ਨਾਬਰਾਬਰੀ ਹਮੇਸ਼ਾਂ ਪਹਿਲਾਂ ਮਾਨਸਿਕਤਾ ਵਿਚ ਹੁੰਦੀ ਹੈ: ਪ੍ਰਨੀਤ ਸ਼ੇਰਗਿਲ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਨੀਵਰਸਿਟੀ ਕਾਲਜ ਘਨੌਰ ਵਿਚ ‘ਧੀਆਂ ਦੀ ਪਰਵਾਜ਼’ ਉਨਵਾਨ ਤਹਿਤ ਕਰਵਾਏ ਗਏ ਇਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੀ. ਆਰ. ਟੀ.ਸੀ. ਦੀ ਐਮ. ਡੀ. ਸ੍ਰੀਮਤੀ ਪ੍ਰਨੀਤ ਸ਼ੇਰਗਿਲ ਨੇ ਕਿਹਾ ਕਿ ਔਰਤ-ਮਰਦ ਦੀ ਨਾ ਬਰਾਬਰੀ ਪਹਿਲਾਂ ਮਾਨਸਿਕਤਾ ਵਿਚ ਹੁੰਦੀ ਹੈ, ਇਸ ਲਈ ਉਹਨਾਂ ਵਿਦਿਆਰਥਣਾ ਨੂੰ ਕਿਹਾ ਕਿ ਉਹ ਕਿਸੇ ਪੱਖੋਂ ਆਪਣੇ ਆਪ ਨੂੰ ਘੱਟ ਨਾ ਸਮਝਣ ਅਤੇ ਇਕ ਗੌਰਵਸ਼ਾਲੀ ਮਨੁੱਖ ਵਾਂਗ ਜ਼ਿੰਦਗੀ ਜੀਉਣ ਇਸ ਦੇ ਨਾਲ ਉਹਨਾਂ ਕਿਹਾ ਕਿ ਔਰਤਾਂ ਨਾਲ ਹੁੰਦੇ ਕਿਸੇ ਵੀ ਸ਼ੋਸਣ ਨੂੰ ਚੁੱਪ ਕਰਕੇ ਨਹੀਂ ਜਰਨਾ ਚਾਹਿਦਾ ਸਗੋਂ ਇਸ ਬਾਰੇ ਖੁੱਲ ਕੇ ਗੱਲ ਕਰਨੀ ਜ਼ਰੂਰੀ ਹੈ। ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਕਾਲਜ ਲਈ ਪਿੰਡਾਂ ਦੇ ਵੱਖ-ਵੱਖ ਰੂਟਾਂ ਤੋਂ ਵਿਸ਼ੇਸ਼ ਤੌਰ ਤੇ ਪੀ. ਆਰ. ਟੀ.ਸੀ. ਦੀਆਂ ਬੱਸਾਂ ਵੀ ਲਗਾਈਆਂ ਜਾਣਗੀਆਂ। ਵਿਦਿਆਰਥਣਾ ਦੇ ਸਰਵ ਪੱਖੀ ਵਿਕਾਸ ਲਈ ਕਾਲਜ ਵਲੋਂ ਇਕ ਵਿਸ਼ੇਸ਼ ਸੰਸਥਾ ‘ਧੀਆਂ ਦੀ ਪਰਵਾਜ਼’ ਦਾ ਅੱਜ ਉਦਘਾਟਨ ਕੀਤਾ ਗਿਆ।
ਇਸ ਮੌਕੇ ਮੁੱਖ ਵਕਤਾ ਵਜੋਂ ੳ ਐਸ. ਐਚ. ਓ. ਮਹਿਲਾ ਪੁਲਿਸ ਸਟੇਸ਼ਨ ਪਟਿਆਲਾ ਨੇ ਔਰਤਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕਿ ਆਜ਼ਾਦੀ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਇਸ ਲਈ ਸਿੱਖਿਆ ਹੀ ਔਰਤ ਦੀ ਤਾਕਤ ਬਣ ਸਕਦੀ ਹੈ। ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਇੰਚਾਰਜ ਡਾ. ਨੈਨਾ ਸ਼ਰਮਾ ਨੇ ਕਿਹਾ ਕਿ ਜੇਕਰ ਸਮਾਜ ਵਿਚ ਜੈਂਡਰ ਬਰਾਬਰੀ ਹੁੰਦੀ ਹੈ ਤਾਂ ਹੀ ਇਕ ਤੰਦਰੁਸਤ ਸਮਾਜ ਬਣ ਸਕਦਾ ਹੈ ਜਿਸ ਵਿਚ ਸਾਡੀਆਂ ਕੁੜੀਆਂ ਮਾਨਸਿਕ, ਆਰਥਿਕ ਅਤੇ ਬੌਧਿਕ ਤੌਰ ਤੇ ਵਿਕਾਸ ਕਰ ਸਕਣ। ‘ਧੀਆਂ ਦੀ ਪਰਵਾਜ਼’ ਮੰਚ ਦੀ ਕਨਵੀਨਰ ਡਾ. ਜਸਵਿੰਦਰ ਕੌਰ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਵਿਦਿਆਰਥਣਾ ਨੂੰ ਜੈਂਡਰ ਅਧਾਰ ਤੇ ਪੇਸ਼ ਆਉਂਦੀਆਂ ਮੁਸ਼ਕਿਲਾਂ ਦੀ ਪਛਾਣ ਕਰਨੀ ਅਤੇ ਫਿਰ ਉਹਨਾਂ ਦੇ ਖਾਤਮੇ ਲਈ ਜਾਗਰੂਕਤਾ ਲਿਆਉਣੀ।
ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਤੇਜਿੰਦਰ ਕੌਰ ਅਤੇ ਕਿਰਨਜੀਤ ਕੌਰ ਨੇ ਇਕ ਕੁੜੀ ਵਜੋਂ ਆਪਣੇ ਜੀਵਨ ਅਨੁਭਵ ਸਾਂਝੇ ਕੀਤੇ। ਕਾਲਜ ਵਿਦਿਆਰਥਣ ਦਿਲਪ੍ਰੀਤ ਕੌਰ ਦੀ ਕਵਿਤਾ ‘ਜੇਲ’ ਅਤੇ ਐਮ. ਏ ਦੀ ਵਿਦਿਆਰਥਣ ਸੰਗੀਤਾ ਵਲੋਂ ਗਾਏ ਗੀਤ ‘ਨੀ ਫੁੱਲਾਂ ਵਰਗੀਓ ਕੁੜੀਓ ਨੇ’ ਸਰੋਤਿਆਂ ਨੂੰ ਹਲੂਣ ਦਿੱਤਾ । ਧੰਨਵਾਦੀ ਸ਼ਬਦ ਬੋਲਦਿਆਂ ਡਾ. ਤੇਗਿੰਦਰ ਨੇ ਕਿਹਾ ਕਿ ਕਾਲਜ ਦੇ ਇਸ ਮੰਚ ਤੋਂ ਸਾਨੂੰ ਵੱਡੀਆਂ ਉਮੀਦਾਂ ਹਨ ਕਿ ਇਹ ਸਾਡੀਆਂ ਵਿਦਿਆਰਥਣਾਂ ਨੂੰ ਨਵੇਂ ਸੁਪਨੇ ਤੇ ਨਵੇਂ ਸ਼ਬਦ ਦੇਵੇਗਾ। ਮੰਚ ਸੰਚਾਲਣ ਡਾ ਰਚਨਾ ਨੇ ਕੀਤਾ। ਇਸ ਮੌਕੇ ਸਮੂਹ ਕਾਲਜ ਪਰਿਵਾਰ ਹਾਜ਼ਿਰ ਸੀ।

