ਪੰਜਾਬੀ ਯੂਨੀਵਰਸਿਟੀ ਦੀ ਦੇਹਰਾਦੂਨ ਸਥਿਤ ਲਾਇਬ੍ਰੇਰੀ ਦੀ ਡਿਜੀਟਾਈਜੇਸ਼ਨ ਦਾ ਕਾਰਜ ਹੋਇਆ ਆਰੰਭ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਦੇਹਰਾਦੂਨ ਸਥਿਤ ‘ਡਾ. ਬਲਬੀਰ ਸਿੰਘ ਸਾਹਿਤ ਕੇਂਦਰ’ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਡਾ. ਬਲਬੀਰ ਸਿੰਘ ਅਤੇ ਬੀਬੀ ਮਹਿੰਦਰ ਕੌਰ ਜਿਹੇ ਵਿਸ਼ਵ ਵਿਖਿਆਤ ਵਿਦਵਾਨਾਂ ਅਤੇ ਉਨ੍ਹਾਂ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦਿਤੇ ਹਥ-ਲਿਖਤ ਗ੍ਰੰਥਾਂ, ਮੁਢਲੇ ਪੰਜਾਬੀ ਅਖ਼ਬਾਰਾਂ, ਰਸਾਲਿਆਂ, ਟ੍ਰੈਕਟਾਂ ਅਤੇ ਦੁਰਲਭ ਪੁਸਤਕਾਂ ਕਰਕੇ ਅਕਾਦਮਿਕ ਅਤੇ ਸਿੱਖ ਜਗਤ ਵਿਚ ਆਪਣੀ ਵਿਲਖਣ ਪਹਿਚਾਣ ਰੱਖਦਾ ਹੈ। ਇਸ ਦੁਰਲਭ ਲਾਇਬ੍ਰੇਰੀ ਦਾ ਖੋਜ ਖੇਤਰ ਵਿਚ ਮਹਤਵਪੂਰਨ ਸਥਾਨ ਹੈ, ਜਿਸ ਕਰਕੇ ਦੇਸ਼-ਵਿਦੇਸ਼ ਤੋਂ ਖੋਜਾਰਥੀ ਅਤੇ ਵਿਦਵਾਨ ਇਸ ਜਗ੍ਹਾ ’ਤੇ ਪਹੁੰਚਦੇ ਹਨ।
ਵਾਰ-ਵਾਰ ਇਸਤਮਾਲ ਹੋਣ ਕਾਰਨ ਅਤੇ ਦਿਨ ਪ੍ਰਤੀ ਦਿਨ ਵਧ ਰਹੇ ਵਕਫ਼ੇ ਕਾਰਨ ਇਨ੍ਹਾਂ ਦੀ ਹਾਲਤ ਖ਼ਰਾਬ ਹੋ ਰਹੀ ਹੈ, ਜਿਸ ਨੂੰ ਧਿਆਨ ਵਿਚ ਰਖਦੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਅਨਮੋਲ ਖ਼ਜ਼ਾਨੇ ਨੂੰ ਡਿਜੀਟਾਈਜ ਕਰਨ ਦਾ ਵਿਚਾਰ ਬਣਾਇਆ ਅਤੇ ਇਸ ਦੀ ਆਰੰਭਤਾ ਬਿਨਾ ਕਿਸੇ ਦੇਰੀ ਦੇ ਦੇਹਰਾਦੂਨ ਵਿਖੇ ਆਪ ਪੁਜ ਕੇ ਕੀਤੀ। ਇਸ ਕਾਰਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਵੀ.ਸੀ. ਸਾਹਿਬ ਨੇ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਕਾਰਜ ਪੰਜਾਬੀ ਯੂਨੀਵਰਸਿਟੀ ਦੇ ਅਹਿਮ ਕਾਰਜਾਂ ਵਜੋਂ ਜਾਣਿਆ ਜਾਵੇਗਾ। ਇਸ ਸਮੇਂ ਨਿਰਮਲ ਆਸ਼ਰਮ ਰਿਸ਼ੀਕੇਸ਼ ਦੇ ਸੰਤ ਜੋਧ ਸਿੰਘ, ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਪ੍ਰਧਾਨ ਸ. ਨਰਿੰਦਰਜੀਤ ਸਿੰਘ ਬਿੰਦਰਾ, ਡਾ. ਕੰਵਲਜੀਤ ਸਿੰਘ, ਦੇਹਰਾਦੂਨ ਸੈਂਟਰ ਤੋਂ ਡਾ. ਕੁਲਵਿੰਦਰ ਸਿੰਘ, ਬੀਬੀ ਮਨਜੀਤ ਕੌਰ, ਗ਼ਮ ਬਹਾਦਰ ਅਤੇ ਸੁਰਿੰਦਰ ਸਿੰਘ ਹਾਜ਼ਰ ਰਹੇ। ਕੇਂਦਰ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਵੀ.ਸੀ. ਸਾਹਿਬ ਦਾ ਇਸ ਕਾਰਜ ਦੀ ਆਰੰਭਤਾ ਲਈ ਧੰਨਵਾਦ ਕੀਤਾ।

