ਪੰਚਮੀ ਦੇ ਦਿਹਾੜੇ ’ਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਗਤਾਂ ਨਤਮਸਤਕ
ਦੀਵਾਨ ਹਾਲ ’ਚ ਢਾਡੀ-ਕਵੀਸਰੀ ਜੱਥਿਆਂ ਨੇ ਸੁਣਾਈਆਂ ਇਤਿਹਾਸਕ ਵਾਰਾਂ
ਪਵਿੱਤਰ ਸਰੋਵਰ ’ਚ ਸੰਗਤਾਂ ਵੱਲੋਂ ਇਸ਼ਨਾਨ ਅਤੇ ਕੀਤੀ ਪੰਗਤ-ਸੰਗਤ
ਪਟਿਆਲਾ 7 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਗਤਾਂ ਵੱਲੋਂ ਵਰਦੇ ਮੀਂਹ ਵਿਚ ਆਸਥਾ ਪ੍ਰਗਟ ਕਰਦਿਆਂ ਗੁਰੂ ਘਰ ਮੱਥਾ ਟੇਕਿਆ ਗਿਆ। ਤੜਕਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਭਾਈ ਅਜਮੇਰ ਸਿੰਘ ਨੇ ਮੁੱਖਵਾਕ ਲਿਆ ਅਤੇ ਹੈਡ ਗ੍ਰੰਥੀ ਭਾਈ ਪਿ੍ਰਤਪਾਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਅੱਗੇ ਆਪਣਾ ਸੀਸ ਨਿਵਾਇਆ ਅਤੇ ਹਜ਼ੂਰੀ ਕੀਰਤਨੀ ਜੱਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਅੱਜ ਦੇ ਇਤਿਹਾਸਕ ਦਿਹਾੜੇ ’ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ।

ਸੰਗਤਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦਿਆਂ ਪੰਗਤ-ਸੰਗਤ ਕੀਤੀ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਢਾਡੀ-ਕਵੀਸ਼ਰੀ ਜਥਿਆਂ ਭਾਈ ਚਮਕੌਰ ਸਿੰਘ, ਬੀਬੀ ਸੁਰਿੰਦਰ ਕੌਰ ਪਟਿਆਲਾ, ਬੀਬੀ ਸਤਨਾਮ ਕੌਰ ਅੰਬਾਲਾ, ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਗੁਰਦਿਆਲ ਸਿੰਘ ਸਨੌਰ ਨੇ ਸੰਗਤਾਂ ਨੂੰ ਇਤਿਹਾਸਕ ਵਾਰਾਂ ਨਾਲ ਜੋੜਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਭਗਵੰਤ ਸਿੰਘ ਧੰਗੇੜਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਗੁਰਦੀਪ ਸਿੰਘ ਮਨਜੀਤ ਸਿੰਘ ਕੌਲੀ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਜੀਤ ਸਿੰਘ ਪਵਾਰ, ਗੁਰਤੇਜ ਸਿੰਘ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ ਆਦਿ ਹਾਜ਼ਰ ਸਨ।
ਕੋਵਿਡ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਵੇ ਸੰਗਤ : ਮੈਨੇਜਰ ਧੰਗੇੜਾ
ਕਰੋਨਾ ਹਦਾਇਤਾਂ ਦੇ ਚੱਲਦਿਆਂ ਸੰਗਤਾਂ ਨੂੰ ਨਿਯਮਾਂ ਦੀ ਪਾਲਣਾ ਕਰਦਿਆਂ ਮਾਸਕ ਪਹਿਨਣ, ਸ਼ੋਸ਼ਲ ਡਿਸਟੈਂਟਸ ਰੱਖਣ ਅਤੇ ਹੱਥਾਂ ਦੀ ਸਾਫ-ਸਫਾਈ ਵਰਗੀਆਂ ਹਦਾਇਤਾਂ ਦੀ ਪਾਲਣਾ ਸੰਗਤਾਂ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਸੰਗਤਾਂ ਕਰੋਨਾ ਲਾਗ ਦਾ ਸ਼ਿਕਾਰ ਨਾ ਹੋ ਸਕਣ। ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਪ੍ਰਸ਼ਾਸਨਿਕ ਹਦਾਇਤਾਂ ਨੂੰ ਇਨ ਬਿਨ ਲਾਗੂ ਕਰਵਾਉਣ ਲਈ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਗੁਰੂ ਘਰ ਨਤਮਸਤਕ ਹੋਣ ਪੁੱਜਦੀ ਸੰਗਤ ਨੂੰ ਕਰੋਨਾ ਲਾਗ ਤੋਂ ਬਚਾਉਣ ਲਈ ਸਮੇਂ ਸਮੇਂ ਸਿਰ ਪ੍ਰੇਰਦੇ ਰਹਿਣ ਅਤੇ ਸੰਗਤ ਨੂੰ ਕਰੋਨਾ ਦੇ ਮੱਦੇਨਜ਼ਰ ਸੁਚੇਤ ਰਹਿਣ ਦੀ ਲੋੜ ਹੈ।
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਆਰੰਭ
ਗੁਰਦੁਆਰਾ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਇਸ ਮੌਕੇ ਹੈਡ ਗ੍ਰੰਥੀ ਗਿਆਨੀ ਪਿ੍ਰਤਪਾਲ ਸਿੰਘ ਨੇ ਕਿਹਾ ਕਿ 9 ਜਨਵਰੀ ਨੂੰ ਦੀਵਾਨ ਹਾਲ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਗੁਰੂ ਪੁੱਜ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ।

