨ ਹਿੱਸਾ ਲੈ ਰਹੇ ਹਨ। ਉਨ੍ਹਾਂ ਆਖਿਆ ਕਿ ਵਾਤਾਵਰਣ ਦੀ ਤਬਾਹੀ, ਮਨੁੱਖੀ ਹੱਕਾਂ ਦਾ ਘਾਣ, ਨਸ਼ਾ ਅਤੇ ਸਮਾਜਕ ਨਾਬਰਾਬਰੀ ਮਨੁੱਖਤਾ ਲਈ ਵੱਡੀਆਂ ਚੁਣੌਤੀਆਂ ਹਨ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਕਾਲ ਦੇ ਪ੍ਰਸੰਗ ਵਿੱਚ ਵਿਚਾਰਨਾ ਅਤੇ ਪ੍ਰਚਾਰਨਾ ਸਾਡਾ ਮੁੱਢਲਾ ਫਰਜ਼ ਹੈ। ਉਦਘਾਟਨੀ ਭਾਸ਼ਣ ਦੌਰਾਨ ਪ੍ਰੋ. ਬਲਵੰਤ ਸਿੰਘ ਢਿੱਲੋਂ, ਸੇਵਾ ਮੁਕਤ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਸੰਸਾਰ ਤੱਕ ਪਹੁੰਚਾਉਣ ਲਈ ਸਿੱਖੀ ਦੇ ਮਾਹਿਰਾਂ ਦੇ ਨਾਲ-ਨਾਲ ਵਿਸ਼ਵ ਧਰਮ-ਚਿੰਤਕਾਂ, ਦਾਰਸ਼ਨਿਕਾਂ, ਭਾਸ਼ਾ, ਸੰਗੀਤ, ਸਮਾਜ, ਰਾਜਨੀਤੀ, ਸਾਹਿਤ, ਤਕਨੀਕ ਅਤੇ ਵਿਗਿਆਨ ਦੇ ਬਹੁ-ਅਨੁਸ਼ਾਸਨੀ ਵਿਦਵਾਨਾਂ ਅਤੇ ਖੋਜੀਆਂ ਨੂੰ ਸ਼ਾਮਲ ਕੀਤੇ ਜਾਣ ਦੀ ਲੋੜ ਹੈ।ਇਸ ਮੌਕੇ ਸਿੱਖ ਐਜੂਕੇਸ਼ਨ ਕਾਉਂਸਿਲ, ਯੂਕੇ ਦੀ ਪ੍ਰਤਿਨਿਧ ਡਾ. ਰਜਨੀਸ਼ ਕੌਰ, ਯੂ.ਟੀ.ਆਈ. ਨਾਰਵੇ ਨੇ ਵੱਖ-ਵੱਖ ਅਨੁਸ਼ਾਸਨਾਂ ਦੇ ਨੌਜਵਾਨ ਖੋਜੀਆਂ ਅੰਦਰ ਗੁਰਬਾਣੀ ਦੇ ਅਧਿਐਨ ਅਤੇ ਖੋਜ ਦੀ ਰੁਚੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਹੱਲਾਸ਼ੇਰੀ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਹਰ ਮਨੁੱਖ ਸ੍ਰੀ ਗੁਰੁੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਉਸ ਤਰ੍ਹਾਂ ਦਾ ਜੀਵਨ ਜੀਵੇ, ਜਿਸ ਤਰ੍ਹਾਂ ਦਾ ਸੰਦੇਸ਼ ਗੁਰੁੂ ਨਾਨਕ ਦੇਵ ਜੀ ਗੁਰਬਾਣੀ ਰਾਹੀਂ ਦਿੰਦੇ ਹਨ। ਸਮਾਗਮ ਦੇ ਅਖੀਰ ਵਿੱਚ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਸਟੇਜ ਸੰਚਾਲਨ ਦਾ ਕਾਰਜ ਡਾ. ਹਰਦੇਵ ਸਿੰਘ, ਧਰਮ ਅਧਿਐਨ ਵਿਭਾਗ ਨੇ ਨਿਭਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਹਰਦੇਵ ਸਿੰਘ ਵਿਰਕ (ਸੇਵਾ ਮੁਕਤ), ਪ੍ਰਿੰ. ਜਸਬੀਰ ਕੌਰ, ਪ੍ਰੋ. ਹਰਕੀਰਤ ਕੌਰ (ਸੇਵਾ ਮੁਕਤ), ਪ੍ਰੋ. ਗੁਰਮੀਤ ਸਿੰਘ (ਸੇਵਾ ਮੁਕਤ), ਪ੍ਰੋ. ਪਰਮਵੀਰ ਸਿੰਘ, ਡਾ. ਚਮਕੌਰ ਸਿੰਘ, ਡਾ. ਕਿਰਨਦੀਪ ਕੌਰ, ਡਾ. ਅੰਕਦੀਪ ਕੌਰ, ਡਾ. ਰੁਬੀਨਾ ਬਾਜਵਾ, ਡਾ. ਚਰਨਕਮਲ ਸੇਖੋਂ, ਡਾ. ਹਰਨੀਤ ਬਿਲਿੰਗ, ਡਾ. ਨਵਸ਼ਗਨ ਕੌਰ, ਡਾ. ਨਵਦੀਪ ਕੌਰ, ਡਾ. ਜੋਗਾ ਸਿੰਘ, ਸ. ਜਗਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਇੰਚਾਰਜ ਹਾਜ਼ਰ ਸਨ।

