ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਰਾਨ ਦੀ ਯੂਨੀਵਰਸਿਟੀ ਆਫ਼ ਰਿਲੀਜਨਜ਼ ਐਂਡ ਡੀਨੌਮੀਨੇਸ਼ਨਜ਼, ਕੋਮ ਨਾਲ ਇਕਰਾਰਨਾਮਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਇਰਾਨ ਦੀ ਯੂਨੀਵਰਸਿਟੀ ਆਫ਼ ਰਿਲੀਜਨਜ਼ ਐਂਡ ਡੀਨੌਮੀਨੇਸ਼ਨਜ਼, ਕੋਮ ਨਾਲ ਇਕ ਅਕਾਦਮਿਕ ਇਕਰਾਰਨਾਮਾ (ਐੱਮ.ਓ.ਯੂ.) ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਹਾੱਲ ਵਿੱਚ ਆਨਲਾਈਨ ਵਿਧੀ ਰਾਹੀਂ ਆਯੋਜਿਤ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਇਸ ਅਕਾਦਮਿਕ ਇਕਰਾਰਨਾਮੇ ਉੱਪਰ ਦੋਹੇਂ ਧਿਰਾਂ ਦੇ ਪ੍ਰਤੀਨਿਧੀਆਂ ਵੱਲੋਂ ਹਸਤਾਖ਼ਰ ਕੀਤੇ ਗਏ। ਇਰਾਨ ਦੀ ਯੂਨੀਵਰਸਿਟੀ ਵੱਲੋਂ ਸੰਬੰਧਤ ਯੂਨੀਵਰਸਿਟੀ ਦੇ ਪ੍ਰਧਾਨ(ਪ੍ਰੈਜ਼ੀਡੈਂਟ) ਸੱਯਦ ਅਬੁਲ ਹਸਨ ਨਵਾਬ ਨੇ ਹਸਤਾਖ਼ਰ ਕੀਤੇ ਜਦੋਂ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਦਸਤਖ਼ਤ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤੇ ਗਏ। ਪੰਜਾਬੀ ਯੂਨੀਵਰਸਿਟੀ ਵਿੱਚ ਇਹ ਇਕਰਾਰਨਾਮਾ ਇੱਥੋਂ ਦੇ ਬਾਬਾ ਫ਼ਰੀਦ ਸੈਂਟਰ ਫ਼ਾੱਰ ਸੂਫ਼ੀ ਸਟੱਡੀਜ਼ ਵੱਲੋਂ ਨੇਪਰੇ ਚਾੜ੍ਹਿਆ ਗਿਆ।

ਇਸ ਇਕਰਾਰਨਾਮੇ ਤਹਿਤ ਦੋਹਾਂ ਯੂਨੀਵਰਸਿਟੀਆਂ ਦਰਮਿਆਨ ਆਪਸੀ ਅਕਾਦਮਿਕ ਸਾਂਝ ਸਿਰਜਣ ਦੇ ਯਤਨ ਕੀਤੇ ਜਾਣਗੇ। ਭਵਿੱਖ ਵਿੱਚ ਦੋਹਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਫ਼ੈਕਲਟੀ ਇਸ ਇਕਰਾਰਨਾਮੇ ਤਹਿਤ ਆਪਸ ਵਿੱਚ ਮਿਲ ਕੇ ਕੰਮ ਕਰ ਸਕਣਗੇ। ਉਦਹਾਰਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕ ਕੁੱਝ ਵਿਸ਼ੇਸ਼ ਪ੍ਰੋਗਰਾਮਾਂ ਲਈ ਇਰਾਨ ਵਿਖੇ ਸੰਬੰਧਤ ਯੂਨੀਵਰਸਿਟੀ ਵਿੱਚ ਜਾ ਸਕਣਗੇ ਅਤੇ ਉੱਥੋਂ ਦੇ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਪੰਜਾਬੀ ਯੂਨੀਵਰਸਿਟੀ ਵਿੱਚ ਆ ਸਕਣਗੇ। ਅਜਿਹੇ ਅਕਾਦਮਿਕ ਪ੍ਰੋਗਰਾਮਾਂ ਸੰਬੰਧੀ ਨੇਮ ਅਤੇ ਸ਼ਰਤਾਂ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਬਾਅਦ ਵਿੱਚ ਤੈਅ ਕਰ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਇਕਰਾਰਨਾਮੇ ਦੀ ਸ਼ਰਤ ਰਾਹੀਂ ਦੋਹੇਂ ਯੂਨੀਵਰਸਿਟੀਆਂ ਸਾਂਝੇ ਰੂਪ ਵਿੱਚ ਕੁੱਝ ਅਕਾਦਮਿਕ ਸੈਮੀਨਾਰ, ਕਾਨਫਰੰਸ, ਵਰਕਸ਼ਾਪ, ਵੈਬੀਨਾਰ ਆਦਿ ਉਲੀਕ ਸਕਦੀਆਂ ਹਨ ਜਿਸ ਵਿੱਚ ਦੋਹਾਂ ਧਿਰਾਂ ਦੇ ਵਿਦਵਾਨ ਸਿ਼ਰਕਤ ਕਰ ਸਕਣਗੇ। ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਆਨਲਾਈਨ ਜਾਂ ਆਫ਼ਲਾਈਨ ਦੋਹੇਂ ਵਿਧੀਆਂ ਰਾਹੀਂ ਸੰਭਵ ਹੋ ਸਕਦਾ ਹੈ। ਇਕਰਾਰਨਾਮੇ ਅਨੁਸਾਰ ਕੁੱਝ ਸਾਂਝੇ ਖੋਜ ਪ੍ਰਾਜੈਕਟ ਵੀ ਉਲੀਕੇ ਜਾ ਸਕਦੇ ਹਨ।

ਭਵਿੱਖ ਵਿੱਚ ਪੰਜਾਬੀ ਅਤੇ ਸਿੱਖ ਅਧਿਐਨ ਦੇ ਵਿਸ਼ੇਸ਼ ਪ੍ਰਸੰਗ ਵਿੱਚ ਵੀ ਦੋਹਾਂ ਧਿਰਾਂ ਵੱਲੋਂ ਅਕਾਦਮਿਕ ਸਮੱਗਰੀ ਅਤੇ ਹੋਰ ਸੰਬੰਧਤ ਜਾਣਕਾਰੀ ਦਾ ਆਪਸ ਵਿੱਚ ਆਦਾਨ ਪ੍ਰਦਾਨ ਕੀਤਾ ਜਾਣਾ ਹੈ। ਇਕਰਾਰਨਾਮੇ ਤਹਿਤ ਕੀਤੇ ਜਾਣ ਵਾਲੇ ਅਕਾਦਮਿਕ ਪ੍ਰੋਗਰਾਮਾਂ ਵਿੱਚ ਆਪਸੀ ਆਦਾਨ ਪ੍ਰਦਾਨ ਜਿਹੇ ਮੰਤਵਾਂ ਲਈ ਇੱਕ ਯੂਨੀਵਰਸਿਟੀ ਤੋਂ ਦੂਜੀ ਯੂਨੀਵਰਸਿਟੀ ਵਿੱਚ ਜਾਣ ਵਾਲ਼ੀ ‘ਵਿਜ਼ਟਿੰਗ ਫ਼ੈਕਲਟੀ’ ਲਈ ਨਿਰਧਾਰਿਤ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਉਸ ਦੇ ਮੂਲ ਅਦਾਰੇ ਵੱਲੋਂ ਬਕਾਇਦਾ ਛੁੱਟੀ ਦਿੱਤੀ ਜਾਵੇਗੀ। ਇਹ ਛੁੱਟੀ ਉਸ ਸੰਬੰਧਤ ਪ੍ਰੋਗਰਾਮ ਦੇ ਸਮੇਂ ਲਈ ਹੀ ਹੋਵੇਗੀ।

ਇਸ ਇਕਰਾਰਨਾਮੇ ਨੂੰ ਅਮਲੀ ਰੂਪ ਦੇਣ ਲਈ ਦੋਹਾਂ ਧਿਰਾਂ ਵੱਲੋਂ ਆਪਣੇ ਸੰਬੰਧਤ ਅਧਿਕਾਰੀ ਨਿਯਤ ਕੀਤੇ ਗਏ ਹਨ ਜੋ ਆਪਸ ਵਿੱਚ ਨਿਰੰਤਰ ਸੰਪਰਕ ਸਾਧ ਕੇ ਇਸ ਦੇ ਸਾਕਾਰਾਤਮਕ ਸਿੱਟਿਆਂ ਲਈ ਯਤਨਸ਼ੀਲ ਰਹਿਣਗੇ। ਪੰਜਾਬੀ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ () ਮਾਮਲਿਆਂ ਬਾਰੇ ਡੀਨ ਪ੍ਰੋ. ਰਣਜੀਤ ਕੌਰ ਅਤੇ ਇਰਾਨ ਦੀ ਯੂਨੀਵਰਸਿਟੀ ਆਫ਼ ਰਿਲੀਜਨਜ਼ ਐਂਡ ਡੀਨੌਮੀਨੇਸ਼ਨਜ਼, ਕੋਮ ਵੱਲੋਂ ਆਪਣੇ ਅੰਤਰਰਾਸ਼ਟਰੀ ਦਫ਼ਤਰ ਦੇ ਡਾਇਰੈਕਟਰ ਡਾ. ਹਾਮੇਦ ਸ਼ਾਹ ਰਾਫ਼ਤੀ ਇਸ ਸੰਬੰਧੀ ਨਿਯਤ ਕੀਤੇ ਗਏ ਹਨ।

ਇਸ ਇਕਰਾਰਨਾਮੇ ਦੀ ਮਿਆਦ ਦਸਤਖ਼ਤ ਵਾਲ਼ੇ ਦਿਨ ਤੋਂ ਸ਼ੁਰੂ ਹੋ ਕੇ ਅਗਲੇਰੇ ਪੰਜ ਸਾਲ ਲਈ ਮਿੱਥੀ ਗਈ ਹੈ। ਵੱਖ-ਵੱਖ ਸਮਿਆਂ ਉੱਪਰ ਇਸ ਨੂੰ ਮੁੜ ਪੜਚੋਲਿਆ ਜਾਵੇਗਾ। ਇਕਰਾਰਨਾਮੇ ਉੱਪਰ ਦਸਤਖ਼ਤ ਕਰਨ ਦੀ ਰਸਮ ਮੌਕੇ ਬੋਲਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਇਕਰਾਰਨਾਮੇ ਦੋ ਲੋਅ ਵਿੱਚ ਇਹ ਉਮੀਦ ਪ੍ਰਗਟਾਈ ਜਾ ਸਕਦੀ ਹੈ ਕਿ ਭਵਿੱਖ ਵਿੱਚ ਦੋਹੇਂ ਅਦਾਰਿਆਂ ਦਰਮਿਆਨ ਚੰਗੇ ਅਕਾਦਮਿਕ ਸੰਬੰਧ ਸਥਾਪਿਤ ਹੋਣਗੇ। ਸਿਰਫ਼ ਦੋ ਅਦਾਰਿਆਂ ਦਰਮਿਆਨ ਹੀ ਨਹੀਂ ਬਲਕਿ ਅਜਿਹੇ ਕਦਮ ਦੋ ਦੇਸਾਂ ਦੀ ਆਪਸੀ ਸਾਂਝ ਨੂੰ ਮਜ਼ਬੂਤ ਵਿੱਚ ਵੀ ਚੰਗੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਹੇਂ ਅਦਾਰਿਆਂ ਵੱਲੋਂ ਸਾਂਝੀਆਂ ਗਤੀਵਿਧੀਆਂ ਉਲੀਕੀਆਂ ਜਾਣਗੀਆਂ।

ਪੰਜਾਬੀ ਯੂਨੀਵਰਸਿਟੀ ਵਿਚਲੇ ਸੂਫ਼ੀ ਸੈਂਟਰ ਦੇ ਡਾਇਰੈਕਟਰ ਪ੍ਰੋ. ਮੁਹੰਮਦ ਹਬੀਬ ਵੱਲੋਂ ਇਸ ਬਾਰੇ ਆਪਣੇ ਟਿੱਪਣੀ ਵਿੱਚ ਕਿਹਾ ਕਿ ਇਹ ਇਕਰਾਰਨਾਮਾ ਸੱਭਿਆਚਾਰ ਅਤੇ ਸੂਫ਼ੀ ਵਿਚਾਰਾਂ ਦੀਆਂ ਜੜਾਂ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਵੇਗਾ। ਗੁਰਮਤਿ ਅਤੇ ਸੂਫ਼ੀ ਵਿਚਾਰਧਾਰਾ ਦੇ ਆਪਸੀ ਸੰਬੰਧਾਂ ਦੇ ਪ੍ਰਸੰਗ ਵਿੱਚ ਇਸ ਇਕਰਾਰਨਾਮੇ ਤਹਿਤ ਕਾਰਜ ਹੋ ਸਕਦਾ ਹੈ। ਯੂਨੀਵਰਸਿਟੀ ਆਫ਼ ਰਿਲੀਜਨਜ਼ ਐਂਡ ਡੀਨੌਮੀਨੇਸ਼ਨਜ਼, ਕੋਮ ਦੇ ਪ੍ਰਧਾਨ ਸੱਯਦ ਅਬੁਲ ਹਸਨ ਨਵਾਬ ਵੱਲੋਂ ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਇਰਾਨ ਆਉਣ ਦਾ ਸੱਦਾ ਵੀ ਦਿੱਤਾ ਗਿਆ।

Leave a Reply

Your email address will not be published. Required fields are marked *