ਸਾਬਕਾ ਵਾਈਸ ਚਾਂਸਲਰ ਡਾ. ਇੰਦਰਜੀਤ ਕੌਰ ਸੰਧੂ ਦੇ ਅਕਾਲ ਚਲਾਣੇ ਉੱਪਰ ਸ਼ਰਧਾਂਜਲੀ ਭੇਂਟ ਕੀਤੀ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣੀ ਸਾਬਕਾ ਵਾਈਸ ਚਾਂਸਲਰ ਡਾ. ਇੰਦਰਜੀਤ ਕੌਰ ਸੰਧੂ ਦੇ ਅਕਾਲ ਚਲਾਣੇ ਉੱਪਰ ਸ਼ਰਧਾਂਜਲੀ ਭੇਂਟ ਕੀਤੀ ਗਈ। ਜ਼ਿਕਰਯੋਗ ਹੈ ਕਿ ਉਹ ਯੂਨੀਵਰਸਿਟੀ ਦੇ ਪਹਿਲੇ ਮਹਿਲਾ ਵਾਈਸ ਚਾਂਸਲਰ ਸਨ ਜਿਨ੍ਹਾਂ ਵੱਲੋਂ 1975 ਤੋਂ 1977 ਵਿਚਲੇ ਆਪਣੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਦੀ ਅਗਵਾਈ ਕੀਤੀ ਗਈ। 1975 ਤੋਂ 1985 ਦਾ ਦਹਾਕਾ ਯੂ.ਐੱਨ. ਵੱਲੋਂ ‘ਔਰਤ ਦੇ ਦਹਾਕੇ’ ਵਜੋਂ ਮਨਾਇਆ ਗਿਆ ਸੀ ਇਸ ਲਈ ਉਨ੍ਹਾਂ ਦੀ ਨਿਯੁਕਤੀ ਅਤੇ ਸਰਗਰਮੀਆਂ ਨੂੰ ਇਸ ਸੰਦਰਭ ਵਿੱਚ ਵੀ ਵੇਖਿਆ ਜਾਂਦਾ ਹੈ। ਭਾਰਤ ਵਿੱਚ ਇਹ ਦੌਰ ਐਮਰਜੰਸੀ ਦਾ ਦੌਰ ਸੀ।

ਵਰਨਣਯੋਗ ਹੈ ਕਿ ਡਾ. ਇੰਦਰਜੀਤ ਕੌਰ ਦੀ ਭੂਮਿਕਾ ਨੂੰ ਯੂਨੀਵਰਸਿਟੀ ਦੇ ਸਥਾਪਨਾ ਕਾਲ ਦੇ ਮੁੱਢਲੇ ਸਮੇਂ ਵਿਚਲੇ ਵਿਕਾਸ ਦੇ ਵਿਸ਼ੇਸ਼ ਪ੍ਰਸੰਗ ਵਿੱਚ ਵੀ ਵਾਚਿਆ ਜਾ ਸਕਦਾ ਹੈ। ਉਨ੍ਹਾਂ ਦੇ ਕਾਰਜਕਾਲ ਦਾ ਇਹ ਸਮਾਂ ਉਹ ਸਮਾਂ ਸੀ ਜਦੋਂ ਯੂਨੀਵਰਸਿਟੀ ਹਾਲੇ ਆਪਣੇ ਪੈਰਾਂ ਉੱਪਰ ਖੜ੍ਹੀ ਹੋ ਰਹੀ ਸੀ। ਇਸ ਨੂੰ ਸਥਾਪਿਤ ਹੋਇਆਂ ਹਾਲੇ ਸਿਰਫ਼ ਇੱਕ ਦਹਾਕੇ ਤੋਂ ਕੁੱਝ ਹੀ ਸਮਾਂ ਵਧੇਰੇ ਹੋਇਆ ਸੀ। ਇਤਿਹਾਸਿਕ ਕਾਲਕ੍ਰਮਕਤਾ ਅਨੁਸਾਰ ਵੀ ਉਹ ਸਿਰਫ਼ ਤੀਜੇ ਵਾਈਸ ਚਾਂਸਲਰ ਸਨ। ਉਨ੍ਹਾਂ ਤੋਂ ਪਹਿਲਾਂ ਡਾ. ਭਾਈ ਜੋਧ ਸਿੰਘ ਅਤੇ ਡਾ. ਕਿਰਪਾਲ ਸਿੰਘ ਨਾਰੰਗ ਵਾਈਸ ਚਾਂਸਲਰ ਰਹਿ ਚੁੱਕੇ ਸਨ। ਜ਼ਿਕਰਯੋਗ ਹੈ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਪ੍ਰੋ . ਅਰਵਿੰਦ ਵੱਲੋਂ ਉਚੇਚੇ ਤੌਰ ਉੱਤੇ ਉਨ੍ਹਾਂ ਦੇ ਘਰ ਪਹੁੰਚ ਕੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ।
ਅਕਾਲ ਚਲਾਣੇ ਸੰਬੰਧੀ ਉਨ੍ਹਾਂ ਦੇ ਸਪੁੱਤਰ ਸ੍ਰ. ਰੂਪਇੰਦਰ ਸਿੰਘ, ਜੋ ਖ਼ੁਦ ਅਦਾਰਾ ‘ਟ੍ਰਿਬਿਊਨ’ ਵਿਚਲੀ ਆਪਣੀ ਤਿੰਨ ਦਹਾਕਿਆਂ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ, ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਬੁਢਾਪੇ ਨਾਲ ਸੰਬੰਧਤ ਕੁੱਝ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਸਾਹ ਚੜ੍ਹਨ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਉਹ ਕੋਰੋਨਾ ਦਾ ਸ਼ਿਕਾਰ ਹੋ ਗਏ।
ਪੰਜਾਬੀ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ ਉੱਪਰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸੰਬੰਧੀ ਰੱਖੀ ਗਈ ਸ਼ੋਕ ਸਭਾ ਦੌਰਾਨ ਵਾਈਸ ਚਾਂਸਲਰ ਪ੍ਰੋ. ਅਗਵਾਈ ਵਿੱਚ ਇੱਕ ਸ਼ੋਕ ਮਤਾ ਪਾਸ ਕਰਦਿਆਂ ਕਿਹਾ ਗਿਆ ਕਿ ਦੁੱਖ ਦੀ ਇਸ ਘੜੀ ਵਿੱਚ ਸਮੁੱਚੀ ਯੂਨੀਵਰਸਿਟੀ ਇੱਕ ਬਰਾਦਰੀ ਵਜੋਂ ਡਾ. ਇੰਦਰਜੀਤ ਕੌਰ ਦੇ ਪਰਿਵਾਰਿਕ ਜੀਆਂ, ਦੋਸਤਾਂ, ਵਿਦਿਆਰਥੀਆਂ, ਸਹਿਕਰਮੀਆਂ ਅਤੇ ਉਨ੍ਹਾਂ ਨਾਲ ਜੁੜੇ ਸਮੂਹ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਦਾ ਚਲੇ ਜਾਣਾ ਪੰਜਾਬ ਦੇ ਅਕਾਦਮਿਕ ਜਗਤ ਅਤੇ ਵਿਸ਼ਵ ਭਰ ਦੇ ਪੰਜਾਬੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਪ੍ਰੋਫੈਸਰ ਡਾ. ਨਿਵੇਦਿਤਾ ਵੱਲੋਂ ਉਨ੍ਹਾਂ ਨੂੰ ਚੇਤੇ ਕਰਦਿਆਂ ਦੱਸਿਆ ਕਿ 1975 ਵਿਚ ਉਹ ਪੰਜਾਬੀ ਯੂਨੀਵਰਸਿਟੀ ਵਿਚਲੇ ਯੂਨੀਵਰਸਿਟੀ ਮਾਡਲ ਸਕੂਲ ਵਿੱਚ ਵਿਦਿਆਰਥੀ ਸਨ ਤਾਂ ਉਨ੍ਹਾਂ ਨੂੰ ਨੇੜਿਉਂ ਵੇਖਣ ਦਾ ਮੌਕਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ 1975 ਵਿੱਚ ਅੰਤਰਰਾਸ਼ਟਰੀ ਔਰਤ ਦਹਾਕੇ ਦੇ ਸੰਬੰਧ ਵਿੱਚ ਡਾ. ਇੰਦਰਜੀਤ ਕੌਰ ਵੱਲੋਂ ਉਸ ਵੇਲੇ ਯੂਨੀਵਰਸਿਟੀ ਵਿਚ ਤਾਇਨਾਤ ਪੰਜਾਬੀ ਦੇ ਉੱਘੇ ਨਾਟਕਕਾਰ ਸੁਰਜੀਤ ਸੇਠੀ ਵੱਲੋਂ ਇੱਕ ਵਿਸ਼ੇਸ਼ ਨਾਟਕ ‘ਮੈਂ ਵੀ ਨਾਟਕ ਦੀ ਇਕ ਪਾਤਰ’ ਲਿਖਵਾਇਆ ਗਿਆ ਸੀ ਜਿਸ ਦੀ ਪੇਸ਼ਕਾਰੀ ਵੇਖਣ ਲਈ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵੀ ਉਚੇਚੇ ਤੌਰ ਉੱਤੇ ਯੂਨੀਵਰਸਿਟੀ ਪਹੁੰਚੇ ਸਨ।
ਡਾ. ਇੰਦਰਜੀਤ ਕੌਰ ਨਾਲ ਕਨਫੀਡੈਂਸ਼ਲ ਪਰਸਨਲ ਅਸਿਸਟੈਂਟ (ਸੀ.ਪੀ.ਏ.) ਵਜੋਂ ਤਾਇਨਾਤ ਰਹੇ ਸ੍ਰ. ਦਲੀਪ ਸਿੰਘ ਉੱਪਲ ਵੱਲੋਂ ਦੱਸਿਆ ਗਿਆ ਕਿ ਉਹ ਬਹੁਤ ਹੀ ਸ਼ਾਂਤ ਅਤੇ ਸਹਿਜ ਸੁਭਾਅ ਦੀ ਸ਼ਖ਼ਸੀਅਤ ਸਨ ਜੋ ਹਰੇਕ ਸਾਹਮਣੇ ਵਾਲੇ ਨਾਲ ਬੜੇ ਹੀ ਸਹਿਜ ਤਰੀਕੇ ਨਾਲ ਪੇਸ਼ ਆਉਂਦੇ ਸਨ।
ਜੇਕਰ ਪੱਕੇ ਤੌਰ ਉੱਤੇ ਵਾਈਸ ਚਾਂਸਲਰ ਨਿਯੁਕਤ ਹੋਣ ਦੇ ਪ੍ਰਸੰਗ ਵਿੱਚ ਵੇਖਿਆ ਜਾਵੇ ਤਾਂ ਉਹ ਹੁਣ ਤੱਕ ਦੇ ਇਤਿਹਾਸ ਵਿੱਚ ਇਕਲੌਤੇ ਮਹਿਲਾ ਵਾਈਸ ਚਾਂਸਲਰ ਸਨ ਕਿਉਂਕਿ ਭਾਵੇਂ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਰਵਨੀਤ ਕੌਰ, ਆਈ.ਏ.ਐੱਸ. ਨੂੰ ਕੁੱਝ ਸਮੇਂ ਲਈ ਆਰਜ਼ੀ ਤੌਰ ਉੱਤੇ ਯੂਨੀਵਰਸਿਟੀ ਪ੍ਰਬੰਧਨ ਦਾ ਵਾਧੂ ਚਾਰਜ ਤਾਂ ਦਿੱਤਾ ਗਿਆ ਸੀ ਪਰ ਯੂਨੀਵਰਸਿਟੀ ਦੇ ਇਤਿਹਾਸ ਵਿਚ ਹਾਲੇ ਤੱਕ ਡਾ. ਇੰਦਰਜੀਤ ਕੌਰ ਤੋਂ ਇਲਾਵਾ ਕਿਸੇ ਹੋਰ ਮਹਿਲਾ ਸ਼ਖ਼ਸੀਅਤ ਵੱਲੋਂ ਪੱਕੇ ਤੌਰ ਉੱਤੇ ਯੂਨੀਵਰਸਿਟੀ ਦੀ ਵਾਗਡੋਰ ਨਹੀਂ ਸੰਭਾਲੀ ਗਈ। ਚੇਤੇ ਰਹੇ ਕਿ ਪੰਜਾਬੀ ਸਾਹਿਤ ਵਿੱਚ ‘ਮੇਰਾ ਪਿੰਡ’ ਕਿਤਾਬ ਨਾਲ ਜਾਣੇ ਜਾਂਦੇ ਪ੍ਰਸਿੱਧ ਲੇਖਕ ਗਿਆਨੀ ਗੁਰਦਿੱਤ ਸਿੰਘ ਡਾ. ਇੰਦਰਜੀਤ ਕੌਰ ਦੇ ਪਤੀ ਸਨ।

