ਪਟਿਆਲਾ ਦਿਹਾਤੀ ਦੇ ਲੋਕਾਂ ਦੀਆਂ ਬਿੱਟੂ ਚੱਠਾ ਨੇ ਸੁਨੀਆਂ ਸਮੱਸਿਆਵਾਂ
ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢੀ ਜਮਕੇ ਭੜਾਸ : ਦੇਣਗੇ ਬਿੱਟੂ ਨੂੰ ਸਮਰਥਨ
ਹਰ ਤਬਕੇ ਦੀ ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ ‘ਤੇ ਲਈ ਜਾਵੇਗੀ ਸਾਰ
ਪਟਿਆਲਾ, 12 ਦਸੰਬਰ ((ਰਮਨਦੀਪ/ਮਧੂਸਾਰ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਨੇ ਅੱਜ ਪਟਿਆਲਾ ਦਿਹਾਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਘਰ ਘਰ ਜਾ ਕੇ ਲੋਕਾਂ ਦਾ ਹਾਲ ਵੀ ਜਾਣਿਆ। ਇਸ ਮੌਕੇ ਲੋਕਾਂ ਨੇ ਵੀ ਬਿੱਟੂ ਚੱਠਾ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦਿਆਂ ਪੰਜਾਬ ਸਰਕਾਰ ਵਿਰੁੱਧ ਜਮਕੇ ਭੜਾਸ ਕੱਢੀ ਅਤੇ ਬਿੱਟੂ ਚੱਠਾ ਨੂੰ ਵਿਧਾਨ ਸਭਾ ਚੋਣਾਂ ਵਿੱਚ ਪੂਰਾ ਸਮਰਥਨ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਆਖਿਆ ਕਿ ਅਕਾਲੀ ਦਲ ਤੇ ਬਸਪਾ ਦੀ ਜਿੱਤ ਤੋਂ ਬਾਅਦ ਹਰ ਤਬਕੇ ਦੀ ਸਾਰ ਲਈ ਜਾਵੇਗੀ ਕਿਉਂਕਿ ਲੋਕਾਂ ਦਾ ਜੀਨਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਸੋਹਾਂ ਖਾ ਕੇ ਪੰਜਾਬ ਨੂੰ ਕੁੱਝ ਨਹੀਂ ਦਿੱਤਾ ਅਤੇ ਹੁਣ ਨਵਾਂ ਮੁੱਖ ਮੰਤਰੀ ਸਿਰਫ਼ ਐਲਾਨ ਕਰਨ ਵਿੱਚ ਹੀ ਵਿਅਸਤ ਹੈ, ਜਦੋਂ ਕਿ ਲੋਕਾਂ ਦੇ ਪਲੇ ਕੁੱਝ ਨਹੀਂ ਪਿਆ।
ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਚੰਨੀ ਸਰਕਾਰ ਦੇ ਝੂਠੇ ਐਲਾਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਨ ਤੇ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਸਾ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੱਢਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦਾ ਸਹਿਯੋਗ ਤੇ ਸਮਰਥਨ ਪੂਰੀ ਤਰ੍ਹਾਂ ਅਕਾਲੀ ਦਲ ਤੇ ਬਸਪਾ ਦੇ ਨਾਲ ਹੈ, ਕਿਉਂਕਿ ਲੋਕ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਤੋਂ ਪੂਰੀ ਤਰ੍ਹਾਂ ਜਾਣੂ ਹਨ। ਇਸ ਲਈ ਆਉਂਦਿਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀਆਂ ਨੂੰ ਕਰਾਰੀ ਹਾਰ ਦੇ ਕੇ ਪੰਜਾਬ ਵਿੱਚੋਂ ਚੱਲਦਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿਲ, ਹਰਵਿੰਦਰ ਸਿੰਘ ਬੱਬੂ, ਰਾਜਿੰਦਰ ਸਿੰਘ ਵਿਰਕ ਅਤੇ ਹੋਰ ਵੀ ਨੇਤਾ ਮੌਜੂਦ ਸਨ।

