ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਮਨਾਇਆ
ਗੁਰੂ ਸਾਹਿਬ ਦਾ ਸੰਘਰਸ਼ਮਈ ਜੀਵਨ ਪ੍ਰਮਾਤਮਾ ਦੇ ਭਾਣੇ ’ਚ ਰਹਿਣ ਦੀ ਸਭ ਤੋਂ ਵੱਡੀ ਪ੍ਰੇਰਨਾ : ਹੈਡ ਗ੍ਰੰਥੀ ਪਿ੍ਰਤਪਾਲ ਸਿੰਘ
ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਦੀ ਬਖਸ਼ਿਸ਼

ਪਟਿਆਲਾ 9 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਗੁਰਦੁਆਰਾ ਕਰਹਾਲੀ ਸਾਹਿਬ, ਗੁਰਦੁਆਰਾ ਡੇਰਾ ਬਾਬਾ ਅਜਾਪਾਲ ਵਿਖੇ ਸੰਗਤਾਂ ਵੱਲੋਂ ਗੁਰੂ ਘਰ ਮੱਥਾ ਟੇਕ ਕੇ ਮਨਾਇਆ ਗਿਆ। ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਹਜ਼ੂਰੀ ਕੀਰਤਨੀ ਭਾਈ ਜਸਵਿੰਦਰ ਸਿੰਘ ਦੇ ਰਾਗੀ ਜੱਥੇ ਗੁਰਬਾਣੀ ਕੀਰਤਨ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਮੁੱਖਵਾਕ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਵੱਲੋਂ ਲੈਣ ਉਪਰੰਤ ਹੈਡ ਗ੍ਰੰਥੀ ਗਿਆਨੀ ਭਾਈ ਪਿ੍ਰਤਪਾਲ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਧਾਰਮਕ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਬੀਬੀ ਕੁਲਦੀਪ ਕੌਰ ਟੌਹੜਾ ਸਮੇਤ ਸ਼ਹਿਰ ਦੀਆਂ ਸਿੱਖ ਸਭਾਵਾਂ, ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਹੈਡ ਗ੍ਰੰਥੀ ਪਿ੍ਰਤਪਾਲ ਸਿੰਘ ਨੇ ਸੰਗਤਾਂ ਨੂੰ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦਿਆਂ ਦਸਮੇਸ਼ ਪਿਤਾ ਦੇ ਜੀਵਨ ਅਤੇ ਰਚਿਤ ਸਵੈ ਜੀਵਨੀ ਵਿਚੋਂ ਇਤਿਹਾਸ ਨਾਲ ਜੋੜਦਿਆਂ ਜਾਣੂੰ ਕਰਵਾਇਆ ਕਿ ਗੁਰੂ ਸਾਹਿਬ ਨੇ ਜਿਥੇ ਸਮੁੱਚੀ ਮਾਨਵਤਾ ਖਾਲਸੇ ਦਾ ਵਿਲੱਖਣ ਸਿਧਾਂਤ ਦਿੱਤਾ, ਉਥੇ ਹੀ ਰਚਿਤ ਗੁਰਬਾਣੀ ਦੇ ਨਾਲ-ਨਾਲ ਜ਼ਬਰ ਅਤੇ ਜ਼ੁਲਮ ਖਿਲਾਫ਼ ਲੜੀਆਂ ਗਈਆਂ 14 ਜੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਸਾਰਿਆਂ ਲਈ ਆਦਰਸ਼ ਹੈ। ਗੁਰੂ ਸਾਹਿਬ ‘ਆਪੇ ਗੁਰੂ ਚੇਲਾ’ ਦਾ ਸਿਧਾਂਤ ਦੇ ਕੇ ਮਾਨਵੀ ਹੱਕਾਂ ਲਈ ਜੂਝਣ ਦੀ ਜੀਵਨ ਜਾਂਚ ਪ੍ਰਦਾਨ ਕੀਤੀ ਹੈ। ਗੁਰੂ ਸਾਹਿਬ ਦਾ ਸੰਘਰਸ਼ਮਈ ਜੀਵਨ ਹਮੇਸ਼ਾ ਗੁਰੂ ਦੇ ਭਾਣੇ ’ਚ ਰਹਿਣ ਦੀ ਸਭ ਤੋਂ ਵੱਡੀ ਪ੍ਰੇਰਨਾ ਹੈ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਕੇ ਨਰੋਏ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਗਵੰਤ ਸਿੰਘ ਧੰਗੇੜਾ ਵੱਲੋਂ ਸ਼ੋ੍ਰਮਣੀ ਕਮੇਟੀ ਮੈਂਬਰਾਨ ਅਤੇ ਪੁੱਜੀਆਂ ਸਖਸ਼ੀਅਤਾਂ ਨੂੰ ਵੀ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਭਗਵੰਤ ਸਿੰਘ ਧੰਗੇੜਾ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਜਸਪ੍ਰੀਤ ਸਿੰਘ ਭਾਟੀਆ, ਭਗਵੰਤ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਸਾਬਕਾ ਐਡੀਸ਼ਨਲ ਸੈਕਟਰੀ ਗੁਰਦਸ਼ਨ ਸਿੰਘ, ਸਾਬਕਾ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ, ਸਾਬਕਾ ਮੈਨੇਜਰ ਕਰਮ ਸਿੰਘ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਪ੍ਰੀਤ ਸਿੰਘ ਕੌਲੀ, ਸਰਬਜੀਤ ਸਿੰਘ, ਗੁਰਤੇਜ ਸਿੰਘ, ਮਨਜੀਤ ਸਿੰਘ ਪਵਾਰ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

