ਪਟਿਆਲਾ

ਰੇਨਬੋਅ ਕਲੱਬ ਵੱਲੋਂ ਵੱਖ ਵੱਖ ਕਿੱਤਾ ਮੁਖੀ ਕੋਰਸਾਂ ਦੇ ਸਿਖਲਾਈ ਕੇਂਦਰ ਦਾ ਉਦਘਾਟਨ

(ਸੰਬੰਧਿਤ ਕੋਰਸ ਹਰ ਤਰ੍ਹਾਂ ਦੀਆਂ ਜ਼ਰੂਰਤਮੰਦ ਅਤੇ ਗ਼ਰੀਬ ਲੜਕੀਆਂ ਲਈ ਉਪਲਬਧ ਹੋਣਗੇ)

ਪਟਿਆਲਾ – 14 ਫ਼ਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਪੈਸ਼ਲ ਬੱਚਿਆਂ ਦੀ ਸਮਾਜਿਕ ਅਤੇ ਮਾਨਸਿਕ ਉੱਨਤੀ ਲਈ ਵਚਨਬੱਧ ਸੰਸਥਾ ‘ਰੇਨਬੋਅ ਕਲੱਬ ਫ਼ਾਰ ਸਪੈਸ਼ਲ ਚਿਲਡਰਨ’ ਵੱਲੋਂ ਇਸੇ ਲੜੀ ਤਹਿਤ ਇੱਕ ਹੋਰ ਉਪਰਾਲਾ ਕਰਦੇ ਹੋਏ ਵੱਖ ਵੱਖ ਕਿੱਤਾ ਮੁਖੀ ਕੋਰਸਾਂ ਦੇ ਸਿਖਲਾਈ ਕੇਂਦਰ ਦਾ ਉਦਘਾਟਨ ਉਚੇਚੇ ਤੌਰ ਉੱਤੇ ਅੱਜ ਪਟਿਆਲਾ ਵਿਖੇ ਕੀਤਾ ਗਿਆ। ਸ਼ਹਿਰ ਦੇ ਅਰਬਨ ਅਸਟੇਟ ਇਲਾਕੇ ਦੀ ਮਾਰਕੀਟ ਵਿਖੇ ਸ਼੍ਰੀਮਤੀ ਨੈਨਸੀ ਘੁੰਮਣ, ਪ੍ਰਧਾਨ ਰੇਨਬੋ ਕਲੱਬ ਦੀ ਅਗਵਾਈ ਵਿੱਚ ਆਯੋਜਿਤ ਕਰਵਾਏ ਗਏ ਇਸ ਉਦਘਾਟਨੀ ਸਮਾਗਮ ਵਿੱਚ ਡਾ. ਦਰਸ਼ਨ ਸਿੰਘ, ਉੱਘੇ ਸਮਾਜ ਸੇਵੀ ਅਤੇ ਸ. ਬਹਾਦਰ ਸਿੰਘ, ਪ੍ਰਧਾਨ ਹਰਮਨ ਇੰਸਟੀਚਿਊਟ ਆਫ ਕੰਪਿਊਟਰ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋ ਬਤੌਰ ਮੁੱਖ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੈਨਸੀ ਘੁੰਮਣ ਨੇ ਦੱਸਿਆ ਕਿ ਇਸ ਸਿਖਲਾਈ ਕੇਂਦਰ ਵਿੱਚ ਹਰ ਤਰ੍ਹਾਂ ਦੀਆਂ ਗਰੀਬ ਅਤੇ ਜ਼ਰੂਰਤਮੰਦ ਲੜਕੀਆਂ ਲਈ ਵੱਖ ਵੱਖ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ,

ਜਿਸ ਵਿੱਚ ਬਿਊਟੀ ਪਾਰਲਰ, ਕੁਕਿੰਗ, ਸਿਲਾਈ ਕਢਾਈ ਅਤੇ ਕੰਪਿਊਟਰ ਦੇ 6 ਮਹੀਨੇ ਦੇ ਸਿਖਲਾਈ ਕੋਰਸ ਬਿਲਕੁੱਲ ਮੁਫ਼ਤ ਕਰਵਾਏ ਜਾਣਗੇ, ਜੱਦੋਂ ਕਿ ਕੋਰਸ ਮੁਕੰਮਲ ਹੋਣ ਤੋਂ ਬਾਅਦ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਇਨ੍ਹਾਂ ਸਬੰਧਤ ਕੋਰਸਾਂ ਦੇ ਸਰਟਫੀਕੇਟ ਵੀ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਉਹ ਇਸ ਤਰਾਂ ਦੇ ਕੋਰਸ ਕਰਨ ਉਪਰੰਤ ਸਰਕਾਰੀ ਨੌਕਰੀਆਂ ਲਈ ਅਪਲਾਈ ਕਰ ਸਕਣ ਜਾਂ ਫਿਰ ਆਪਣਾ ਕਿੱਤਾ ਸ਼ੁਰੂ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਸਾਰੇ ਕੋਰਸ ਖ਼ਾਸ ਤੌਰ ਤੇ ਗ਼ਰੀਬ, ਯਤੀਮ, ਸਪੈਸ਼ਲ ਅਬਿਲਿਟੀ, ਵਿਆਹੁਤਾ ਜਾਂ ਅਣਵਿਆਹੁਤਾ ਜਾਂ ਹੋਰ ਜਰੂਰਤਮੰਦ ਲੜਕੀਆਂ ਲਈ ਉਪਲਬਧ ਕਰਵਾਏ ਗਏ ਹਨ। ਜ਼ਿਕਰਯੋਗ ਹੈ ਕਿ ਰੇਨਬੋਅ ਕਲੱਬ ਵੱਲੋਂ ਪਹਿਲਾਂ ਵੀ ਸਪੈਸ਼ਲ ਬੱਚਿਆਂ ਦੀ ਸਮਾਜਿਕ ਅਤੇ ਮਾਨਸਿਕ ਵਿਕਾਸ ਲਈ ਹੁੰਮਹੁਮਾ ਕਿ ਕਾਰਜ ਕੀਤੇ ਜਾਂਦੇ ਰਹੇ ਹਨ। ਸਿਖਲਾਈ ਕੇਂਦਰ ਦੇ ਅੱਜ ਪਹਿਲੇ ਦਿਨ ਲੱਗਭਗ 50 ਲੜਕੀਆਂ ਵੱਲੋਂ ਆਪਣੀ ਰਜਿਸਟ੍ਰੇਸ਼ਨ ਕਰਵਾਈ ਗਈ।

ਇਸ ਮੌਕੇ ਤੇ ਸਿਖਲਾਈ ਕੇਂਦਰ ਦੀ ਡਾਇਰੈਕਟਰ ਸ਼੍ਰੀਮਤੀ ਸਰਬਜੀਤ ਕੌਰ ਸੁਰਭੀ ਨੇ ਸਾਰੇ ਕੋਰਸਾਂ ਬਾਰੇ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਵਿਸਥਰਪੂਰਵਕ ਜਾਣਕਾਰੀ ਦਿੱਤੀ ਜੱਦੋਂ ਕਿ ਸ਼੍ਰੀਮਤੀ ਨਿਰਮਲ ਕੌਰ, ਇੰਚਾਰਜ ਅਧਿਆਪਕ ਬਿਊਟੀ ਪਾਰਲਰ ਅਤੇ ਸਿਲਾਈ ਕਢਾਈ ਨੇ ਵੀ ਵਿਦਿਆਰਥਣਾਂ ਨੂੰ ਇੰਨਾ ਕੋਰਸਾਂ ਦੀ ਸ਼ੁਰੂਆਤੀ ਸਿਖਲਾਈ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰੁਕਮਨ ਸਮਾਜ ਸੇਵਿਕਾ, ਸ਼੍ਰੀਮਤੀ ਡਿੰਪੀ ਸੇਠੀ ਤੇ ਸ਼੍ਰੀਮਤੀ ਸੀਬਾ ਸੇਠੀ ਹੋਟਲ ਇਕਬਾਲ ਇੰਨ, ਸ਼੍ਰੀਮਤੀ ਸੁਨੀਤਾ ਸੋਫਤ ਪ੍ਰਧਾਨ ਡਬਲਯੂ ਇਲੈਵਨ ਲੇਡੀਜ਼ ਕਲੱਬ, ਜ਼ਹੀਰ ਖਾਨ ਮੀਤ ਪ੍ਰਧਾਨ ਰੇਨਬੋ ਕਲੱਬ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਘੁੰਮਣ, ਪ੍ਰਸਿੱਧ ਸਮਾਜ ਸੇਵਿਕਾ ਵੀ ਮੌਜੂਦ ਸਨ।

Leave a Reply

Your email address will not be published. Required fields are marked *