ਪੰਜਾਬ

ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਡਾ. ਮੀਤ ਖਟੜਾ ਦੇ ਗ਼ਜ਼ਲ-ਸੰਗ੍ਰਹਿ ‘ਬਲਦੇ ਜਜ਼ਬਾਤਾਂ ਦੀ ਲਾਟ’ ਦਾ ਲੋਕ ਅਰਪਣ

ਸੰਗਰੂਰ (ਮਧੂਸਾਰ ਬਿਊਰੋ) ਮਾਂ ਬੋਲੀ ਪੰਜਾਬੀ ਦੀ ਸੇਵਾ ਅਤੇ ਸਨਮਾਨ ਪ੍ਰਤੀ ਸਮਰਪਿਤ, ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਸੁਤੰਤਰ ਭਵਨ ਸੰਗਰੂਰ ਵਿਖੇ 26 ਦਸੰਬਰ ਨੂੰ ਕਰਵਾਏ ਗਏ ਮਹੀਨੇਵਾਰ ਸਾਹਿਤਕ ਸਮਾਗਮ ਵਿੱਚ ਉੱਘੇ ਸਰਬਾਂਗੀ ਲੇਖਕ ਡਾ. ਮੀਤ ਖਟੜਾ ਦੇ ਗ਼ਜ਼ਲ-ਸੰਗ੍ਰਹਿ ‘ਬਲਦੇ ਜਜ਼ਬਾਤਾਂ ਦੀ ਲਾਟ’ ਦਾ ਲੋਕ ਅਰਪਣ ਕੀਤਾ ਗਿਆ।

ਇਸ ਸਾਹਿਤਕ ਪੁਸਤਕ ਸਬੰਧੀ ਆਪਣੇ ਖੋਜਪੂਰਨ ਪਰਚੇ ਨੂੰ ਪੜੵਦਿਆਂ ਵੈਟਰਨ ਸਾਹਿਤਕਾਰਾ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਡਾ. ਮੀਤ ਖਟੜਾ ਦੀ ਗ਼ਜ਼ਲ ਆਰਥਿਕ-ਸਮਾਜਿਕ ਵਿਸੰਗਤੀਆਂ ਦੇ ਮੁਕੰਮਲ ਖ਼ਾਤਮੇ ਅਤੇ ਲੁੱਟ-ਰਹਿਤ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਸ੍ਰੀ ਨਿਰੰਜਣ ਬੋਹਾ ਨੇ ਕਿਹਾ ਕਿ ਡਾ. ਮੀਤ ਖਟੜਾ ਦੀਆਂ ਗ਼ਜ਼ਲਾਂ ਵਿਚਲੇ ਬਲਦੇ ਜਜ਼ਬਿਆਂ ਦੀ ਇਹ ਲਾਟ ਇੱਕ ਵੱਡੇ ਇਨਕਲਾਬ ਲਈ ਪ੍ਰਤੀਬੱਧ ਦਿਖਾਈ ਦਿੰਦੀ ਹੈ।

ਆਪਣੇ ਸਾਹਿਤਕ ਤਜ਼ੁਰਬੇ ਦੀ ਛਾਂ ਹੇਠਾਂ,

ਡਾ. ਮੀਤ ਖਟੜਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗ਼ਜ਼ਲਾਂ ਵਿਚਲਾ ਦਰਦ ਉਨ੍ਹਾਂ ਦਾ ਹੱਡੀਂ ਹੰਢਾਇਆ ਦਰਦ ਹੈ। ਉਨ੍ਹਾਂ ਨੇ ਆਪਣੀਆਂ ਕੁੱਝ ਚੋਣਵੀਆਂ ਗ਼ਜ਼ਲਾਂ ਵੀ ਸੁਣਾਈਆਂ ਅਤੇ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਠਰ੍ਹੰਮੇ ਨਾਲ ਦਿੱਤੇ। ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਪ੍ਰੋ. ਨਰਿੰਦਰ ਸਿੰਘ ਨੇ ਕਿਹਾ ਕਿ ਡਾ. ਮੀਤ ਖਟੜਾ ਨੇ ਸਮਾਜਿਕ ਸਰੋਕਾਰਾਂ, ਤਿੜਕਦੇ ਰਿਸ਼ਤਿਆਂ, ਬੇਇਨਸਾਫ਼ੀਆਂ ਸਮੇਤ ਲੋਕ-ਰੋਹ ਤੋਂ ਕਿਸਾਨ ਸੰਗਰਾਮ ਤੱਕ ਦਾ ਯਥਾਰਥਕ ਬਿਰਤਾਂਤ ਸਿਰਜਿਆ ਹੈ।

ਆਪਣੇ ਉਸਾਰੂ ਭਾਸ਼ਣ ਦੌਰਾਨ ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਹਾ ਕਿ ਲੋਕਾਂ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦਾ ਸਾਹਿਤ ਹੀ ਅਸਲ ਵਿੱਚ ਲੋਕ ਸਾਹਿਤ ਹੁੰਦਾ ਹੈ। ਸਤਵੰਤ ਸਿੰਘ ਖੰਡੇਬਾਦ ਨੇ ਕਿਹਾ ਕਿ ਚੇਤਨ ਕਲਮਾਂ ਵੱਲੋਂ ਰਚਿਆ ਗਿਆ ਸਾਹਿਤ ਹੀ ਲੋਕ ਲਹਿਰਾਂ ਉਸਾਰਨ ਦੇ ਸਮਰੱਥਾ ਰੱਖਦਾ ਹੈ। ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਕਿਹਾ ਕਿ ਇਤਿਹਾਸ ਲਿਖਣ ਦਾ ਕਾਰਜ ਵੀ ਇਤਿਹਾਸ ਸਿਰਜਣ ਜਿੰਨਾ ਹੀ ਮਹੱਤਵਪੂਰਨ ਹੁੰਦਾ ਹੈ। ਸਮਾਗਮ ਵਿੱਚ ਹੱਕ-ਸੱਚ ਦੀ ਮਸ਼ਾਲ ਨੂੰ ਬਲਦਾ ਰੱਖਣ ਲਈ ਪਾਏ ਵਡਮੁੱਲੇ ਯੋਗਦਾਨ ਲਈ ਡਾ. ਮੀਤ ਖਟੜਾ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਸਤਵੰਤ ਸਿੰਘ ਖੰਡੇਵਾਦ ਨੂੰ ਸਨਮਾਨਿਤ ਵੀ ਕੀਤਾ ਗਿਆ। ਆਰੰਭ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਕਿਸਾਨ ਅੰਦੋਲਨ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਸਾਰੇ ਆਏ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ।

ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਦੀ ਸ਼ੁਰੂਆਤ ਪ੍ਰੋ. ਨਿਸ਼ਾ ਭਾਟੀਆ ਵੱਲੋਂ ਬੜੇ ਹੀ ਦਿਲਕਸ਼ ਅੰਦਾਜ਼ ਵਿਚ ਗਾਈ ਖ਼ੂਬਸੂਰਤ ਗ਼ਜ਼ਲ ਨਾਲ ਹੋਈ ਅਤੇ ਇਸ ਲੜੀ ਨੂੰ ਅਗਾਂਹ ਤੋਰਦਿਆਂ, ਬਲਬੀਰ ਕੌਰ ਰਾਏਕੋਟੀ, ਮੂਲ ਚੰਦ ਸ਼ਰਮਾ, ਧਰਮਵੀਰ ਸਿੰਘ, ਬਿੱਕਰ ਸਿੰਘ ਸਟੈਨੋ, ਗੋਬਿੰਦ ਸਿੰਘ ਤੂਰਬਨਜਾਰਾ, ਮੇਜਰ ਸਿੰਘ ਰਾਜਗੜ੍ਹ, ਸਰਬਜੀਤ ਸਿੰਘ ਸੰਧੂ, ਸਤਪਾਲ ਸਿੰਘ ਲੌਂਗੋਵਾਲ, ਰਜਿੰਦਰ ਸਿੰਘ ਰਾਜਨ, ਦੀਪ ਦਾਤੇਵਾਸ, ਜਸਪਾਲ ਸਿੰਘ ਸੰਧੂ, ਸਵਾਮੀ ਰਵਿੰਦਰ ਗੁਪਤਾ, ਸੁਖਵਿੰਦਰ ਸਿੰਘ ਫੁੱਲ, ਕਰਮ ਸਿੰਘ ਜ਼ਖ਼ਮੀ, ਰਾਮ ਕਿਮਾਰ, ਕੁਲਵੰਤ ਕਸਕ, ਚਮਕੌਰ ਸਿੰਘ ਚਮਨ, ਪਰਮਜੀਤ ਕੌਰ, ਨਿਰਮਲ ਸਿੰਘ ਬਟਰਿਆਣਾ, ਨਰੰਜਣ ਸਿੰਘ ਚਨਾਗਰਾ, ਗੁਰਮੀਤ ਸਿੰਘ ਸੋਹੀ, ਜਰਨੈਲ ਸਿੰਘ ਜਨਾਲ, ਗੁਰਮੇਲ ਸਿੰਘ ਜਨਾਲ, ਲੱਖਮੀ ਚੰਦ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਗੁਰਜੋਤ ਕੌਰ, ਹਰਪਾਲ ਕੌਰ, ਲਵਪ੍ਰੀਤ ਸਿੰਘ ਖੰਡੇਬਾਦ, ਪੰਥਕ ਕਵੀ ਲਾਭ ਸਿੰਘ ਝੱਮਟ, ਜੰਗੀਰ ਸਿੰਘ ਰਤਨ, ਈਸ਼ਮ ਸਿੰਘ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ।

Leave a Reply

Your email address will not be published. Required fields are marked *