ਪਟਿਆਲਾ

ਬਜ਼ੁਰਗਾਂ, ਬਿਮਾਰਾਂ ਤੇ ਦਿਵਿਆਂਗਜਨਾਂ ਦੀ ਸਹਾਇਤਾ ਲਈ ਹਰ ਪੋਲਿੰਗ ਬੂਥ ‘ਤੇ ਤਾਇਨਾਤ ਹੋਣਗੇ ਵਲੰਟੀਅਰ-ਸੰਦੀਪ ਹੰਸ

ਪੋਲਿੰਗ ਬੂਥ ‘ਤੇ ਵਹੀਲ ਚੇਅਰ ਸਮੇਤ ਬਜ਼ੁਰਗਾਂ, ਦਿਵਿਆਂਗਜਨਾਂ ਤੇ ਬਿਮਾਰਾਂ ਨੂੰ ਮਿਲੇਗੀ ਆਵਾਜਾਈ ਦੀ ਸਹੂਲਤ

ਚੋਣਾਂ ਨੂੰ ਸਭ ਦੀ ਪਹੁੰਚ ‘ਚ ਬਣਾਉਣ ਲਈ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ

ਪਟਿਆਲਾ, 10 ਫਰਵਰੀ:(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਜ਼ਿਲ੍ਹੇ ਦੇ ਹਰ ਯੋਗ ਵੋਟਰ ਦੀ ਵੋਟ ਲਾਜਮੀ ਪੁਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਹਰ ਪੋਲਿੰਗ ਬੂਥ ‘ਤੇ ਪੁਖ਼ਤਾ ਇੰਤਜਾਮ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਹਰ ਪੋਲਿੰਗ ਬੂਥ ‘ਤੇ ਬਜ਼ੁਰਗਾਂ, ਗਰਭਵਤੀ ਤੇ ਛੋਟੇ ਬੱਚਿਆਂ ਨਾਲ ਆਉਣ ਵਾਲੀਆਂ ਮਹਿਲਾਵਾਂ ਬਿਮਾਰਾਂ ਤੇ ਦਿਵਿਆਂਗਜਨਾਂ ਦੀ ਸਹਾਇਤਾ ਲਈ ਵਲੰਟੀਅਰ ਅਤੇ ਚੋਣ ਮਿੱਤਰ ਤਾਇਨਾਤ ਕੀਤੇ ਜਾਣਗੇ।

ਵਿਧਾਨ ਸਭਾ ਚੋਣਾਂ-2022 ਨੂੰ ਸਭ ਦੀ ਪਹੁੰਚ ‘ਚ ਬਣਾਉਣ ਲਈ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਹਰ ਬੂਥ ‘ਤੇ ਸਮਾਜ ਸੇਵੀ ਸੰਸਥਾਵਾਂ ਸਮੇਤ ਐਨ.ਐਸ.ਐਸ., ਨਹਿਰੂ ਯੁਵਾ ਕੇਂਦਰ ਦੇ ਯੂਥ ਕਲੱਬਾਂ, ਐਨ.ਸੀ.ਸੀ., ਸਕਾਊਟਸ ਤੇ ਗਾਇਡਜ ਅਤੇ ਯੂਨੀਵਰਸਿਟੀਆਂ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਹੋਰ ਵਲੰਟੀਅਰਾਂ ਵੱਲੋਂ ਵੋਟਰਾਂ ਦੀ ਸਹਾਇਤਾ ਕਰਨ ਸਬੰਧੀ ਚੋਣ ਕਮਿਸ਼ਨ ਵੱਲੋਂ ਸਿਖਲਾਈ ਵੀ ਦਿੱਤੀ ਜਾਵੇਗੀ।
ਸ੍ਰੀ ਸੰਦੀਪ ਹੰਸ ਨੇ ਮੀਟਿੰਗ ‘ਚ ਮੌਜੂਦ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਸਾਡੇ ਲੋਕਤੰਤਰੀ ਦੇਸ਼ ਦਾ ਅਹਿਮ ਤਿਉਹਾਰ ਹਨ, ਜਿਨ੍ਹਾਂ ਨੂੰ ਨਿਰਪੱਖ, ਸੁਤੰਤਰ ਤੇ ਨਿਰਵਿਘਨ ਕਰਵਾਉਣ ਲਈ ਚੋਣ ਕਮਿਸ਼ਨ ਨੇ ਬਹੁਤ ਘਾਲਣਾ ਘਾਲੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਹਰ ਤਬਕੇ ਦੇ ਲੋਕ ਵੋਟਾਂ ਪਾਉਣ ਲਈ ਬੂਥ ‘ਤੇ ਪੁੱਜਦੇ ਹਨ, ਇਸ ਲਈ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਕੋਵਿਡ ਮਹਾਂਮਾਰੀ ਦੇ ਚਲਦਿਆਂ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਕਰਦਿਆਂ ਹਰ ਵੋਟ ਦਾ ਲਾਜਮੀ ਭੁਗਤਾਨ ਕਰਵਾਉਣਾ ਸਾਡੀ ਜਿੰਮੇਵਾਰੀ ਹੈ, ਪਰੰਤੂ ਇਸ ਜਿੰਮੇਵਾਰੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਪੂਰਾ ਕਰ ਸਕਦਾ ਹੈ।

ਇਸ ਮੀਟਿੰਗ ਦੌਰਾਨ ਬਜ਼ੁਰਗਾਂ, ਗਰਭਵਤੀ ਤੇ ਛੋਟੇ ਬੱਚਿਆਂ ਨਾਲ ਆਉਣ ਵਾਲੀਆਂ ਮਹਿਲਾਵਾਂ ਬਿਮਾਰਾਂ ਤੇ ਦਿਵਿਆਂਗਜਨਾਂ ਨੂੰ ਬੂਥ ‘ਤੇ ਪਹੁੰਚਾਉਣ ਲਈ ਟਰਾਂਸਪੋਰਟ ਸਾਧਨਾਂ ਅਤੇ ਵ੍ਹੀਲ ਚੇਅਰਾਂ ਦੇ ਪ੍ਰਬੰਧ ਕਰਨ ਸਮੇਤ ਹੋਰ ਪ੍ਰਬੰਧਾਂ ਨੂੰ ਪੁਖ਼ਤਾ ਬਣਾਉਣ ਲਈ ਵਿਚਾਰ ਕੀਤਾ ਗਿਆ। ਡੀ.ਸੀ. ਨੇ ਕਿਹਾ ਕਿ ਜ਼ਿਲ੍ਹੇ ‘ਚ 34 ਹਜ਼ਾਰ ਸੀਨੀਅਰ ਸਿਟੀਜਨ ਵੋਟਰ ਤੇ 12061 ਦਿਵਿਆਂਗ ਜਨ ਵੋਟਰ ਹਨ, ਇਨ੍ਹਾਂ ‘ਚੋਂ ਜੇਕਰ ਕੋਈ ਆਪਣੀ ਵੋਟ ਪਾਉਣ ਬੂਥ ‘ਤੇ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਜਰੂਰਤ ਹੈ, ਇਸ ਲਈ ਵੀ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ।
ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰੇਕ ਯੋਗ ਵੋਟਰ ਦੀ ਵੋਟ ਪੁਆਉਣ ਲਈ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਹਰ ਬੂਥ ‘ਤੇ ਵਲੰਟੀਅਰਾਂ ਸਮੇਤ ਵਹੀਲ ਚੇਅਰ ਦਾ ਪ੍ਰਬੰਧ ਕਰਨ ਸਮੇਤ ਮਾਸਕ ਅਤੇ ਸੈਨੇਟਾਈਜਰ ਵੀ ਮੁਹੱਈਆ ਕਰਵਾਏ ਜਾਣਗੇ।

ਮੀਟਿੰਗ ਦੀ ਕਾਰਵਾਈ ਚਲਾਉਂਦੇ ਹੋਏ ਸਵੀਪ ਦੇ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇ ਨੋਡਲ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਮੋਨੀਟਰਿੰਗ ਕਮੇਟੀ ਵੱਲੋਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੇ ਹੋਏ ਦਿਵਿਆਂਗ ਜਨਾਂ ਤੇ ਸੀਨੀਅਰ ਸਿਟੀਜਨਸ ਦੀਆਂ ਵੋਟਾਂ ਲਾਜਮੀ ਪੁਆਉਣ ਲਈ ਉਚੇਚੇ ਪ੍ਰਬੰਧਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਇਆ ਜਾਵੇਗਾ। ਮੀਟਿੰਗ ‘ਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ‘ਚ ਬੂਥਾਂ ਨੂੰ ਸਜਾਉਣਾ, ਪਿੰਕ ਬੂਥਾਂ ਅਤੇ ਦਿਵਿਆਂਗਜਨਾਂ ਵਾਲੇ ਵਿਸ਼ੇਸ਼ ਬੂਥਾਂ ਬਾਰੇ ਵੀ ਚਰਚਾ ਕੀਤੀ ਗਈ।

Leave a Reply

Your email address will not be published. Required fields are marked *