ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉੱਤਰ ਪ੍ਰਦੇਸ਼ ਦੇ ਨੂਰਪੁਰ ਵਿਖੇ ਗੁਰਮਤਿ ਸਮਾਗਮ
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਨੇ ਭਰੀ ਹਾਜ਼ਰੀ
ਅੰਮ੍ਰਿਤਸਰ, 23 ਨਵੰਬਰ-(ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਉੱਤਰ ਪ੍ਰਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਬਿਜਨੌਰ ਦੇ ਕਸਬਾ ਨੂਰਪੁਰ ਵਿਖੇ ਵਿਸ਼ੇਸ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਮੇਤ ਅਹਿਮ ਸ਼ਖਸੀਅਤਾਂ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਹਾਜ਼ਰੀ ਭਰੀ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂਰਪੁਰ ਵੱਲੋਂ ਖਾਲਸਾ ਇੰਟਰ ਕਾਲਜ ਨੂਰਪੁਰ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਸੰਬੋਧਨ ਕਰਦਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ ਅੰਦਰ ਸਿੱਖੀ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਉਚੇਚੇ ਯਤਨ ਕੀਤੇ ਜਾਣਗੇ। ਇਸ ਤਹਿਤ ਯੂ ਪੀ ਸਿੱਖ ਮਿਸ਼ਨ ਹਾਪੁੜ ਵਿਖੇ ਹੋਰ ਪ੍ਰਚਾਰਕ ਤੇ ਢਾਡੀ ਕਵੀਸ਼ਰ ਜਥੇ ਭੇਜ ਕੇ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਵੀਚਾਰਧਾਰਾ ਨੂੰ ਨੌਜਾਨ ਪੀੜੀ ਵਿਚ ਪ੍ਰਚਾਰਨ ਦੀ ਵੱਡੀ ਲੋੜ ਹੈ, ਕਿਉਂਕਿ ਭਵਿੱਖ ਦੀ ਪੀੜ੍ਹੀ ਦੇ ਜਿੰਮੇ ਕੌਮ ਦੀਆਂ ਵੱਡੀਆਂ ਜਿੰਮੇਵਾਰੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਉੱਤਰ ਪ੍ਰਦੇਸ਼ ਅੰਦਰ ਸਿੱਖ ਮਿਸ਼ਨ ਰਾਹੀਂ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਕਾਰਜ਼ ਕਰ ਰਹੀ ਹੈ। ਜਿਸ ਨੂੰ ਹੋਰ ਤੇਜ ਕਰਦਿਆਂ ਘਰਿ ਘਰਿ ਅੰਦਰਿ ਧਰਮਸਾਲ ਲਹਿਰ ਤਹਿਤ ਵੱਖ-ਵੱਖ ਸ਼ਹਿਰਾਂ ਵਿਚ ਗੁਰਮਤਿ ਸਮਾਗਮ ਕਰਵਾਏ ਜਾਣਗੇ। ਜਿਸ ਤਹਿਤ ਅੰਮ੍ਰਿਤ ਸੰਚਾਰ ਸਮਾਗਮ ਵੀ ਹੋਣਗੇ ਤੇ ਵੱਡੀ ਪੱਧਰ ਤੇ ਧਾਰਮਿਕ ਲਿਟਰੇਚਰ ਵੀ ਵੰਡਿਆਂ ਜਾਵੇਗਾ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਦਾ ਹਰ ਸਿੱਖ ਨੂੰ ਸਹਿਯੋਗੀ ਬਨਣਾ ਚਾਹੀਦਾ ਹੈ। ਸਮਾਗਮ ਦੌਰਾਨ ਸਥਾਨਕ ਸੰਗਤਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਮਤਿ ਸਮਾਗਮ ਵਿਚ ਇਲਾਕੇ ਦੀਆਂ ਸਮੂਹ ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਤੇ ਪੰਥਕ ਜਥੇਬੰਦੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਿੱਖ ਮਿਸ਼ਨ ਯੂ. ਪੀ. ਹਾਪੁੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ ਦੀ ਅਗਵਾਈ ਹੇਠ ਪ੍ਰਚਾਰਕ ਜਥਿਆਂ ਨੇ ਪ੍ਰੋਗਰਾਮ ਦੀ ਸਫਲਤਾ ਲਈ ਸੰਗਤਾਂ ਨੂੰ ਪ੍ਰੇਰਨਾ ਕੀਤੀ।
ਇਸ ਮੌਕੇ ਓਐਸਡੀ ਡਾ, ਅਮਰੀਕ ਸਿੰਘ ਲਤੀਫਪੁਰ, ਇੰਚਾਰਜ ਸ. ਬ੍ਰਿਜਪਾਲ ਸਿੰਘ, ਸ. ਸੁਰਿੰਦਰ ਸਿੰਘ ਸਮਾਨਾ ਇੰਚਾਰਜ ਦਿੱਲੀ ਮਿਸ਼ਨ, ਪ੍ਰਚਾਰਕ ਭਾਈ ਕਰਮ ਸਿੰਘ, ਸ. ਰਜਿੰਦਰ ਸਿੰਘ ਪ੍ਰਿੰਸ਼, ਸ. ਹਰਭਜਨ ਸਿੰਘ, ਸ. ਗੁਰਨਾਮ ਸਿੰਘ, ਸ.ਸੰਜੂ ਸਿੰਘ, ਸ. ਵਰਿੰਦਰ ਸਿੰਘ, ਸ. ਕਰਮਜੀਤ ਸਿੰਘ ਨੂਰ, ਸ. ਦਰਸ਼ਨ ਸਿੰਘ, ਸ. ਬ੍ਰਹਮਜੋਤ ਸਿੰਘ, ਸ. ਰਾਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

