ਮੋਦੀ ਕਾਲਜ ਪਟਿਆਲਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ਸਰਕਾਰ ਖਿਲਾਫ ਸਾਂਝੇ ਸੰਘਰਸ਼ ਦਾ ਐਲਾਨ
ਪਟਿਆਲਾ (ਮਧੂਸਾਰ ਬਿਊਰੋ): ਪੀਫੈਕਟੋ ਅਤੇ ਪੀ.ਸੀ.ਸੀ.ਟੀ.ਯੂ. ਦੇ ਸੱਦੇ ਤੇ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਪੀ.ਸੀ.ਸੀ.ਟੀ.ਯੂ. ਯੂਨਿਟ ਦੇ ਸਮੂਹਿਕ ਮੈਂਬਰਾਂ ਦੇ ਪੰਜਾਬ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਅੱਜ ਵਿਦਿਆਰਥੀਆਂ ਨੇ ਵੀ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ। ਇਥੇ ਜਿਕਰ ਯੋਗ ਹੈ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕਾਂ ਦੇ ਯੂਜੀਸੀ ਦੇ ਸੱਤਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਨ ਅਤੇ ਯੂਜੀਸੀ ਪੇਅ ਸਕੇਲਾਂ ਨਾਲੋਂ ਡੀਲਿੰਕਿੰਗ ਦੇ ਭਖਵੇਂ ਮੁੱਦੇ ਨੂੰ ਲੈ ਕੇ ਪਿਛਲੇ 17 ਦਿਨਾਂ ਤੋਂ ਅਧਿਆਪਕ ਪੂਰੇ ਪੰਜਾਬ ਭਰ ਵਿਚ ਮੁਕੰਮਲ ਸਿੱਖਿਆ ਬੰਦ ਕਰਕੇ ਧਰਨੇ ਉੱਤੇ ਹਨ। ਇਸ ਸੰਬੰਧੀ ਪੰਜਾਬ ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਦੀ ਇਕਾਈ ਦੇ ਪ੍ਰਧਾਨ ਅਤੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਉੱਚ ਸਿੱਖਿਆ ਨਾਲ ਜੁੜੀਆਂ ਉਕਤ ਮੰਗਾਂ ਦਾ ਸਮਰਥਨ ਕੀਤਾ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਅੱਜ ਧਰਨੇ ਉਪਰੰਤ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਪੀਸੀਸੀਟੀਯੂ ਦੀ ਸਥਾਨਕ ਇਕਾਈ ਦੇ ਅਹੁਦੇਦਾਰਾਂ ਅਤੇ ਅਧਿਆਪਕ ਮੈਂਬਰਾਂ ਵੱਲੋਂ ਕਾਲਜ ਦੇ ਵਿਦਿਆਰਥੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਿਤ ਕੀਤਾ ਗਿਆ। ਜਿਸ ਵਿਚ ਉਹਨਾਂ ਜਿੱਥੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਪ੍ਰਤੀ ਚੇਤੰਨ ਕੀਤਾ ਉਥੇ ਸਰਕਾਰ ਦੇ ਅਧਿਆਪਕ ਵਿਦਿਆਰਥੀ ਅਤੇ ਸਿੱਖਿਆ ਵਿਰੋਧੀ ਚਿਹਰੇ ਨੂੰ ਵੀ ਨੰਗਾ ਕੀਤਾ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਸਥਾਨਕ ਇਕਾਈ ਦੇ ਪ੍ਰਧਾਨ ਪ੍ਰੋ. ਵੇਦ ਪ੍ਰਕਾਸ਼ ਸ਼ਰਮਾ ਨੇ ਕਿਹਾ ਕਿ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਧਰਨੇ ਦੇ ਅੱਠਵੇਂ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਮਰਨ ਵਰਤ ’ਤੇ ਬੈਠੇ ਪ੍ਰੋ. ਐਚ.ਐਸ ਕਿੰਗਰਾ ਨੂੰ ਉਕਤ ਮੰਗਾਂ ਨੂੰ ਜਲਦੀ ਮੰਨ ਲੈਣ ਦਾ ਭਰੋਸਾ ਦੇ ਕੇ ਉਹਨਾਂ ਦਾ ਮਰਨ ਵਰਤ ਤੁੜਵਾਇਆ ਸੀ। ਪ੍ਰੰਤੂ ਅੱਜ ਧਰਨੇ ਦੇ 17ਵੇਂ ਦਿਨ ਤੱਕ ਵੀ ਸਰਕਾਰ ਦਾ ਇਹਨਾਂ ਮੰਗਾਂ ਪ੍ਰਤੀ ਕੋਈ ਵੀ ਸਕਾਰਾਤਮਕ ਰਵੱਈਆ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਇਸ ਸੰਘਰਸ਼ ਨੂੰ ਜਨ-ਜਨ ਦਾ ਸੰਘਰਸ਼ ਬਨਾਉਣਾ ਜ਼ਰੂਰੀ ਹੋ ਗਿਆ।
ਇਸ ਮੌਕੇ ਡਾ. ਨੀਰਜ਼ ਗੋਇਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਯੂਜੀਸੀ ਨਾਲੋਂ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਡੀਲਿੰਕ ਕਰਨ ਦੀ ਕੋਹਝੀ ਸਾਜਿਸ਼ ਨਾਲ ਵਿਦਿਆਰਥੀਆਂ ਦਾ ਭਵਿੱਖ ਵੀ ਧੁੰਦਲਾ ਹੋ ਜਾਵੇਗਾ। ਇਸ ਮੌਕੇ ਸਥਾਨਕ ਇਕਾਈ ਦੇ ਪ੍ਰੈਸ ਸਕੱਤਰ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਿੱਖਿਆ ਖੇਤਰ ਨਾਲ ਜੁੜੀਆਂ ਇਹਨਾਂ ਉਚਿਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਸ ਸੰਘਰਸ਼ ਨੂੰ ਵਿਦਿਆਰਥੀਆਂ ਰਾਹੀਂ ਸਮੁੱਚੇ ਸਮਾਜ ਦਾ ਸੰਘਰਸ਼ ਬਣਾਇਆ ਜਾਵੇਗਾ। ਵਿਦਿਆਰਥੀ ਪ੍ਰਤੀਨਿਧ ਵਜੋਂ ਬੋਲਦਿਆਂ ਕਾਲਜ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਹਰਪਿੰਦਰ ਸਿੰਘ ਨੇ ਕਿਹਾ ਕਿ ਇਹ ਮਸਲਾ ਕੇਵਲ ਅਧਿਆਪਕਾਂ ਦਾ ਨਹੀਂ ਸਗੋਂ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਦਾ ਵੀ ਹੈ। ਉਹਨਾਂ ਅੱਗੋਂ ਕਿਹਾ ਕਿ ਉਹ ਤਨੋਂ ਮਨੋਂ ਆਪਣੇ ਅਧਿਆਪਕਾਂ ਦੇ ਨਾਲ ਹਨ। ਜੇਕਰ ਸਰਕਾਰ ਨੇ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸਰਕਾਰ ਦੀਆਂ ਇਹਨਾਂ ਸਿੱਖਿਆ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ। ਕਾਲਜ ਦੀ ਨਾਨ-ਟੀਚਿੰਗ ਯੂਨੀਅਨ ਦੇ ਪ੍ਰਧਾਨ ਅਜੇ ਗੁਪਤਾ ਨੇ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਅਤੇ ਅਧਿਆਂਪਕਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ।
ਅੱਜ ਦੇ ਧਰਨੇ ਵਿਚ ਸਕੱਤਰ ਡਾ. ਕੁਲਦੀਪ ਕੁਮਾਰ, ਸੰਯੁਕਤ ਸਕੱਤਰ ਡਾ. ਅਜੀਤ ਕੁਮਾਰ ਤੋਂ ਇਲਾਵਾ ਪ੍ਰੋ. ਨੀਨਾ ਸਰੀਨ, ਡਾ. ਅਸ਼ਵਨੀ ਸ਼ਰਮਾ, ਪ੍ਰੋ. ਪਰਮਿੰਦਰ ਕੌਰ, ਡਾ. ਰੋਹਿਤ ਸਚਦੇਵਾ, ਡਾ. ਚੇਤਨਾ, ਡਾ. ਵੀਰਪਾਲ ਕੌਰ, ਪ੍ਰੋ. ਵਨੀਤ ਕੌਰ, ਡਾ. ਰੁਪਿੰਦਰ ਸ਼ਰਮਾ, ਡਾ. ਕਵਿਤਾ ਭਾਰਦਵਾਜ, ਡਾ. ਪੂਜਾ, ਡਾ. ਹਰਜਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਸਥਾਨਕ ਇਕਾਈ ਦੇ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਸਨ।

