ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾ 87ਵੇਂ ਦਿਨ ‘ਚ ਦਾਖਲ
ਪਟਿਆਲਾ 25 ਨਵੰਬਰ (ਮਧੂਸਾਰ ਬਿਊਰੋ) ਜੁਆਇੰਟ ਐਕਸ਼ਨ ਕਮੇਟੀ ਨੇ ਪੀਫੈਕਟੋ ਅਤੇ ਆਲ ਇੰਡੀਆ ਵਰਕਰਜ਼ ਐਸੋਸ਼ੀਏਸ਼ਨਜ਼ ਵਲੋਂ ਬੰਦ ਦੇ ਸੱਦੇ ਤੇ ਕਿਸਾਨਾਂ ਦੇ ਸਮਰਥਨ ਵਿਚ ਕੱਲ ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਦਫ਼ਤਰ ਅੱਗੇ 11.00 ਤੋਂ 2.00 ਵਜੇ ਤੱਕ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾ ਅੱਜ ਲਗਾਤਾਰ 87ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ।
ਧਰਨਾ ਚਾਰ ਮੁੱਦੇ ਤਨਖਾਹਾਂ, ਪੈਨਸ਼ਨਾਂ ਦਾ ਸਮੇਂ ਸਿਰ ਭੁਗਤਾਨ, ਯੂਨੀਵਰਸਿਟੀ ਨੂੰ ਵਿੱਤੀ ਗ੍ਰਾਂਟ ਅਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਦੀ ਬਹਾਲੀ ਲਈ ਲਗਾਇਆ ਜਾ ਰਿਹਾ ਹੈ। ਅੱਜ ਇਸ ਧਰਨੇ ਵਿਚ ਬੋਲਦਿਆਂ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਸਰਕਾਰ ਦੀ ਆਲੋਚਨਾ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦੀ 1992 ਵਾਲੀ ਵਿੱਤੀ ਸਥਿਤੀ ਬਹਾਲ ਕੀਤੀ ਜਾਵੇ ਤਾਂ ਜੋ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕੱਢਿਆ ਜਾ ਸਕੇ। ਉਨ੍ਹਾਂ ਆਖਿਆ ਵਿੱਤੀ ਗ੍ਰਾਂਟ ਹੀ ਇਕੋ ਇਕ ਹਲ ਹੈ ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਆਰਥਿਕ ਸੰਕਟ ਵਿਚੋਂ ਕੱਢ ਸਕਦਾ ਹੈ। ਇਸ ਧਰਨੇ ਵਿਚ ਪੂਟਾ ਦੇ ਪ੍ਰਧਨ ਡਾ. ਨਿਸ਼ਾਨ ਸਿੰਘ ਦਿਓਲ, ਸਕੱਤਰ ਡਾ. ਅਵਨੀਤ ਪਾਲ ਸਿੰਘ ਨੇ ਬੋਲਦਿਆਂ ਯੂਨੀਵਰਸਿਟੀ ਸੰਬੰਧੀ ਮੰਗਾਂ ਨੂੰ ਲੈ ਕੇ ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਬਾਜਵਾ ਨੂੰ ਦਿੱਤੀ ਜਾਣਕਾਰੀ ਸੰਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ। ਏ ਕਲਾਸ ਅਫ਼ਸਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਸ. ਗੁਰਿੰਦਰਪਾਲ ਸਿੰਘ ਬੱਬੀ ਨੇ ਕੱਲ ਦੇ ਧਰਨੇ ਨੂੰ ਸਫ਼ਲ ਬਣਾਉਣ ਲਈ ਸਾਰੇ ਅਧਿਆਪਕਾਂ, ਕਰਮਚਾਰੀਆਂ, ਪੈਨਸ਼ਨਰਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ। ਇਸ ਧਰਨੇ ਵਿਚ ਪੈਨਸਨਰਜ਼ ਐਸੋਸ਼ੀਏਸ਼ਨ ਵਲੋਂ ਆਜਾਦ ਸਿੰਘ, ਸ੍ਰੀ ਦਵਾਰਕਾ ਦਾਸ, ਤਰਲੋਚਨ ਸਿੰਘ ਕਰਮਚਾਰੀ ਸੰਘ ਤੋਂ ਸ.
ਧਰਮਿੰਦਰ ਪੰਨੂੰ, ਅਵਤਾਰ ਸਿੰਘ ਆਦਿ ਨੇ ਸਮੂਲੀਅਤ ਕੀਤੀ। ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਡਾ. ਕੁਲਵਿੰਦਰ ਸਿੰਘ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਜਿਨ੍ਹਾਂ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਸੰਘਰਸ਼ ਹੋਰ ਤਿੱਖੇ ਰੂਪਾਂ ਵਿਚ ਜਾਰੀ ਰਹੇਗਾ।

