ਬਿਜਲੀ ਸੰਕਟ ਲਈ ਪੰਜਾਬ ਤੇ ਕੇਂਦਰ ਸਰਕਾਰ ਜ਼ਿੰਮੇਵਾਰ : ਪਰਮਿੰਦਰ ਢੀਂਡਸਾ
ਬਿਜਲੀ ਕੱਟਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਯੁਕਤ ਨੇ ਬਿਜਲੀ ਬੋਰਡ ਵਰਗੇ ਠੋਕਿਆ ਧਰਨਾ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਪੰਜਾਬ ਅਤੇ ਦੇਸ਼ ਵਿੱਚ ਲਗਾਤਾਰ ਚੱਲ ਰਹੇ ਬਿਜਲੀ ਸੰਕਟ ਦੇ ਚਲਦਿਆਂ ਜਿੱਥੇ ਜਨਤਾ ਨੂੰ ਬਿਜਲੀ ਦੀ ਤੋਟ ਆ ਰਹੀ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਬਿਜਲੀ ਸੰਕਟ ਅਤੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ। ਇਸ ਦੌਰਾਨ ਸਾਬਕਾ ਵਿੱਤ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ‘ਚ ਰਣਜੀਤ ਸਿੰਘ ਤਲਵੰਡੀ, ਕਰਨੈਲ ਸਿੰਘ ਪੀਰ ਮੁਹੰਮਦ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਆਦਿ ਹਾਜ਼ਰ ਸਨ ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬਿਜਲੀ ਸੰਕਟ ਲਈ ਪੰਜਾਬ ਤੇ ਕੇਂਦਰ ਦੀ ਸਰਕਾਰ ਮੁੱਖ ਤੌਰ ਤੇ ਜ਼ਿੰਮੇਵਾਰ ਹਨ ਜਿਨ੍ਹਾਂ ਕਰਕੇ ਅੱਜ ਪੰਜਾਬ ਦੇ ਲੋਕਾਂ ਨੂੰ ਬਿਜਲੀ ਸੰਕਟ ਵਿੱਚੋਂ ਲੰਘਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਗੈਰ ਜ਼ਿੰਮੇਵਾਰਨਾ ਰਵੱਈਏ ਕਾਰਨ ਅੱਜ ਪੰਜਾਬ ਦੇ ਲੋਕ ਅਤੇ ਕਿਸਾਨ ਮੰਦਹਾਲੀ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਦੀ ਨੌਬਤ ਨਹੀਂ ਆਉਣੀ ਸੀ ਜੇ ਸਰਕਾਰਾਂ ਨੇ ਦੋ ਤਿੰਨ ਮਹੀਨੇ ਪਹਿਲਾਂ ਹੀ ਕੋਲੇ ਦਾ ਕੋਟਾ ਵਧਾ ਕੇ ਰੱਖਿਆ ਹੁੰਦਾ,ਪ੍ਰੰਤੂ ਸਿਆਸਤ ਚਮਕਾਉਣ ਚ ਲੱਗੀਆਂ ਸਰਕਾਰਾਂ ਲੋਕਾਂ ਦੀ ਜ਼ਿੰਮੇਵਾਰੀ ਤੋਂ ਭੱਜਦਿਆਂ ਵਿਖਾਈ ਦਿੰਦੀਆਂ ਹਨ ਜਿਸ ਕਾਰਨ ਅੱਜ ਬਿਜਲੀ ਦਾ ਸੰਕਟ ਨਜ਼ਰ ਆ ਰਿਹਾ। ਸ ਢੀਂਡਸਾ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਖੇਤੀ ਕੁਨੂੰਨਾ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਅਗਲੀਆਂ ਫਸਲਾਂ ਨੂੰ ਲੈ ਕੇ ਬਿਜਲੀ ਸਪਲਾਈ ਵੀ ਪੂਰੀ ਨਹੀਂ ਮਿਲ ਰਹੀ ਜਿਸ ਕਰਕੇ ਕਿਸਾਨ ਹੋਰ ਵੀ ਪ੍ਰੇਸ਼ਾਨ ਹੋ ਰਹੀ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਅੱਠ ਘੰਟੇ ਬਿਜਲੀ ਵੀ ਪੂਰੀ ਨਹੀਂ ਮਿਲ ਰਹੀ ਜਦ ਕਿ ਚੌਵੀ ਘੰਟੇ ਬਿਜਲੀ ਸਪਲਾਈ ਦਿੱਤੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ।
ਇਸ ਮੌਕੇ ਪਰਮਿੰਦਰ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਮਿਰਤਕ ਆਸ਼ਰਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਮਾਇਤ ਕੀਤੀ ਜੋ ਲਗਾਤਾਰ ਬਿਜਲੀ ਬੋਰਡ ਅੱਗੇ ਨੌਕਰੀ ਲੈਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਇਸ ਮੌਕੇ ਬੇਰੁਜ਼ਗਾਰ ਲਾਈਨਮੈਨਾਂ ਦੀ ਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਹਮਾਇਤ ਕੀਤੀ ਗਈ। ਧਰਨੇ ਦੀ ਸਮਾਪਤੀ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਪ੍ਰਸ਼ਾਸਨ ਤੇ ਸਰਕਾਰ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਦਾ ਕੋਈ ਹੱਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਕੋਈ ਅਗਲਾ ਸਖ਼ਤ ਪ੍ਰੋਗਰਾਮ ਉਲੀਕ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਚਨ ਸਿੰਘ ਨਾਨੋਕੀ, ਗੁਰਬਚਨ ਸਿੰਘ ਬਚੀ,ਜਗਰੂਪ ਸਿੰਘ ਚੀਮਾ, ਬੱਬੀ ਬਾਦਲ, ਬੀਬੀ ਅਨੂਪਿੰਦਰ ਕੌਰ, ਬੀਬੀ ਸਵਰਾਜ ਘੁੰਮਣ ਅਤੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

