ਪਟਿਆਲਾ

ਇੰਜੀਨੀਅਰ ਵੱਲੋਂ ਭੁੱਖ ਹੜਤਾਲੀ ਕੈਂਪ ਵਿੱਚ ਰੋਸ ਰੈਲੀ 20 ਦਸੰਬਰ ਨੂੰ

ਪਟਿਆਲਾ:14 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਮੁਲਾਜਮਾਂ ਦੇ ਪਰਖਕਾਲ ਸਮੇਂ ਦਾ ਏਰੀਅਰ ਨਾ ਦੇਣ ਦੇ ਪੱਤਰ ਜਾਰੀ ਕਰਨ ਦੇ ਫੈਸਲੇ ਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੱਕੇ ਮੋਰਚੇ ਤੋਂ ਪਰਤਦੇ ਹੋਏ ਕੌਂਸਲ ਦੇ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜੇ.ਈ. / ਏ.ਈ. ਦਾ ਗਰੇਡ ਪੇ ਰੁਤਬਾ 4800 ਰੁਪਏ ਬਹਾਲ ਅਤੇ ਪੈਟਰੋਲ ਭੱਤਾ ਬਹਾਲ ਕਰਕੇ ਦੁੱਗਣਾ ਕਰਨ ਲਈ ਦੋ ਦਸੰਬਰ ਤੋਂ ਲਗਾਤਾਰ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਭੁੱਖ ਹੜਤਾਲ ਤੇ ਪੱਕਾ ਮੋਰਚਾ ਚੱਲ ਰਿਹਾ ਹੈ।

ਪੰਜਾਬ ਦੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਵੱਲੋਂ ਕੌਂਸਲ ਦੀ ਲੀਡਰਸ਼ਿਪ ਨਾਲ ਪੰਜਾਬ ਭਵਨ ਵਿੱਚ ਗੱਲਬਾਤ ਕੀਤੀ ਗਈ ਸੀ ਅਤੇ ਯਕੀਨ ਦੁਆਇਆ ਸੀ ਕਿ ਪੰਜਾਬ ਦੇ ਇੰਜੀਨੀਅਰਾਂ ਦੇ ਮਸਲੇ ਹੱਲ ਕੀਤੇ ਜਾਣਗੇ ਅਤੇ ਉਨ੍ਹਾਂ ਵੱਲੋਂ ਵਿਕਾਸ ਦੇ ਕੰਮਾਂ ਦੇ ਬਾਈਕਾਟ ਨੂੰ ਵਾਪਸ ਲੈਣ ਲਈ ਕੌਂਸਲ ਦੀ ਲੀਡਰਸ਼ਿਪ ਨੂੰ ਕਿਹਾ ਸੀ। ਜਿਸ ਉਪਰੰਤ ਕੌਂਸਲ ਵੱਲੋਂ ਕੰਮਾਂ ਦੇ ਬਾਈਕਾਟ ਅਤੇ ਜਿਲਾ ਪੱਧਰੀ ਧਰਨਿਆਂ ਦਾ ਸਿਲਸਿਲਾ ਖਤਮ ਕਰਦੇ ਹੋਏ ਸਿਰਫ ਮੁਹਾਲੀ ਭੁੱਖ ਹੜਤਾਲ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ। ਕੌਂਸਲ ਦੇ ਸਟੇਟ ਆਗੂਆਂ ਕਰਮਜੀਤ ਸਿੰਘ ਬੀਹਲਾ ਤੇ ਕਮਰਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਹੋਏ ਵਾਅਦੇ ਅਨੁਸਾਰ ਫੈਸਲੇ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ ਕਰਦੇ 20 ਦਸੰਬਰ ਨੂੰ ਮੁਹਾਲੀ ਵਿਖੇ ਮੁੜ ਸੂਬਾ ਪੱਧਰੀ ਰੋਸ ਰੈਲੀ ਤੇ ਮਾਰਚ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਕੁਮਾਰ ਤੇ ਕੁਲਜੀਤ ਸਿੰਘ ਪਟਿਆਲਾ, ਗੁਰਜੀਤ ਸਿੰਘ ਤੇ ਕਰਮਜੀਤ ਸਿੰਘ ਖੋਖਰ ਵੀ ਹਾਜਰ ਸਨ।

Leave a Reply

Your email address will not be published. Required fields are marked *