ਸਿਆਸੀ ਪੱਖ ਤੋਂ ਵੀ ਵੱਡੇ ਅਰਥ ਰੱਖਦੀ ਹੈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਹੋਈ ਚੋਣ
ਸ਼੍ਰੀ ਆਨੰਦਪੁਰ ਸਹਿਬ (ਤਲਵਿੰਦਰ ਸਿੰਘ ਬੁੱਟਰ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਚੋਣ ਇਜਲਾਸ ਵਿਚ ਸੋਮਵਾਰ ਨੂੰ ਹੋਈ ਕਾਰਜਕਾਰਨੀ ਕਮੇਟੀ ਦੀ ਚੋਣ ਸਿਆਸੀ ਪੱਖ ਤੋਂ ਵੀ ਅਹਿਮੀਅਤ ਰੱਖਦੀ ਹੈ। ਜਿੱਥੇ ਇਸ ਵਾਰ ਦੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨਵੇਂ ਸਾਲ ਵਿਚ ਹੋਣ ਵਾਲੀਆਂ ਸੂਬਾਈ ਚੋਣਾਂ ਕਰਕੇ ਮਹੱਤਵਪੂਰਨ ਹੈ ਉੱਥੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਹੋਣ ਦੀ ਸੰਭਾਵਨਾ ਨੂੰ ਲੈ ਕੇ ਵੀ ਵਿਸ਼ੇਸ਼ ਮਹੱਤਤਾ ਦੀ ਧਾਰਨਾ ਰੱਖਦੀ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਇਕ ਨਿਰੋਲ ਧਾਰਮਿਕ ਸੰਸਥਾ ਹੈ ਪਰ ਇਸ ਸੰਸਥਾ ਦਾ ਸ਼ੁਰੂ ਤੋਂ ਪੰਜਾਬ ਦੀ ਸਿਆਸਤ ‘ਤੇ ਵੀ ਵੱਡਾ ਪ੍ਰਭਾਵ ਰਿਹਾ ਹੈ। ਇਸ ਕਰਕੇ ਇਸ ਵਾਰ ਪ੍ਰਧਾਨ ਸਮੇਤ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਕਾਰਜਕਾਰਨੀ ਕਮੇਟੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਆਗਾਮੀ ਵਿਧਾਨ ਸਭਾ ਚੋਣਾਂ ਦੀ ਵਿਉਂਤਬੰਦੀ ਦੇ ਪ੍ਰਭਾਵ ਤੋਂ ਬਾਹਰ ਨਹੀਂ ਰਹੀ।
ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪੰਥਕ ਕੇਡਰ ਦੇ ਬੇਦਾਵੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਵਿਚ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਲੈ ਕੇ ਪੰਥ ਵਿਚ ਉਦਾਸੀਨਤਾ ਪਾਈ ਜਾ ਰਹੀ ਹੈ, ਉਸ ਨੂੰ ਦੂਰ ਕਰਕੇ ਮੁੜ ਪੰਥਕ ਜਾਹੋ-ਜਲਾਲ ਹਾਸਲ ਕਰਨ ਦੇ ਪੈਂਤੜੇ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਭਾਈ ਧਾਮੀ ਇਕ ਪੰਥਪ੍ਰਸਤ, ਸਮਰਪਿਤ, ਇਮਾਨਦਾਰ ਅਤੇ ਬੇਦਾਗ ਸ਼ਖ਼ਸੀਅਤ ਮੰਨੇ ਜਾਂਦੇ ਹਨ। ਉਹ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੇ ਵਾਹਵਾ ਨਜ਼ਦੀਕੀ ਸਮਝੇ ਜਾਂਦੇ ਹਨ ਅਤੇ ਦੁਆਬਾ ਦੇ ਹੁਸ਼ਿਆਰਪੁਰ ਖੇਤਰ ਵਿਚ ਵਧੀਆ ਜਨਤਕ ਆਧਾਰ ਰੱਖਦੇ ਹਨ। ਹਾਲਾਂਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਈ ਧਾਮੀ ਆਪਣੀ ਕੀਤੀ ਚੋਣ ਨੂੰ ਸਾਰਥਿਕ ਬਣਾਉਣ ਵਿਚ ਕਿੱਥੋਂ ਤੱਕ ਸਫਲ ਹੁੰਦੇ ਹਨ, ਪਰ ਉਨ੍ਹਾਂ ਦੀ ਚੋਣ ਨਾਲ ਅਕਾਲੀ ਦਲ ਨੇ ਜਿੱਥੇ ਸੰਤ ਸਮਾਜ ਦਾ ਭਰੋਸਾ ਕਾਇਮ ਰੱਖਣ ਵਿਚ ਸਫਲਤਾ ਹਾਸਲ ਕੀਤੀ ਹੈ, ਉੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਪ੍ਰਤੀ ਪੰਥਕ ਧਿਰਾਂ ਦੇ ਵਿਰੋਧ ਨੂੰ ਕਾਫੀ ਹੱਦ ਤੱਕ ਬੇਅਸਰ ਕਰਨ ਵਿਚ ਵੀ ਕਾਮਯਾਬੀ ਹਾਸਲ ਕੀਤੀ ਹੈ। ਇਸ ਦੀ ਮਿਸਾਲ ਹੈ ਕਿ ਕਈ ਗਰਮ-ਖ਼ਿਆਲੀ ਸਿੱਖ ਕਾਰਕੁੰਨਾਂ ਨੇ ਵੀ ਫੇਸਬੁਕ ‘ਤੇ ਭਾਈ ਧਾਮੀ ਦੀ ਨਿਯੁਕਤੀ ‘ਤੇ ਖ਼ੁਸ਼ੀ ਜਤਾਉਂਦਿਆਂ ਉਨ੍ਹਾਂ ਤੋਂ ਪੰਥ ਦੇ ਭਲੇ ਲਈ ਕਾਫ਼ੀ ਆਸਾਂ-ਉਮੀਦਾਂ ਦਾ ਪ੍ਰਗਟਾਵਾ ਕੀਤਾ ਹੈ। ਆਗਾਮੀ ਚੋਣਾਂ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅਕਾਲੀ ਦਲ ਦੇ ਹੱਕ ‘ਚ ਸਿੱਖ ਵੋਟਾਂ ਜੁਟਾਉਣ ਵਿਚ ਅਹਿਮ ਭੂਮਿਕਾ ਰਹੇਗੀ।
ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਵਜੋਂ ਰਘੂਜੀਤ ਸਿੰਘ ਵਿਰਕ ਦੀ ਵਾਪਸੀ, ਹਰਿਆਣਾ ਵਿਚ ਅਕਾਲੀ ਦਲ ਦੇ ਕੇਡਰ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਜੋਂ ਵੇਖੀ ਜਾ ਰਹੀ ਹੈ। ਤਿੰਨ ਸਾਲ ਪਹਿਲਾਂ ਵੀ ਰਘੂਜੀਤ ਸਿੰਘ ਵਿਰਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਚੁੱਕੇ ਸਨ। ਉਹ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਹੋਣ ਦੇ ਨਾਲ-ਨਾਲ ਹਰਿਆਣਾ ਵਿਚ ਅਕਾਲੀ ਦਲ ਦੀ ਤਾਕਤ ਦੇ ਸਰੋਤ ਮੰਨੇ ਜਾਂਦੇ ਹਨ। ਜੂਨੀਅਰ ਮੀਤ ਪ੍ਰਧਾਨ ਵਜੋਂ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਚੋਣ ਜਿੱਥੇ ਪੱਛੜੀਆਂ ਸ਼੍ਰੇਣੀਆਂ ਦਾ ਵਿਸ਼ਵਾਸ ਕਾਇਮ ਰੱਖਣ ਦੀ ਇਕ ਰਵਾਇਤੀ ਕੋਸ਼ਿਸ਼ ਹੈ, ਉੱਥੇ ਮਿਸ਼ਨਰੀ ਸਿੱਖਾਂ ਨੂੰ ਅਕਾਲੀ ਦਲ ਦੇ ਨੇੜੇ ਲਿਆਉਣ ਦੀ ਇੱਛਾ-ਸ਼ਕਤੀ ਦਾ ਇਕ ਹਿੱਸਾ ਹੈ। ਹਾਲਾਂਕਿ ਪਿਛਲੇ ਸਮੇਂ ਤੋਂ ਮਿਸ਼ਨਰੀ ਧਿਰਾਂ ਨੂੰ ਸਿੱਖਾਂ ਦੀ ਮੁੱਖ ਧਾਰਾ ਤੋਂ ਥੋੜ੍ਹਾ ਜਿਹਾ ਵੱਖ ਕਰਕੇ ਵੇਖਿਆ ਜਾਂਦਾ ਰਿਹਾ ਹੈ ਅਤੇ ਆਮ ਤੌਰ ‘ਤੇ ਇਸ ਜਮਾਤ ਨੂੰ ਅਕਾਲੀ ਦਲ ਦੀ ਵਿਰੋਧੀ ਸਮਝਿਆ ਜਾਂਦਾ ਰਿਹਾ ਹੈ। ਇਸ ਪ੍ਰਭਾਵ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੰਤ ਸਮਾਜ ਜੋ ਕਿ ਮਿਸ਼ਨਰੀ ਵਿਚਾਰਧਾਰਾ ਦੇ ਉਲਟ ਹੈ, ਉਸ ਦਾ ਅਕਾਲੀ ਦਲ ਵਿਚ ਚੰਗਾ ਰਸੂਖ ਰਿਹਾ ਹੈ। ਮਿਸ਼ਨਰੀ ਸਿੱਖਾਂ ਨੂੰ ਕਦੇ ਵੀ ਅਕਾਲੀ ਦਲ ਦੇ ਨੇੜੇ ਲਿਆਉਣ ਦੀ ਕੋਈ ਵੱਡੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਨਾ ਹੀ ਕਦੇ ਮਿਸ਼ਨਰੀ ਧੜਾ ਸਿਆਸੀ ਜਾਵੀਏ ਤੋਂ ਅਕਾਲੀ ਦਲ ਨੂੰ ਆਪਣੀ ਅਹਿਮੀਅਤ ਅਤੇ ਲੋੜ ਹੀ ਦਰਸਾ ਸਕਿਆ। ਪਰ ਬੀਬੀ ਜਗੀਰ ਕੌਰ ਨੇ ਪਿਛਲੇ ਮਹੀਨਿਆਂ ਦੌਰਾਨ ਮਿਸ਼ਨਰੀ ਸਿੱਖਾਂ ਦਾ ਇਕ ਸੰਮੇਲਨ ਕਰਵਾ ਕੇ ਜਿੱਥੇ ਅਕਾਲੀ ਦਲ ਅੱਗੇ ਮਿਸ਼ਨਰੀ ਸਿੱਖਾਂ ਦੀ ਸਿਆਸੀ ਵੁੱਕਤ ਬਣਾਈ ਸੀ ਉੱਥੇ ਹੀ ਮਿਸ਼ਨਰੀਆਂ ਨੂੰ ਵੀ ਇਕ ਆਸ ਦੀ ਕਿਰਨ ਦਿਖਾਈ ਸੀ। ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਅਹੁਦੇ ਤੋਂ ਲਾਂਭੇ ਕਰਨ ਦੇ ਕਾਰਨ ਭਾਵੇਂ ਕੋਈ ਵੀ ਹੋਣ, ਪਰ ਅਕਾਲੀ ਦਲ ਨੂੰ ਇਸ ਦੇ ਕਾਰਨ ਮਿਸ਼ਨਰੀਆਂ ਦੇ ਵਿਰੋਧ ਦਾ ਖ਼ਦਸ਼ਾ ਸੀ, ਜਿਸ ਦੇ ਮੱਦੇਨਜ਼ਰ ਸਿੱਖ ਮਿਸ਼ਨਰੀ ਕਾਲਜ ਦੇ ਵਿਦਵਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ ਬਣਾ ਕੇ ਮਿਸ਼ਨਰੀ ਸਿੱਖਾਂ ਨੂੰ ਵੀ ਅਕਾਲੀ ਦਲ ਦੇ ਨੇੜੇ ਲਿਆ ਕੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਵੋਟ ਬੈਂਕ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਨਰਲ ਸਕੱਤਰ ਵਜੋਂ ਕਰਨੈਲ ਸਿੰਘ ਪੰਜੌਲੀ ਦੀ ਚੋਣ ਟੌਹੜਾ ਧੜੇ ਨੂੰ ਨਾਲ ਲੈ ਕੇ ਚੱਲਣ ਅਤੇ ਸੰਘਰਸ਼ਸ਼ੀਲ ਰਹੇ ਸਿੱਖਾਂ ਦਾ ਵਿਸ਼ਵਾਸ ਜਿੱਤਣ ਦਾ ਪੈਂਤੜਾ ਮੰਨਿਆ ਜਾ ਰਿਹਾ ਹੈ। ਭਾਈ ਪੰਜੌਲੀ ਜਿੱਥੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਬੇਹੱਦ ਨਜ਼ਦੀਕ ਰਹੇ ਹਨ, ਉੱਥੇ ਸਿੱਖ ਸੰਘਰਸ਼ ਵੇਲੇ ਵੀ ਸਰਗਰਮ ਰਹੇ ਹਨ। ਹੁਣ ਵੀ ਉਨ੍ਹਾਂ ਨੂੰ ਅਕਾਲੀ ਦਲ ਦੇ ਨਾਲ ਰਹਿ ਕੇ ਵੀ ਬੇਬਾਕ ਬੋਲਣ ਕਰਕੇ ਵੱਖਰੀ ਤਰ੍ਹਾਂ ਵੇਖਿਆ ਜਾਂਦਾ ਹੈ।
ਇਸੇ ਤਰ੍ਹਾਂ ਗਿਆਰਾਂ ਮੈਂਬਰੀ ਕਾਰਜਕਾਰਨੀ ਵਿਚ ਗੁਰਿੰਦਰਪਾਲ ਸਿੰਘ ਗੋਰਾ ਨੂੰ ਗੁਰਦਾਸਪੁਰ ਜ਼ਿਲ੍ਹੇ ਵਿਚ ਅਕਾਲੀ ਦਲ ਦੀ ਪਕੜ ਮਜ਼ਬੂਤ ਕਰਨ, ਬਲਵਿੰਦਰ ਸਿੰਹ ਵੇਈਂਪੂਈਂ ਨੂੰ ਬਾਗੀ ਹੋਏ ਬ੍ਰਹਮਪੁਰਾ ਦੇ ਗੜ੍ਹ ਖਡੂਰ ਸਾਹਿਬ ਖੇਤਰ ਵਿਚ ਅਕਾਲੀ ਦਲ ਦੇ ਕੇਡਰ ਨੂੰ ਉਤਸ਼ਾਹਿਤ ਕਰਨ ਅਤੇ ਸੁਰਜੀਤ ਸਿੰਘ ਗੜ੍ਹੀ ਨੂੰ ਰਾਜਪੁਰਾ, ਪਟਿਆਲਾ ਅਤੇ ਡੇਰਾਬਸੀ ਖੇਤਰ ਵਿਚ ਰਾਜਪੂਤ ਸਿੱਖਾਂ ਨੂੰ ਨੇੜੇ ਲਿਆਉਣ ਦੀਆਂ ਕੋਸ਼ਿਸ਼ਾਂ ਵਜੋਂ ਵੇਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਕਾਰਜਕਾਰਨੀ ਵਿਚ ਕੁਝ ਹੋਰ ਮੈਂਬਰ ਜਿਵੇਂ ਬੀਬੀ ਗੁਰਪ੍ਰੀਤ ਕੌਰ ਰੂਹੀ, ਜਰਨੈਲ ਸਿੰਘ ਡੋਗਰਾਂਵਾਲਾ ਅਤੇ ਸਰਵਣ ਸਿੰਘ ਕੁਲਾਰ ਭਾਵੇਂ ਪਹਿਲਾਂ ਵੀ ਕਾਰਜਕਾਰਨੀ ਦਾ ਹਿੱਸਾ ਰਹਿ ਚੁੱਕੇ ਹਨ ਪਰ ਆਗੀ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਕਾਫੀ ਅਹਿਮੀਅਤ ਰੱਖਦੇ ਹਨ।
ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਕਮੇਟੀ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਅਤੇ ਸੰਭਾਵੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਸੰਤ ਸਮਾਜ, ਮਿਸ਼ਨਰੀ ਸਿੱਖ, ਨਰਮ-ਗਰਮ ਧੜੇ, ਸਭ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ।

