ਖਾਲਸਾ ਕਾਲਜ ਵਿਖੇ 114ਵੀਂ ਕਾਨਵੋਕੇਸ਼ਨ ’ਚ 1700 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਸਹੀ ਗਿਆਨ ਨਾਲ ਕੁਝ ਵੀ ਅਸੰਭਵ ਨਹੀਂ: ਸਤਿਆਜੀਤ ਮਜੀਠੀਆ
ਅੰਮ੍ਰਿਤਸਰ, 27 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ)ਖਾਲਸਾ ਕਾਲਜ ਗਵਰਨਿੰਗ ਕੌਂਸਲ (ਕੇਸੀਜੀਸੀ) ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਵਲੋਂ ਅੱਜ ਇਤਿਹਾਸਕ ਖਾਲਸਾ ਕਾਲਜ ਦੀ 114ਵੀਂ ਸਲਾਨਾ ਕਾਨਵੋਕੇਸ਼ਨ ਦੌਰਾਨ ਐਮ. ਫ਼ਿਲ, ਪੋਸਟ-ਗ੍ਰੈਜੂਏਟ ਅਤੇ ਗ੍ਰੈਜੂਏਟ ਜਮਾਤਾਂ ਦੇ ਕਰੀਬ 1700 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਸ ਮੌਕੇ ਸ: ਮਜੀਠੀਆ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਹੀ ਗਿਆਨ ਅਤੇ ਜਾਣਕਾਰੀ ਪ੍ਰਾਪਤ ਕਰਨ ’ਤੇ ਕੁਝ ਵੀ ਅਸੰਭਵ ਨਹੀਂ ਹੈ। ਸ: ਮਜੀਠੀਆ ਨੇ ਜੀਵਨ ਦੇ ‘ਸਹੀ ਅਰਥ’ ਲਈ ਮਿਆਰੀ ਸਿੱਖਿਆ ਅਤੇ ਅਧਿਆਤਮਕ ਮਾਰਗ ’ਤੇ ਜ਼ੋਰ ਦਿੱਤਾ।

ਸ: ਮਜੀਠੀਆ ਨੇ ਸਫਲ ਜੀਵਨ ਜੀਣ ਵਾਲੀਆਂ ਸਖਸ਼ੀਅਤਾਂ ਦੀਆਂ ਵੱਖ-ਵੱਖ ਉਦਾਹਰਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਹੀ ਸਿੱਖਿਆ ਪ੍ਰਾਪਤ ਕਰਕੇ ਅਤੇ ਉਸਾਰੂ ਜੀਵਨ ਜਾਂਚ ਅਪਨਾ ਕੇ ਬੁਲੰਦੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਡਿਗਰੀਆਂ ਹਾਸਲ ਕਰਨ ਨਾਲ ਇਨਸਾਨ ਦੀ ਪੜ੍ਹਾਈ ਖ਼ਤਮ ਨਹੀਂ ਹੁੰਦੀ, ਸਗੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਅਤੇ ਮਹਾਪੁਰਸ਼ਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਅਸੀਂ ਜੀਵਨ ਦੇ ਸਫ਼ਰ ਨੂੰ ਸੁਖਾਲਾ ਬਣਾ ਸਕਦੇ ਹਾਂ। ਹੁਣ ਅਗਾਂਹ ਭਵਿੱਖ ’ਚ ਵਿਦਿਆਰਥੀ ਆਪਣੇ ਜੀਵਨ ਤੋਂ ਚੁਣੌਤੀਆਂ ਨੂੰ ਸਰ ਕਰਨ ਦਾ ਸਬਕ ਸਿੱਖਣਗੇ।
ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ’ਚ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਅਸੀਂ ਸਾਰੀ ਉਮਰ ਵਿਦਿਆਰਥੀ ਹੀ ਰਹਿੰਦੇ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ: ਮਜੀਠੀਆ ਵਰਗੀ ਉੱਘੀ ਸ਼ਖਸੀਅਤ ਤੋਂ ਡਿਗਰੀਆਂ ਪ੍ਰਾਪਤ ਕਰਨ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਕਦੇ ਵੀ ਸਿੱਖਣਾ ਛੱਡਣਾ ਨਹੀਂ ਚਾਹੀਦਾ ਅਤੇ ਜੋ ਵਿਅਕਤੀ ਖ਼ੁਦ ਨੂੰ ਜੀਵਨ ਭਰ ਵਿਦਿਆਰਥੀ ਸਮਝਦਾ ਹੈ ਉਹ ਸਫਲ ਹੁੰਦਾ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀਆਂ ਵਿੱਦਿਅਕ, ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ’ਚ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਦੀ ਯੋਗ ਅਗਵਾਈ ਹੇਠ ਕਾਲਜ ਨੇ ਤਰੱਕੀ ਕੀਤੀ ਹੈ ਅਤੇ ਵਿਦਿਆਰਥੀਆਂ ਨੇ ਸਾਲਾਨਾ ਇਮਤਿਹਾਨਾਂ ਦੇ ਨਾਲ-ਨਾਲ ਖੇਡਾਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਅੱਜ ਡਿਗਰੀਆਂ, ਗੋਲਡ ਮੈਡਲ ਅਤੇ ਮੈਰੀਟੋਰੀਅਸ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਰਾਜਬੀਰ ਸਿੰਘ, ਸਰਦੂਲ ਸਿੰਘ ਮੰਨਨ, ਮੈਂਬਰ ਪਰਮਜੀਤ ਸਿੰਘ ਬੱਲ, ਲਖਵਿੰਦਰ ਸਿੰਘ ਢਿੱਲੋਂ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਤੋਂ ਇਲਾਵਾ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

