ਖ਼ਾਲਸਾ ਕਾਲਜ ਪਟਿਆਲਾ ਵੱਲੋਂ ਫ੍ਰੀ ਲੀਗਲ ਏਡ ਵਿਸ਼ੇ ’ਤੇ ਸੈਮੀਨਾਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਅੱਜ ਲੀਗਲ ਲਿਟਰੇਸੀ ਸੈੱਲ ਅਤੇ ਫੈਕਲਟੀ ਆਫ ਸੋਸ਼ਲ ਸਾਇੰਸ ਵੱਲੋਂ ‘ਫ੍ਰੀ ਲੀਗਲ ਏਡ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਡਾ. ਪੂਨਮਦੀਪ ਸਿੰਘ ਮੁਖੀ ਲੋਕ ਪ੍ਰਸ਼ਾਸਨ ਵਿਭਾਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਸਰਕਾਰ ਦੇ ਲੀਗਲ ਸਰਵਿਸ ਅਥਾਰਿਟੀ ਐਕਟ, 1987 ਦੀਆਂ ਵੱਖ-ਵੱਖ ਧਾਰਾਵਾਂ ਬਾਰੇ ਦੱਸਿਆ ਕਿ ਇਸ ਐਕਟ ਦੇ ਅਧੀਨ ਭਾਰਤ ਸਰਕਾਰ ਨੇ ਕੇਂਦਰੀ, ਰਾਜ, ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਫਰੀ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਾਨੂੰਨੀ ਸੇਵਾਵਾਂ ਅਥਾਰਟੀਆਂ ਅਤੇ ਕਮੇਟੀਆਂ ਸਥਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਔਰਤਾਂ, ਬੱਚਿਆਂ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਅਪੰਗ ਅਤੇ ਇੰਡਸਟ੍ਰੀਅਲ ਵਰਕਰਾਂ ਆਦਿ ਦੇ ਲਈ ਫ੍ਰੀ ਕਾਨੂੰਨੀ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਵਿਚ ਕੋਰਟ ਦੀ ਫੀਸਾਂ, ਵਕੀਲ ਦੀ ਫੀਸ ਤੋਂ ਬਿਨਾਂ ਹੋਰ ਵੀ ਸਾਰੀਆਂ ਫੀਸਾਂ ਦੀ ਮੁਆਫੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਸੰਬੰਧ ਵਿਚ ਲੋਕ ਅਦਾਲਤਾਂ ਅਤੇ ਹੋਰ ਫਾਸਟ ਟਰੈਕ ਕੋਰਟਾਂ ਦੀ ਕਾਰਵਾਈ ਬਾਰੇ ਵੀ ਗੱਲ ਕੀਤੀ।
ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਇਨ੍ਹਾਂ ਵਿਸ਼ਿਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਨ੍ਹਾਂ ਵਿਸ਼ਿਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਧਿਕਾਰਾਂ ਦੇ ਨਾਲ ਨਾਲ ਸਾਡੇ ਕਰਤੱਬਾਂ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਅਧਿਕਾਰਾਂ ਦੇ ਨਾਲ ਨਾਲ ਕਰਤੱਬਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ।
ਡੀਨ ਸੋਸ਼ਲ ਸਾਇੰਸਿਜ਼ ਪ੍ਰੋ. ਜਤਿੰਦਰ ਸਿੰਘ ਭੂਟਾਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ਿਆਂ ਦੀ ਜਾਗਰੂਕਤਾ ਸਾਡੇ ਸਭ ਲਈ ਬਹੁਤ ਜ਼ਰੂਰੀ ਹੈ। ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਸੋਸ਼ਲ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਵੀਰ ਸਿੰਘ ਅਤੇ ਡਿਫੈਂਸ ਵਿਭਾਗ ਦੇ ਮੁਖੀ ਡਾ. ਬਲਦੇਵ ਸਿੰਘ ਤੇ ਸਟਾਫ਼ ਮੈਂਬਰ ਵੀ ਹਾਜਰ ਸਨ ।

