ਖਾਲਸਾ ਕਾਲਜ ਇੰਜੀਨੀਅਰਿੰਗ ਦਾ ਮਹਾਤਮਾ ਗਾਂਧੀ ਨੈਸ਼ਨਲ ਕੌਂਂਸਲ ਆਫ਼ ਰੂਰਲ ਐਜ਼ੂਕੇਸ਼ਨ ਨਾਲ ਹੋਇਆ ਸਮਝੌਤਾ
ਅੰਮ੍ਰਿਤਸਰ, 5 ਜਨਵਰੀ (ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਅੱਜ ਅਕਾਦਮਿਕ ਐਸੋਸੀਏਸ਼ਨਾਂ ’ਚ ਇਕ ਹੋਰ ਮੀਲ ਪੱਥਰ ਪ੍ਰਾਪਤ ਕਰਦੇ ਹੋਏ ਮਹਾਤਮਾ ਗਾਂਧੀ ਨੈਸ਼ਨਲ ਕੌਂਂਸਲ ਆਫ ਰੂਰਲ ਐਜ਼ੂਕੇਸ਼ਨ, ਉੱਚ ਸਿੱਖਿਆ ਵਿਭਾਗ, ਐਮ. ਐਚ. ਆਰ. ਡੀ., ਭਾਰਤ ਸਰਕਾਰ ਦੇ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ। ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਡਾ. ਪ੍ਰਸੰਨਾ ਕੁਮਾਰ (ਚੇਅਰਮੈਨ, ਐਮ. ਜੀ. ਐਨ. ਸੀ. ਆਰ. ਈ., ਐਮ. ਓ. ਈ., ਭਾਰਤ ਸਰਕਾਰ) ਵਲੋਂ ਆਨਲਾਈਨ ਮਧਿਅਮ ਰਾਹੀਂ ਇਸ ਐਮ.ਓ.ਯੂ ’ਤੇ ਹਸਤਾਖਰ ਕੀਤੇ ਗਏ।
ਇਸ ਮੌਕੇ ਡਾ. ਬਾਲਾ ਨੇ ਕਿਹਾ ਕਿ ਇਸ ਐਸੋਸੀਏਸ਼ਨ ਤਹਿਤ ਕਾਲਜ ਅਜਿਹੇ ਵਿਸ਼ਿਆਂ ਜਾਂ ਕੋਰਸਾਂ ਦੀ ਸ਼ੁਰੂਆਤ ਕਰਕੇ ਪੇਂਂਡੂ ਪ੍ਰਬੰਧਨ ਦੇ ਵਿਕਾਸ ਲਈ ਕਾਰਜ ਕਰੇਗਾ ਜੋ ਸਮਾਜ ਲਈ ਲਾਹੇਵੰਦ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮੈਮੋਰੰਡਮ ਤਹਿਤ ਕਾਲਜ ਦੇ ਫੈਕਲਟੀ ਅਤੇ ਵਿਦਿਆਰਥੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਵਰਕਸ਼ਾਪ, ਸੈਮੀਨਾਰ, ਇੰਟਰਨਸ਼ਿਪ ਆਦਿ ਨਾਲ ਸਬੰਧਿਤ ਵੱਖ-ਵੱਖ ਫ਼ਾਇਦਾ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਰਾਹੀਂ ਵੱਖ-ਵੱਖ ਸ਼ਾਖਾਵਾਂ ਦੇ ਵਿਦਿਆਰਥੀਆਂਂ ਨੂੰ ਸਮਾਜਿਕ ਉੱਦਮ ਦੇ ਖੇਤਰ ’ਚ ਕੰਮ ਕਰਨ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਨਵੇਂ ਸਾਲ ’ਚ ਇਸ ਐਮ. ਓ. ਯੂ. ਨੇ ਸੰਸਥਾ ਲਈ ਸਮਾਜ ਦੀ ਬੇਹਤਰੀ ਲਈ ਕੰਮ ਕਰਨ ਦੇ ਨਵੇਂਂ ਮੌਕੇ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਲਜ ਜ਼ਿਲ੍ਹੇ ਦਾ ਪਹਿਲਾ ਕਾਲਜ ਹੈ ਜਿਸ ਨੇ ਐਮ. ਜੀ. ਐਨ. ਸੀ. ਆਰ. ਈ., ਐਮ. ਐਚ. ਆਰ. ਡੀ. ਨਾਲ ਸਮਝੌਤੇ ’ਤੇ ਸਾਈਨ ਕੀਤੇ ਹਨ। ਸਮਾਰੋਹ ਦੌਰਾਨ ਪ੍ਰੋ. ਚੇਤਨ ਚਿਟਲਕਰ, ਡਾਇਰੈਕਟਰ ਇੰਚਾਰਜ ਐਮ. ਜੀ. ਐਨ. ਸੀ. ਆਰ. ਈ. ਅਤੇ ਡਾ. ਰਣਬੀਰ ਸਿੰਘ ਬੱਟਨ, ਸਟੇਟ ਕੋਆਰਡੀਨੇਟਰ ਪੰਜਾਬ ਨੇ ਇਸ ਦੀ ਨੁਮਾਇੰਦਗੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਿਪਿਨ ਕੋਹਲੀ (ਡੀਨ ਆਰ. ਐਂਂਡ ਸੀ.), ਸ਼੍ਰੀ ਪੀ. ਪ੍ਰਸ਼ਾਂਤ (ਡਿਪਟੀ ਡੀਨ, ਆਈ. ਐਂਂਡ ਏ.), ਸ੍ਰੀਮਤੀ ਬਲਬੀਰ ਕੌਰ ਅਤੇ ਸ਼੍ਰੀ ਹਰਮੀਤ ਸਿੰਘ ਤਕਨੀਕੀ ਸਹਾਇਤਾ ਲਈ ਆਪਣਾ ਅਹਿਮ ਯੋਗਦਾਨ ਪਾਇਆ।
ਇਸ ਸਮਝੌਤੇ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾਇਰੈਕਟਰ ਡਾ. ਬਾਲਾ ਅਤੇ ਫੈਕਲਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਇਕ ਵਿਲੱਖਣ ਸਹਿਯੋਗ ਹੈ ਜਿਸ ’ਚ ਫੈਕਲਟੀ ਅਤੇ ਵਿਦਿਆਰਥੀ ਭਾਰਤ ਸਰਕਾਰ ਦੀ ਅਗਵਾਈ ’ਚ ਸਮਾਜ ਦੀ ਬਿਹਤਰੀ ਲਈ ਮਦਦ ਕਰਨਗੇ।

