ਪੰਜਾਬਪਟਿਆਲਾ

ਵਿਸਾਖੀ ਜੋੜ ਮੇਲ ਮੌਕੇ ਖਾਲਸਾ ਸਾਜਨਾ ਦਿਵਸ ਮਨਾਉਣ ਪੁੱਜੀਆਂ ਸੰਗਤਾਂ ਨੇ ਨਿਵਾਇਆ ਸੀਸ

ਖਾਲਸਾ ਪੰਥ ਦਾ ਵਿਲੱਖਣ ਸਿਧਾਂਤ ਅਤੇ ਆਪੇ ਗੁਰ ਚੇਲਾ ਦੀ ਮਿਸਾਲ ਇਤਿਹਾਸ ਅੰਦਰ ਨਿਵੇਕਲੀ : ਪ੍ਰੋ. ਬਡੂੰਗਰ

ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੁੱਜੀਆਂ ਸਖਸ਼ੀਅਤਾਂ ਸਨਮਾਨਤ

ਪਟਿਆਲਾ 14 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਵਿਸਾਖੀ ਦੇ ਜੋੜ ਮੇਲ ਮੌਕੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਪੁੱਜਕੇ ਆਪਣੀ ਆਸਥਾ ਪ੍ਰਗਟਾਈ ਅਤੇ ਗੁਰੂ ਦਰਬਾਰ ਵਿਚ ਨਤਮਸਤਕ ਹੋ ਕੇ ਖਾਲਸੇ ਦਾ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਹਜ਼ੂਰੀ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਾਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦਿਆਂ ਪੰਗਤ-ਸੰਗਤ ਕੀਤੀ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।

ਇਸ ਪਵਿੱਤਰ ਦਿਹਾੜੇ ਮੌਕੇ ਦੀਵਾਨ ਹਾਲ ਵਿਖੇ ਧਾਰਮਕ ਸਮਾਗਮ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਖਾਲਸੇ ਪੰਥ ਦੇ ਸਿਰਜਣਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜ਼ਬਰ ਜ਼ੁਲਮ ਦੇ ਖਿਲਾਫ਼ ਹੱਕ, ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਸਮੁੱਚੀ ਮਾਨਵਤਾ ਨੂੰ ਖਾਲਸਾ ਪੰਥ ਦਾ ਵੱਡਮੁੱਲਾ ਅਤੇ ਵਿਲੱਖਣ ਸਿਧਾਂਤ ਦਿੱਤਾ, ਜਿਸ ਨਾਲ ਖੁਦਮੁਖਤਿਆਰੀ ਖਾਲਸਾ ਪੰਥ ਹੋਂਦ ’ਚ ਆਇਆ।

ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਗੁਰੂ ਮਾਨਿਓ ਗ੍ਰੰਥ ਦੇ ਫਲਸਫੇ ਨੂੰ ਅਪਣਾਈਏ ਅਤੇ ਅੰਮਿ੍ਰਤ ਦੀ ਦਾਤ ਪ੍ਰਾਪਤ ਕਰਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਹੋਂਦ ਨੂੰ ਕੋਈ ਖ਼ਤਰਾ ਸੀ, ਨਾ ਹੈ ਅਤੇ ਨਾ ਰਹੇਗਾ ਅਤੇ ਆਪੇ ਗੁਰ ਚੇਲਾਾ ਦੀ ਮਿਸਾਲ ਇਤਿਹਾਸ ਅੰਦਰ ਨਿਵੇਕਲੀ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਤ ਵੀ ਕੀਤਾ ਗਿਆ। ਧਾਰਮਕ ਸਮਾਗਮ ਦੌਰਾਨ ਮੈਨੇਜਰ ਭਗਵੰਤ ਸਿੰਘ ਧੰਗੇੜਾ ਐਡੀਸ਼ਨਲ ਮੈਨੇ. ਕਰਨੈਲ ਸਿੰਘ ਵਿਰਕ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ, ਜਸਪ੍ਰੀਤ ਸਿੰਘ ਭਾਟੀਆ, ਸਾਬਕਾ ਮੈਨੇ.ਕਮਲਜੀਤ ਸਿੰਘ ਜੋਗੀਪੁਰ, ਭਾਈ ਅਜਮੇਰ ਸਿੰਘ, ਭਾਈ ਦਰਸ਼ਨ ਸਿੰਘ, ਵਰਿੰਦਰ ਸਿੰਘ ਗੋਲਡੀ, ਆਤਮ ਪ੍ਰਕਾਸ਼ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ ਕੌਲੀ, ਸਰਬਜੀਤ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *