ਪੰਜਾਬ

ਕੇਜਰੀਵਾਲ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕਰਕੇ ਪੰਜਾਬੀਆਂ ਨੂੰ ਬੇਇੱਜਤ ਕੀਤਾ : ਗੜ੍ਹੀ

ਜਲੰਧਰ/ਫਗਵਾੜਾ 24 ਨਵੰਬਰ,(ਮਧੂਸਾਰ ਬਿਊਰੋ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਮੋਗਾ ਵਿਖੇ ਰੈਲੀ ਦੇ ਦੌਰਾਨ ਪੰਜਾਬ ਦੀ ਮਾਂ, ਨੂੰਹ, ਬੇਟੀ ਅਤੇ ਹਰ ਉਸ ਮਹਿਲਾ ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ, ਦੇ ਖਾਤੇ ਵਿਚ ਹਰ ਮਹੀਨੇ 1000 ਰੁਪਏ ਦੇਣ ਦੇ ਐਲਾਨ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਵਿਚ ਆ ਕੇ ਡਰਾਮੇਬਾਜ਼ੀ ਕਰ ਰਿਹਾ ਹੈ। ਕੇਜਰੀਵਾਲ ਨੇ ਪੰਜਾਬ ਵਿਚ ਆ ਕੇ 1000 ਰੁਪਏ ਦੇਣ ਦਾ ਐਲਾਨ ਕਰਕੇ ਪੰਜਾਬੀਆਂ ਦਾ ਮਜ਼ਾਕ ਉਡਾਇਆ ਹੈ।

ਗੜ੍ਹੀ ਨੇ ਕਿਹਾ ਕਿ ਕੇਜਰੀਵਾਲ ਨੇ ਸਟੇਜ ’ਤੇ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਦੇ ਘਰਵਾਲਿਆਂ ਨੇ ਉਨ੍ਹਾਂ ਨੂੰ ਕਈ ਸਾਲਾਂ ਤੋਂ ਨਵਾਂ ਸੂਟ ਨਹੀਂ ਲੈ ਕੇ ਦਿੱਤਾ 1000 ਰੁਪਏ ਨਾਲ ਉਹ ਨਵਾਂ ਸੂਟ ਲੈ ਸਕਣਗੀਆਂ, ਮਾਂਵਾਂ ਆਪਣੇ ਬੱਚਿਆਂ ਨੂੰ ਖਾਣ ਪੀਣ ਦੀਆਂ ਚੀਜ਼ਾ ਲੈ ਕੇ ਦੇ ਸਕਦੀਆਂ ਹਨ, ਵਿਦਿਆਰਥਣਾਂ 1000 ਰੁਪਏ ਨਾਲ ਕਾਲਜ ਜਾਏਗੀ। ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਬੇਅਦਬੀ ਹੈ। ਗੜ੍ਹੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪਹਿਲਾਂ ਸਾਡੀਆਂ ਪੰਜਾਬ ਦੀਆਂ ਮਾਂ, ਬੇਟੀ ਅਤੇ ਨੂੰਹਾਂ ਨੂੰ ਦਿੱਲੀ ਦਾ ਇਕ ਵੀ ਘਰ ਦਿਖਾ ਦੇਣ ਜਿੱਥੇ ਦਿੱਲੀ ਸਰਕਾਰ ਮਹਿਲਾਵਾਂ ਨੂੰ 1000 ਰੁਪਏ ਦੇ ਰਹੀ ਹੈ। ਗੜ੍ਹੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ 24 ਘੰਟੇ ਦੇ ਅੰਦਰ ਉਹ ਇਹ ਡਾਟਾ ਪੰਜਾਬ ਦੇ ਲੋਕਾਂ ਨਾਲ ਸਾਂਝਾ ਕਰੇ ਨਹੀਂ ਤਾਂ ਅਸੀਂ ਪੂਰੇ ਪੰਜਾਬ ਵਿਚ ਕੇਜਰੀਵਾਲ ਦੀ ਅਸਲ ਸੱਚਾਈ ਬੇਨਕਾਬ ਕਰਾਂਗੇ। ਗੜ੍ਹੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਜਰੀਵਾਲ ਦੀ ਡਰਾਮੇਬਾਜ਼ੀ ਵਿਚ ਨਾ ਆਉਣ ਕਿਉਂਕਿ ਇਹ ਪੰਜਾਬ ਵਿਚ ਆਪਣੇ ਪੈਰ ਜਮਾਉਣ ਦੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।

Leave a Reply

Your email address will not be published. Required fields are marked *