ਪੰਜਾਬਪਟਿਆਲਾ

(ਜੀ.ਸੀ.ਟੀ.ਏ.) ਵੱਲੋਂ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਅੱਗੇ ਦਿੱਤਾ ਗਿਆ ਧਰਨਾ।

ਪਟਿਆਲਾ, 16 ਨਵੰਬਰ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੱਸਣਯੋਗ ਹੈ ਕਿ ਯੂ.ਜੀ.ਸੀ. ਦੇ ਸੱਤਵੇਂ ਤਨਖਾਹ ਸਕੇਲ ਨੂੰ ਲਾਗੂ ਕਰਨ ਅਤੇ ਯੂ ਜੀ ਸੀ ਦੇ ਤਨਖਾਹ ਸਕੇਲਾਂ ਤੋਂ ਡੀਲਿੰਕ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਲਈ ਯੂਨੀਵਰਸਿਟੀ ਅਤੇ ਕਾਲਜ ਅਧਿਆਪਕ ਅੰਦੋਲਨ ਕਰ ਰਹੇ ਹਨ। ਭਾਰਤ ਸਰਕਾਰ ਵੱਲੋਂ ਨਵੰਬਰ 2017 ਵਿੱਚ ਸੋਧੇ ਹੋਏ ਯੂ ਜੀ ਸੀ ਤਨਖਾਹ ਸਕੇਲਾਂ ਨੂੰ ਪੰਜਾਬ ਰਾਜ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ ਹੈ।ਨਤੀਜੇ ਵਜੋਂ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਆਪਕਾਂ ਨੂੰ ਵੀ ਸੋਧੇ ਹੋਏ ਤਨਖਾਹ ਸਕੇਲ ਨਹੀਂ ਮਿਲ ਰਹੇ ਕਿਉਂਕਿ ਉਹ ਪੰਜਾਬ ਦੇ ਨੋਟੀਫਿਕੇਸ਼ਨ ਨੂੰ ਹੀ ਮੰਨਦੇ ਹਨ। 19 ਅਕਤੂਬਰ ਨੂੰ , ਸ. ਪਰਗਟ ਸਿੰਘ, ਮੰਤਰੀ ਉਚੇਰੀ ਸਿੱਖਿਆ ਪੰਜਾਬ ਨੇ ਮੰਗਾਂ ਮੰਨਣ ‘ਤੇ ਅਧਿਆਪਕਾਂ ਵੱਲੋਂ 45 ਦਿਨਾਂ ਤੋਂ ਚੱਲ ਰਿਹਾ ਲੜੀਵਾਰ ਮਰਨ ਵਰਤ ਤੋੜਿਆ ਸੀ|
ਇਸ ਮੌਕੇ ਡਾ: ਭੁਪਿੰਦਰ ਸਿੰਘ ਵਿਰਕ (ਕੋਆਰਡੀਨੇਟਰ, ਪਟਿਆਲਾ-ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ) ਨੇ ਕਿਹਾ ਕਿ ਸਰਕਾਰ ਦੀ ਮੌਜੂਦਾ ਪਹੁੰਚ ਉਚੇਰੀ ਸਿੱਖਿਆ ਪੰਜਾਬ ਲਈ ਵਿਨਾਸ਼ਕਾਰੀ ਸਾਬਤ ਹੋਵੇਗੀ ਕਿਉਂਕਿ ਇਹ ਕੌਮੀ ਉਚੇਰੀ ਸਿੱਖਿਆ ਤੋਂ ਵੱਖ ਹੋ ਜਾਵੇਗੀ।

ਸਰਕਾਰ ਇਸ ਤੱਥ ਨੂੰ ਭੁੱਲ ਗਈ ਹੈ ਕਿ ਉੱਚ ਸਿੱਖਿਆ ਦੇ ਰੱਖ-ਰਖਾਅ ਦੇ ਮਾਪਦੰਡਾਂ ਲਈ ਯੂਜੀਸੀ ਦੁਆਰਾ ਜਾਰੀ ਨਿਯਮ ਸਮਵਰਤੀ ਸੂਚੀ ਦੇ ਇੱਕ ਵਿਸ਼ੇ ‘ਤੇ ਕੇਂਦਰੀ ਕਾਨੂੰਨ ਹੋਣ ਕਰਕੇ ਲਾਜ਼ਮੀ ਹਨ। ਸਾਰੀਆਂ ਸੰਸਥਾਵਾਂ ਯੂਜੀਸੀ, ਡੀਐੱਸਟੀ, ਡੀਬੀਟੀ ਅਤੇ ਭਾਰਤ ਸਰਕਾਰ ਦੇ ਹੋਰ ਵਿੰਗਾਂ ਤੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਖੋਜ ਅਤੇ ਵਿਕਾਸ ਗ੍ਰਾਂਟਾਂ ਲਈ ਅਯੋਗ ਹੋ ਜਾਣਗੀਆਂ। ਪ੍ਰੋ. ਰਾਜਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਸਕੱਤਰ ਪੀ.ਸੀ.ਸੀ.ਟੀ.ਯੂ. ਪਟਿਆਲਾ-ਫਤਹਿਗੜ੍ਹ ਸਾਹਿਬ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ । ਇਸ ਮੌਕੇ ਤੇ ਡਾ: ਬਰਜਿੰਦਰ ਸਿੰਘ ਟੌਹੜਾ ਪ੍ਰਧਾਨ ਜੀ.ਸੀ.ਟੀ.ਏ ਅਤੇ ਡਾ: ਸੁਖਜਿੰਦਰ ਸਿੰਘ ਬੁੱਟਰ, ਸਕੱਤਰ ਪੁਟਾ , ਡਾ: ਬਲਵਿੰਦਰ ਟਿਵਾਣਾ ਅਤੇ ਪ੍ਰੋ: ਕੇਸਰ ਸਿੰਘ ਭੰਗੂ (ਸੇਵਾਮੁਕਤ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ), ਡਾ. ਗੁਰਦੀਪ ਸਿੰਘ (ਪੀ.ਸੀ.ਸੀ.ਟੀ.ਯੂ. ਐਮ.ਐਮ.ਮੋਦੀ ਕਾਲਜ ਯੂਨਿਟ), ਪ੍ਰੋ: ਸਿਕੰਦਰ ਸਿੰਘ, ਡਾ: ਮਨਦੀਪ ਕੌਰ (ਪੀ.ਸੀ.ਸੀ.ਟੀ.ਯੂ. ਪੀ.ਐਮ.ਐਨ. ਕਾਲਜ ਰਾਜਪੁਰਾ ਯੂਨਿਟ), ਡਾ. ਹਰਜੋਧ ਸਿੰਘ ਮੈਂਬਰ ਸੈਨੇਟ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ: ਅਰਵਿੰਦਰ ਕਾਕੜਾ (ਪੀ.ਸੀ.ਸੀ.ਟੀ.ਯੂ. ਪਬਲਿਕ ਕਾਲਜ ਸਮਾਣਾ ਯੂਨਿਟ), ਡਾ: ਸ਼ਾਮ ਸੁੰਦਰ, ਡਾ: ਜਸਵਿੰਦਰ ਬਰਾੜ (ਸਾਬਕਾ ਪ੍ਰਧਾਨ ਪੁਟਾ) ਨੇ ਵੀ ਸੰਬੋਧਨ ਕੀਤਾ।
ਇਸ ਧਰਨੇ ਵਿੱਚ ਇਹ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ 23 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਮੋਰਿੰਡਾ ਵਿਖੇ ਅਧਿਆਪਕ ਜਥੇਬੰਦੀਆਂ ਦੀ ਲੀਡਰਸ਼ਿਪ ਵੱਲੋਂ ਗ੍ਰਿਫਤਾਰੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ।

Leave a Reply

Your email address will not be published. Required fields are marked *