ਗੁਰਦੁਆਰਾ ਪ੍ਰਬੰਧਕਾਂ ਨਾਲ ਆਈ.ਜੀ. ਛੀਨਾ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਕੱਤਰਤਾ
ਬੇਅਦਬੀ ਵਰਗੀਆਂ ਘਟਨਾਵਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਰੋਕੇਗਾ ਪੁਲਿਸ ਪ੍ਰਸ਼ਾਸ਼ਨ : ਆਈ.ਜੀ. ਛੀਨਾ
ਆਈ.ਜੀ. ਛੀਨਾ ਨੇ ਮੱਥਾ ਟੇਕਣ ਉਪਰੰਤ ਗੁਰਦੁਆਰਾ ਕੰਪਲੈਕਸ ਦਾ ਕੀਤਾ ਦੌਰਾ
ਪਟਿਆਲਾ 20 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪਟਿਆਲਾ ਰੇਂਜ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਗੁਰਦੁਆਰਾ ਕੰਪਲੈਕਸ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਵੱਲੋਂ ਗੁਰਦੁਆਰਾ ਪ੍ਰਬੰਧਕਾਂ, ਸ਼ੋ੍ਰਮਣੀ ਕਮੇਟੀ ਮੈਂਬਰਾਂ ਅਤੇ ਪ੍ਰਬੰਧ ਅਧੀਨ ਕੰਮ ਕਰਦੇ ਮੁਲਾਜ਼ਮਾਂ ਨਾਲ ਇਕੱਤਰਤਾ ਵੀ ਕੀਤੀ ਗਈ। ਬੈਠਕ ਦੌਰਾਨ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਨਾਲ ਵਿਚਾਰ-ਵਟਾਂਦਰਾ ਕੀਤੇ ਜਾਣ ਉਪਰੰਤ ਗੱਲਬਾਤ ਕਰਦਿਆਂ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਅਤੇ ਠੱਲ ਪਾਉਣ ਲਈ ਸ਼ੋ੍ਰਮਣੀ ਕਮੇਟੀ ਨੂੰ ਪੁਲਿਸ ਪ੍ਰਸ਼ਾਸਨ ਪੂਰਨ ਸਹਿਯੋਗ ਕਰੇਗਾ।
ਉਨ੍ਹਾਂ ਕਿਹਾ ਕਿ ਵਾਪਰ ਰਹੀਆਂ ਘਟਨਾਵਾਂ ਜਿਥੇ ਚਿੰਤਾ ਦਾ ਵਿਸ਼ਾ ਹਨ, ਉਥੇ ਹੀ ਅੱਜ ਸਾਰਿਆਂ ਨੂੰ ਸੁਚੇਤ ਹੋ ਕੇ ਮਾੜੇ ਅਨਸਰਾਂ ਖਿਲਾਫ਼ ਮੁਕਾਬਲਾ ਕਰਨ ਦੀ ਲੋੜ ਹੈ। ਆਈ.ਜੀ. ਛੀਨਾ ਨੇ ਕਿਹਾ ਕਿ ਗੁਰਦੁਆਰਾ ਕੰਪਲੈਕਸ ਅੰਦਰ ਦੀਆਂ ਸਰਾਵਾਂ, ਕੜਾਹ ਪ੍ਰਸਾਦ ਕਾਊਂਟਰਾਂ ਅਤੇ ਗੁਰੂ ਸਾਹਿਬ ਦੇ ਦਰਬਾਰ ਅੰਦਰ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਸਾਰਿਆਂ ਨੂੰ ਤਿੱਖੀ ਨਜ਼ਰ ਰੱਖਣ ਹੋਵੇਗੀ ਅਤੇ ਕਿਸੇ ਵੀ ਸ਼ੱਕੀ ਵਿਅਕਤੀ, ਸ਼ੱਕੀ ਵਾਹਨ ਜਾਂ ਮਾੜੀ ਘਟਨਾਵਾਂ ਬਾਰੇ ਪਤਾ ਲੱਗਣ ’ਤੇ ਤੁਰੰਤ ਪੁਲਿਸ ਦਾ ਸਹਿਯੋਗ ਲਿਆ ਜਾਵੇ ਤਾਂ ਕਾਫੀ ਹੱਦ ਤੱਕ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿਚ ਸਫਲਤਾ ਮਿਲ ਸਕਦੀ ਹੈ।
ਬੈਠਕ ਦੌਰਾਨ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਸਮੂਹ ਮੁਲਾਜ਼ਮਾਂ ਨੂੰ ਪ੍ਰੇਰਦਿਆਂ ਕਿਹਾ ਕਿ ਬੇਅਦਬੀ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ ਇਸ ਕਰਕੇ ਡਿਊਟੀ ਪਹਿਲਾਂ ਨਾਲੋਂ ਤਨਦੇਹੀ ਅਤੇ ਮੁਸਤੈਦ ਰਹਿਕੇ ਕੀਤੀ ਜਾਵੇ ਤਾਂ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਨੱਥ ਪੈ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਡੀਸੀ ਗੁਰਪ੍ਰੀਤ ਸਿੰਘ ਥਿੰਦ, ਸੀਨੀਅਰ ਉਚ ਪੁਲਿਸ ਅਧਿਕਾਰੀਆਂ ’ਚ ਐਸਪੀ. ਸਿਟੀ ਹਰਪਾਲ ਸਿੰਘ, ਏਆਈਜੀ. ਸੀਆਈਡੀ ਜ਼ੋਨਲ ਦਲਜੀਤ ਸਿੰਘ ਰਾਣਾ, ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਪਿ੍ਰਤਪਾਲ ਸਿੰਘ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਭਾਈ ਅਜਮੇਰ ਸਿੰਘ ਸਮੇਤ ਸ਼ੋ੍ਰਮਣੀ ਕਮੇਟੀ ਅਧਿਕਾਰੀ ਅਤੇ ਸਟਾਫ ਆਦਿ ਹਾਜ਼ਰ ਸਨ।

