ਪੰਜਾਬਪਟਿਆਲਾ

ਤਿੰਨ ਡੀਜੀਪੀ ਬਦਲ ਕੇ ਗੁੰਡਿਆਂ ਵਾਂਗ ਕੰਮ ਕਰਨ ਵਾਲੀ ਸਰਕਾਰ ਨੂੰ ਮਜੀਠੀਆ ‘ਤੇ ਪਰਚਾ ਦਰਜ ਕਰਨ ਦਾ ਨਤੀਜਾ ਭੁਗਤਣਾ ਪਵੇਗਾ: ਸੁਰਜੀਤ ਰੱਖੜਾ

ਪੰਜਾਬ ਦੇ ਮੁੱਖ ਪੁਲਿਸ ਅਫਸਰਾਂ ਨੇ ਕੇਸ ਦਰਜ ਕਰਨ ਲਈ ਖੜੇ ਕੀਤੇ ਸਨ ਹੱਥ

200 ਘੰਟਿਆਂ ਦੀ ਸਰਕਾਰ ਬਚੀ, ਉਸਤੋਂ ਬਾਅਦ ਲੋਕ ਲੈਣਗੇ ਬਦਲਾ

ਪਟਿਆਲਾ, 22 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਜਿਲਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ‘ਤੇ ਧੱਕੇ ਨਾਲ ਕੇਸ ਦਰਜ ਕਰਨ ਲਈ ਤਿੰਨ ਡੀਜੀਪੀ ਬਦਲ ਕੇ ਗੁੰਡਿਆਂ ਵਾਂਗ ਕੰਮ ਕਰਨ ਵਾਲੀ ਕਾਂਗਰਸ ਨੂੰ ਇਸ ਕੇਸ ਅਤੇ ਧੱਕੇਸ਼ਾਹੀਆਂ ਦਾ ਨਤੀਜਾ ਭੁਗਤਣਾ ਪਵੇਗਾ। ਸ. ਰੱਖੜਾ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਉਨ੍ਹਾਂ ਨਾਲ ਅਕਾਲੀ ਦਲ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਬਰਾੜ, ਬੀਬੀ ਵਨਿੰਦਰ ਕੌਰ ਲੂੰਬਾ, ਜਸਪਾਲ ਸਿੰਘ ਬਿੱਟੂ ਚੱਠਾ, ਸਤਿੰਦਰ ਪਾਲ ਸਿੰਘ ਟੌਹੜਾ, ਹਰਪਾਲ ਜੁਨੇਜਾ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਸਿਮਰਨਜੀਤ ਚੰਦੂਮਾਜਰਾ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਅਤੇ ਹੋਰ ਵੀ ਨੇਤਾ ਹਾਜਰ ਸਨ।

ਸੁਰਜੀਤ ਰੱਖੜਾ ਨੇ ਆਖਿਆ ਕਿ ਜਿਸ ਕੇਸ ਦੀ ਸਾਰੀ ਫਾਈਲ ਹੀ ਹਾਈਕੋਰਟ ਕੋਲ ਪੈਡਿੰਗ ਪਈ ਹੋਵੇ, ਉਸ ਕੇਸ ਵਿੱਚ ਨਿਰੋਲ ਸਿਆਸੀ ਬਦਲਾਖੋਰੀ ਨੂੰ ਲੈ ਕੇ ਕੇਸ ਦਰਜ ਕਰਨ ਦੀ ਮੰਸ਼ਾ ਅੱਜ ਤੋਂ ਸਾਰਾ ਪੰਜਾਬ ਜਾਣੂ ਹੈ। ਰੱਖੜਾ ਨੇ ਆਖਿਆ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਪੁਲਿਸ ਅਫਸਰਾਂ ਨੇ ਮਜੀਠੀਆ ਖਿਲਾਫ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਸੀ ਤੇ ਇੱਥੋਂ ਤੱਕ ਕਿ ਇਨਵੈਸਟੀਗੇਸ਼ਨ ਬਿਊਰੋ ਦੇ ਹੈਡ ਅਸਥਾਨਾ ਸਾਹਿਬ ਛੁੱਟੀ ਹੀ ਭਰਕੇ ਹਸਪਤਾਲ ਵਿੱਚ ਭਰਤੀ ਹੋ ਗਏ ਸਨ। ਉਨ੍ਹਾਂ ਆਖਿਆ ਕਿ ਅੱਧੀ ਰਾਤ ਨੂੰ ਤੀਸਰੀ ਵਾਰ ਡੀਜੀਪੀ ਬਦਲਿਆ ਗਿਆ। ਇਸਤੋਂ ਬਾਅਦ ਅੱਧੀ ਰਾਤ ਨੂੰ ਹੀ ਇਹ ਕੇਸ ਦਰਜ ਕੀਤਾ ਗਿਆ।

ਸੁਰਜੀਤ ਰੱਖੜਾ ਨੇ ਆਖਿਆ ਕਿ ਕਾਂਗਰਸ ਦੇ ਸਿਰਫ਼ 200 ਘੰਟੇ ਬਾਕੀ ਬਚੇ ਹਨ। ਇਸਤੋਂ ਬਾਅਦ ਪੰਜਾਬ ਦੇ ਲੋਕ ਗਿਣ-ਗਿਣ ਕੇ ਬਦਲਾ ਲੈਣਗੇ ਤੇ ਕਾਂਗਰਸ ਦੀਆਂ ਜਮਾਨਤਾਂ ਜਬਤ ਕਰਵਾਉਣਗੇ। ਉਨ੍ਹਾਂ ਆਖਿਆ ਕਿ ਇੱਥੇ ਹੀ ਬਸ ਨਹੀਂ, ਅਕਾਲੀ ਸਰਕਾਰ ਬਣਦੇ ਹੀ ਕਾਂਗਰਸ ਵੱਲੋਂ ਪਾਏ ਗਏ 21 ਦੇ ਨਿਦੇਂਦਿਆਂ ਨੂੰ 51 ਕਰਕੇ ਮੋੜਿਆ ਜਾਵੇਗਾ। ਰੱਖੜਾ ਨੇ ਆਖਿਆ ਕਿ ਜਿਸ ਕੇਸ ਨੂੰ ਚੱਲਿਆ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੋਵੇ, ਉਸ ਕੇਸ ਵਿੱਚ ਸਿਰਫ਼ ਇਲੈਕਸ਼ਨ ਕੋਡ ਲੱਗਣ ਤੋਂ 10-12 ਦਿਨ ਪਹਿਲਾਂ ਬਦਲਾਖੋਰੀ ਦੀ ਨੀਅਤ ਨਾਲ ਇੱਕ ਅਕਾਲੀ ਨੇਤਾ ‘ਤੇ ਕੇਸ ਦਰਜ ਕਰਨ ਤੋਂ ਸਪੱਸ਼ਟ ਹੈ ਕਿ ਕਾਂਗਰਸ ਇਸ ਸਮੇਂ ਇਹ ਸੋਚਦੀ ਹੈ ਕਿ ਉਸਦੀ ਸੂਬੇ ਅੰਦਰ ਕਰਾਰੀ ਹਾਰ ਹੋਵੇਗੀ।

ਰੱਖੜਾ ਨੇ ਆਖਿਆ ਕਿ ਪੰਜਾਬ ਦੇ ਲੋਕ ਅਕਾਲੀ ਬਸਪਾ ਸਰਕਾਰ ਬਣਾਉਣ ਲਈ ਤਿਆਰ ਹਨ, ਜਿਸ ਕਾਰਨ ਚੰਨੀ, ਸਿੱਧੂ ਤੇ ਰੰਧਾਵਾ ਜਿਹੜੇ ਕਿ ਤਿੰਨੇ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਲੱਗੇ ਹਨ, ਪੰਜਾਬ ਦੇ ਲੋਕਾਂ ਦਾ ਧਿਆਨ ਮੋੜਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਅਸਲ ਵਿੱਚ ਇਹ ਤਿੰਨੇ ਆਪ ਜੀ ਡੀਜੀਪੀ ਤੇ ਹੋਰ ਅਧਿਕਾਰੀ ਬਣਕੇ ਬੈਠ ਗਏ ਹਨ ਪਰ ਇਸ ਵਿੱਚੋਂ ਨਿਕਲਨਾ ਕੁੱਝ ਵੀ ਨਹੀਂ ਹੈ। ਰੱਖੜਾ ਨੇ ਆਖਿਆ ਕਿ ਮਾਣਯੋਗ ਹਾਈਕੋਰਟ ਜਲਦ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗੀ। ਉਨ੍ਹਾਂ ਆਖਿਆ ਕਿ ਇਸ ਧੱਕੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਡਟਕੇ ਲੜਾਈ ਲੜੇਗਾ ਤੇ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿਲ, ਡਾ ਹਰਵਿੰਦਰ ਸਿੰਘ ਬੱਬੂ, ਜਸਵੰਤ ਸਿੰਘ ਟਿਵਾਣਾ, ਸੁਖਵੀਰ ਸਿੰਘ ਸਨੌਰ ਖਜਾਨਚੀ, ਸ਼ਾਮ ਸਿੰਘ ਅਬਲੋਵਾਲ, ਸ਼ਿਵਰਾਜ ਵਿਰਕ ਅਤੇ ਹੋਰ ਵੀ ਨੇਤਾ ਹਾਜਰ ਸਨ।

Leave a Reply

Your email address will not be published. Required fields are marked *