ਅਖੀਰਲੇ ਸੱਤਵੇਂ ਦਿਨ ਇਟਲੀ ਦੇ ਨਾਟਕਕਾਰ ਡਾਰਿਓ ਭੋਅ ਦਾ ਲਿਖਿਆ ਨਾਟਕ ਖੇਡਿਆ
ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਤਬੀ ਅਤੇ ਪ੍ਦਰਸ਼ਨੀ ਕਲਾਵਾਂ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵਲੋਂ 7ਵਾਂ ਨੋਰਾ ਰਿਚਰਡ ਥੀਏਟਰ ਫੈਸਟੀਵਲ ਵਿੱਚ ਅਖੀਰਲੇ ਸੱਤਵੇਂ ਦਿਨ ਇਟਲੀ ਦੇ ਨਾਟਕਕਾਰ ਡਾਰਿਓ ਭੋਅ ਦਾ ਲਿਖਿਆ, ਸ਼ਬਦੀਸ਼ ਵੱਲੋਂ ਅਨੁਵਾਦਿਤ ਅਤੇ ਅਨੀਤਾ ਸ਼ਬਦੀਸ਼ ਵੱਲੋਂ ਨਿਰਦੇਸ਼ਤ ਕੀਤਾ ਨਾਟਕ can’t pay,won’t pay ਖੇਡਿਆ ਗਿਆ । ਸੰਗੀਤ ਵਿਭਾਗ ਦੇ ਮੁਖੀ ਡਾ.ਨਿਵੇਦਿਤਾ ਉਪਲ ਨੇ ਆਏ ਹੋਏ ਮਹਿਮਾਨ ਭੁਪਿੰਦਰ ਸਿੰਘ ਮੱਲੀ,ਕਿਰਪਾਲ ਕਜ਼ਾਕ,ਡਾ.ਕੁਲਦੀਪ,ਸ਼ਬਦੀਸ਼,ਡਾ.ਜਸਪਾਲ ਕੌਰ ਆਦਿ ਦਾ ਸੁਆਗਤ ਕੀਤਾ ।ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਕੁਆਲੀ ,ਲੋਕ ਗੀਤ,ਸੂਫੀ ਕਲਾਮ ਪੇਸ਼ ਕਰਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ । ਇਹ ਇਕ ਕਾਮੇਡੀ ਨਾਟਕ ਹੈ,ਜੋ ਵਧ ਰਹੀ ਮਹਿੰਗਾਈ ਖਿਲਾਫ ਔਰਤਾਂ ਦੇ ਵਿਦਰੋਹ ਨੂੰ ਪੇਸ਼ ਕਰਦਾ ਹੈ।ਇਸ ਨਾਟਕ ਦਾ ਘਟਨਾਕ੍ਰਮ ਨਿਮਨ ਮੱਧਵਰਗੀ ਲੋਕਾਂ ਦੀ ਕਾਲੋਨੀ ਵਿਚ ਵਾਪਰਦਾ ਹੈ ।
ਇਸ ਵਿੱਚ ਵਸਦੀਆਂ ਔਰਤਾਂ ਕਾਰਪੋਰੇਟੀ ਮਾਲ ਤੋਂ ਰਸੋਈ ਲਈ ਲੋੜੀਂਦਾ ਸਮਾਨ ਤਾਂ ਲੁੱਟ ਲੈਂਦੀਆਂ ਹਨ,ਪਰ ਉਹਨਾਂ ਕੋਲ ਚੋਰੀ ਦਾ ਮਾਲ ਲੁਕਾ ਲੈਣ ਜੋਗੀ ਥਾਂ ਨਹੀਂ ਹੈ ।ਉਹ ਪੁਲਿਸ ਤੋਂ ਬਚਣ ਲਈ ਕੋਟ ਦੇ ਬਟਨ ਬੰਦ ਕਰਕੇ ਗਰਭਵਤੀ ਹੋਣ ਦੀ ਡਰਾਮੇਬਾਜੀ ਕਰਦੀਆਂ ਹਨ ।ਪੁਲਿਸ ਸਾਰੀ ਕਾਲੋਨੀ ਦੀਆਂ ਔਰਤਾਂ ਦੇ ਗਰਭਵਤੀ ਹੋਣ ਤੇ ਹੈਰਾਨ ਪਰੇਸ਼ਾਨ ਹੈ।ਇਹ ਔਰਤਾਂ ਸਭਨਾਂ ਦੇ ਗਰਭਵਤੀ ਹੋਣ ਬਾਰੇ ਵੀ ਕਹਾਣੀ ਘੜ ਲੈਂਦੀਆਂ ਹਨ,ਪਰ ਸੱਚ ਜ਼ਾਹਰ ਹੋ ਹੀ ਜਾਂਦਾ ਹੈ ।ਇਹ ਨਾਟਕ ਜਿਹਨਾਂ ਦੋ ਔਰਤਾਂ ਦੁਆਲੇ ਘੁੰਮਦਾ ਹੈ,ਉਹਨਾਂ ਦੀ ਸਮੱਸਿਆ ਸਿਰਫ ਪੁਲਿਸ ਹੀ ਨਹੀਂ ਹੈ,ਬਲਕਿ ਆਦਰਸ਼ਵਾਦੀ ਪਤੀ ਵੀ ਹਨ,ਜਿਹਨਾਂ ਨੂੰ ਅਰਾਜਕਤਾਵਾਦ ਪਸੰਦ ਨਹੀਂ ਹੈ ।ਇਹ ਦੋਵੇਂ ਮਰਦ ਫੈਕਟਰੀ ਵਰਕਰ ਹਨ ਤੇ ਮਜ਼ਦੂਰ ਯੂਨੀਅਨ ਦੇ ਕਾਰਕੁੰਨ ਵੀ ਹਨ।ਨਾਟਕ ਦਾ ਸਿਖਰ ਮਰਦਾਂ ਦੇ ਰੁਖ਼ ਵਿਚ ਤਬਦੀਲੀ ਹੈ। ਇਹ ਤਬਦੀਲੀ ਕਿਸ ਹਾਲਾਤ ਵਿੱਚ ਵਾਪਰਦੀ ਹੈ, ਕਿਸ ਲੋੜ ਵੱਲ ਧਿਆਨ ਖਿੱਚਦਾ ਹੈ; ਇਹ ਨੁਕਤਾ ਹੀ ਹੈ, ਜੋ ਦੂਰ ਦੇਸ ਦੇ ਨਾਟਕ ਨੂੰ ਭਾਰਤ ਦੇ ਤਾਜ਼ਾ ਹਾਲਤ ਨਾਲ ਜਾ ਜੋੜਦਾ ਹੈ । ਫੈਸਟੀਵਲ ਦੇ ਅਖੀਰਲੇ ਦਿਨ ਡਾ. ਇੰਦਰਜੀਤ ਕੌਰ ਨੇ ਸਾਥ ਦੇਣ ਵਾਲੀਆਂ ਸੰਸਥਾਵਾਂ ਸਖਸ਼ੀਅਤਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਹੋਣ ਵਾਲੀਆਂ ਨਾਟਕੀ ਪੇਸ਼ਕਾਰੀਆਂ ਬਾਰੇ ਦੱਸਿਆ ।

