ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਖੇਲੋ ਇੰਡੀਆ ਯੂਨੀਵਰਸਿਟੀ ਲਈ ਚੋਣ
ਕਾਲਜ ਦੇ ਪੰਜੇ ਵਿਦਿਆਰਥੀ ਅਪ੍ਰੈਲ ’ਚ ਜਾਣਗੇ ਬੇਂਗਲੁਰੂ : ਪ੍ਰਿੰ: ਡਾ. ਮਹਿਲ ਸਿੰਘ
ਅੰਮ੍ਰਿਤਸਰ, 3 ਜਨਵਰੀ ( ਸੁਖਬੀਰ ਸਿੰਘ/ਮਧੂਸਾਰ ਬਿਊਰੋ)¸ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ 24 ਦਸੰਬਰ ਤੋਂ 2 ਜਨਵਰੀ ਤੱਕ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਮੁਕਾਬਲੇ ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 1 ਸੋਨੇ 1 ਚਾਂਦੀ ਅਤੇ 1 ਤਾਂਬੇ ਦਾ ਤਗਮਾ ਆਪਣੇ ਨਾਮ ’ਤੇ ਦਰਜ ਕਰਵਾਕੇ ਕਾਲਜ ਅਤੇ ਜ਼ਿਲੇ੍ਹ ਦਾ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਰਾਜਪਿੰਦਰ ਸਿੰਘ ਆਲ ਇੰਡੀਆ ਇੰਟਰ ਯੂਨੀਵਰਸਿਟੀ ’ਚੋਂ 54 ਕਿਲੋ ’ਚ 2 ਵਾਰ ਗੋਲਡ ਹਾਸਲ ਕਰਨ ਖਿਤਾਬ ਬਣਾਇਆ ਹੈ।
ਵਿਦਿਆਰਥੀਆਂ ਦੀ ਜਿੱਤ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਵਿਦਿਆਰਥੀ ਰਾਜਪਿੰਦਰ ਸਿੰਘ ਨੇ 54 ਕਿਲੋ ’ਚ ਗੋਲਡ, ਕਾਰਤਿਕ ਨੇ 28 ਕਿਲੋ ’ਚ ਚਾਂਦੀ ਅਤੇ ਅਮਰਜੀਤ ਨੇ 51 ਕਿਲੋ ’ਚ ਤਾਂਬੇ ਦਾ ਤਗਮਾ ਹਾਸਲ ਕੀਤਾ। ਜਦ ਕਿ ਤਿੰਦਰਪਾਲ ਸਿੰਘ ਨੇ 75 ਕਿਲੋ ਅਤੇ ਜੈਦੀਪ ਸਿੰਘ ਨੇ 63.5 ਕਿਲੋ ’ਚ ਕੁਆਟਰ ਫਾਈਲ ’ਚ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਉਕਤ ਕਾਲਜ ਦੇ ਪੰਜੇ ਖਿਡਾਰੀਆਂ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾਈ ਹੇਠ ਟੀਮ ’ਚ ਬੇਂਗਲੁਰੂ ਵਿਖੇ ਅਪ੍ਰੈਲ ’ਚ ਹੋਣ ਜਾ ਰਹੀ ਖੇਲੋ ਇੰਡੀਆ ਯੂਨੀਵਰਸਿਟੀ ਬਾਕਸਿੰਗ ਮੁਕਾਬਲੇ ਲਈ ਚੋਣ ਕੀਤੀ ਗਈ ਹੈ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਜਿੱਤ ਨੇ ਗੌਰਵਮਈ ਇਤਿਹਾਸ ਵਾਲੇ ਖ਼ਾਲਸਾ ਕਾਲਜ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਦਿੱਤਾ ਹੈ। ਜਿਸਦਾ ਸਿਹਰਾ ਉਨ੍ਹਾਂ ਦੀ ਅਣਥੱਕ ਮਿਹਨਤ ਦੇ ਸਿਰ ਬੱਝਦਾ ਹੈ। ਉਨ੍ਹਾਂ ਨੇ ਸਪੋਰਟਸ ਵਿਭਾਗ ਮੁੱਖੀ ਡਾ. ਦਲਜੀਤ ਸਿੰਘ, ਬਾਕਸਿੰਗ ਕੋਚ ਬਲਜਿੰਦਰ ਸਿੰਘ ਆਦਿ ਨੂੰ ਮੁਬਾਰਕਬਾਦ ਦਿੱਤੀ।

