ਦੇਸ਼-ਵਿਦੇਸ਼ਪੰਜਾਬਪਟਿਆਲਾ

ਸਿਆਸਤ ਦੀ ਤਰੇੜ : ਕੋਹਲੀ ਭਰਾ ਹੋਣਗੇ ਆਹਮੋ-ਸਾਹਮਣੇ!

ਅਜੀਤਪਾਲ ਨੂੰ ‘ਕੇਜਰੀਵਾਲ’ ਅਤੇ ਗੁਰਜੀਤ ਕੋਹਲੀ ਨੂੰ ਮਿਲੇਗਾ ‘ਕੈਪਟਨ’ ਦਾ ਸਾਥ

ਪਟਿਆਲਾ 26 ਜਨਵਰੀ (ਮਧੂਸਾਰ ਬਿਊਰੋ) ਏਸ ਚੋਣਾਂ ਦੇ ਮੁਕਾਬਲੇ ਜਿਥੇ ਦਿਲਚਸਪ ਅਤੇ ਫਸਵੇਂ ਹੋਣ ਜਾ ਰਹੇ ਹਨ, ਉਥੇ ਹੀ ਪਟਿਆਲਾ ਦੀ ਸ਼ਹਿਰ ਅਤੇ ਦਿਹਾਤੀ ਸੀਟ ’ਤੇ ਦੋ ਸਕੇ ਭਰਾ ਵੀ ਸਿਆਸੀ ਪਿੜ ਵਿਚ ਆਹਮੋ-ਸਾਹਮਣੇ ਨਜ਼ਰ ਆਉਣਗੇ। ਸਿਆਸੀ ਗੁੜ੍ਹਤੀ ਦੇ ਚੱਲਦਿਆਂ ਸੁਰਜੀਤ ਸਿੰਘ ਕੋਹਲੀ ਦੇ ਦੋਵੇਂ ਸਪੁੱਤਰਾਂ ਅਜੀਤਪਾਲ ਸਿੰਘ ਕੋਹਲੀ ਅਤੇ ਗੁਰਜੀਤ ਸਿੰਘ ਕੋਹਲੀ ਨੇ ਸਿਆਸਤ ਕਰਨ ਲਈ ਵੱਖੋ ਵੱਖ ਰਾਹ ਚੁਣੇ ਅਤੇ ਅੱਜ ਹਲਾਤਾਂ ਨੇ ਦੋਵੇਂ ਸਕੇ ਭਰਾਵਾਂ ਨੂੰ ਆਹਮੋ-ਸਾਹਮਣੇ ਲਿਆ ਖੜ੍ਹਾ ਕਰ ਦਿੱਤਾ ਹੈ। ਸਿਆਸਤ ਦੇ ਬਾਬਾ ਬੋਹੜ੍ਹ ਰਹੇ ਸਰਦਾਰਾ ਸਿੰਘ ਕੋਹਲੀ ਦੀ ਛੱਤ ਹੇਠ ਸਿਆਸਤ ਦੀ ਤਰੇੜ ਇਸ ਕਰਕੇ ਆਈ ਕਿ ਸੁਰਜੀਤ ਸਿੰਘ ਕੋਹਲੀ ਨੇ ਆਪਣੇ ਇਕ ਸਪੁੱਤਰ ਅਜੀਤਪਾਲ ਸਿੰਘ ਕੋਹਲੀ ਨੂੰ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨਾਲ ਜੋੜ ਕੇ ਰੱਖਿਆ ਅਤੇ ਦੂਜੇ ਸਪੁੱਤਰ ਨੇ ਵਿਚਾਰਧਾਰਾ ਤੋਂ ਵੱਖ ਰਹਿ ਕੇ ਦੇਸ਼ ਲਈ ਰਾਸ਼ਟਰਹਿੱਤ ਦਾ ਨਾਅਰਾ ਦੇਣ ਵਾਲੀ ਪਾਰਟੀ ‘ਭਾਜਪਾ’ ਨੂੰ ਚੁਣਿਆ ਇਸ ਕਰਕੇ ਸਿਆਸਤ ਦੀ ਤਰੇੜ ਹੋਰ ਗੁੜ੍ਹੀ ਹੁੰਦੀ ਚਲੀ ਗਈ।

ਸ਼ੋ੍ਰਮਣੀ ਅਕਾਲੀ ਦਲ ’ਚ ਹੁੰਦਿਆਂ ਸੁਰਜੀਤ ਸਿੰਘ ਕੋਹਲੀ ਨੇ ਸ਼ਾਹੀ ਪਰਿਵਾਰ ਖਿਲਾਫ਼ ਕਈਆਂ ਚੋਣਾਂ ਲੜੀਆਂ, ਪ੍ਰੰਤੂ ਕੈਪਟਨ ਦਾ ਸਿਆਸੀ ਗਲਬਾ ਤੋੜਨ ’ਚ ਹਮੇਸ਼ਾ ਨਾਕਾਮ ਰਹਿਣ ਦੇ ਕਾਰਨ ਭਾਵੇਂ ਕੁਝ ਵੀ ਰਹੇ, ਪ੍ਰੰਤੂ ਫੇਰ ਵੀ ਸਮੇਂ-ਸਮੇਂ ’ਤੇ ਅਕਾਲੀ ਦਲ ਨੇ ਹਮੇਸ਼ਾ ਟਕਸਾਲੀ ਪਰਿਵਾਰ ਨੂੰ ਤਵੱਜੋਂ ਦਿੱਤੀ। ਅੱਜ ਭਾਵੇਂ ਸੁਰਜੀਤ ਸਿੰਘ ਕੋਹਲੀ ਪਾਰਟੀ ਤੋਂ ਅਸਤੀਫਾ ਦੇ ਕੇ ਘਰ ਬੈਠ ਕੇ ਗਏ ਹਨ ਅਤੇ ਸਪੁੱਤਰ ਅਜੀਤਪਾਲ ਸਿੰਘ ਕੋਹਲੀ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਹੈ। 2022 ਦੀਆਂ ਚੋਣਾਂ ਦੌਰਾਨ ਸਿਆਸੀ ਕਰਵਟ ਬਦਲੀ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡਕੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਚੁੱਕੇ ਹਨ, ਉਥੇ ਹੀ ਭਾਜਪਾ ਨਾਲ ਵੀ ਗੱਠਜੋੜ ਕਰਕੇ ਚੋਣਾਂ ਲੜ ਰਹੇ ਹਨ।
ਦੂਜੇ ਪਾਸੇ ਸੁਰਜੀਤ ਸਿੰਘ ਕੋਹਲੀ ਦੇ ਸਪੁੱਤਰ ਗੁਰਜੀਤ ਸਿੰਘ ਕੋਹਲੀ ਵੱਲੋਂ ਵੀ ਪਟਿਆਲਾ ਦਿਹਾਤੀ ਸੀਟ ਤੋਂ ਚੋਣ ਲੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਕੈਪਟਨ ਅਤੇ ਭਾਜਪਾ ਵਿਚਾਲੇ ਹੋਏ ਗੱਠਜੋੜ ਕਾਰਨ ਉਹ ਚੋਣ ਲੜਨ ਤੋਂ ਖੁੰਝ ਗਏ। ਗੁਰਜੀਤ ਸਿੰਘ ਕੋਹਲੀ ’ਤੇ ਆਪਣੇ ਦਾਦਾ ਸਰਦਾਰਾ ਸਿੰਘ ਕੋਹਲੀ ਦੀ ਸਿਆਸਤ ਦਾ ਵੱਡਾ ਪ੍ਰਭਾਵ ਰਿਹਾ, ਜਿਨ੍ਹਾਂ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ। ਪਟਿਆਲਾ ਦਿਹਾਤੀ ਵਿਚ ਭਾਜਪਾ ਪਾਰਟੀ ਲਈ ਸਮੇਂ ਸਮੇਂ ’ਤੇ ਗਤੀਵਿਧੀਆਂ ਕਰਨ, ਪਾਰਟੀ ਦੇ ਏਜੰਡੇ ਨੂੰ ਪਹੁੰਚਾਉਣਾ ਅਤੇ ਜ਼ਿਮਨੀ ਪੱਧਰ ’ਤੇ ਲੋਕਾਂ ਨਾਲ ਤਾਲਮੇਲ ਕਰਕੇ ਪਾਰਟੀ ਅਤੇ ਖੁਦ ਦੀ ਪਹਿਚਾਣ ਵੀ ਸਥਾਪਤ ਕਰ ਚੁੱਕੇ ਹਨ। ਪਟਿਆਲਾ ਦਿਹਾਤੀ ਖੇਤਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਚੋਣ ਮੈਦਾਨ ’ਚ ਉਤਾਰੇ ਜਾਣ ਤੋਂ ਬਾਅਦ ਗੁਰਜੀਤ ਸਿੰਘ ਕੋਹਲੀ ਦਾ ਪਾਰਟੀ ਹੁਕਮਾਂ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਮੀਦਵਾਰ ਨਾਲ ਚੱਲਣਾ ਇਹ ਸਪੱਸ਼ਟ ਕਰਦਾ ਹੈ ਕਿ ਸਿਆਸੀ ਪਿੜ ’ਚ ਦੋਵੇਂ ਭਰਾ ਆਹਮੋ-ਸਾਹਮਣੇ ਨਜ਼ਰ ਆਉਣਗੇ ਅਤੇ ਜਿਥੇ ਆਪ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਅਜੀਤਪਾਲ ਸਿੰਘ ਕੋਹਲੀ ਨੂੰ ‘ਕੇਜਰੀਵਾਲ’ ਦਾ ਸਾਥ ਮਿਲਿਆ, ਉਥੇ ਹੀ ਗੁਰਜੀਤ ਸਿੰਘ ਕੋਹਲੀ ਵੀ ‘ਕੈਪਟਨ’ ਅਮਰਿੰਦਰ ਸਿੰਘ ਨਾਲ ਵਿਖਾਈ ਦੇਣਗੇ। ]

Leave a Reply

Your email address will not be published. Required fields are marked *