ਅੱਠਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਕਿਲਾ ਮੁਬਾਰਕ ‘ਚ ਜ਼ਿਲ੍ਹਾ ਪੱਧਰੀ ਸਮਾਗਮ
ਨਿਰੋਗ ਰਹਿਣ ਲਈ ਹਰ ਵਿਅਕਤੀ ਯੋਗ ਅਪਣਾਏ-ਗੁਰਦੇਵ ਸਿੰਘ ਦੇਵ ਮਾਨ

ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗ ਦੀ ਭੂਮਿਕਾ ਅਹਿਮ, ਰੋਜ਼ਾਨਾ ਕੀਤਾ ਜਾਵੇ ਯੋਗ-ਸਾਕਸ਼ੀ ਸਾਹਨੀ

ਪਟਿਆਲਾ, 21 ਜੂਨ: (ਰਮਨਦੀਪ/ਮਧੂਸਾਰ ਬਿਊਰੋ) ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਅੱਜ ਇਥੇ ਪੁਰਾਤਨ ਕਿਲਾ ਮੁਬਾਰਕ ਦੇ ਵਿਹੜੇ ‘ਚ ਅੱਠਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਨੂੰ ਪਟਿਆਲਵੀਆਂ ਨੇ ਭਰਵਾਂ ਸਹਿਯੋਗ ਦੇ ਕੇ ਸਫ਼ਲ ਬਣਾਇਆ। ‘ਮਾਨਵਤਾ ਲਈ ਯੋਗ’ ਥੀਮ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਮਨਾਏ ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਦੇ ਨਾਗਰਿਕਾਂ ਨੂੰ ਤੰਦਰੁਸਤ ਰਹਿਣ ਲਈ ਯੋਗਾ ਕਰਨ ਲਈ ਪ੍ਰੇਰਤ ਕਰਦਾ ਲਾਇਵ ਭਾਸ਼ਣ ਵੀ ਸੁਣਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਸਿਹਤਮੰਦ ਰਾਜ ਬਣੇ, ਜਿਸ ਲਈ ਪੰਜਾਬ ਸਰਕਾਰ ਨੇ ਬਿਹਤਰ ਸਿਹਤ ਸੇਵਾਵਾਂ ਨੂੰ ਪੰਜਾਬ ਸਰਕਾਰ ਦੀ ਮੁੱਖ ਪਹਿਲਕਦਮੀ ਬਣਾਇਆ ਹੈ। ਦੇਵ ਮਾਨ ਨੇ ਲੋਕਾਂ ਨੂੰ ਨਿਰੋਗ ਰਹਿਣ ਲਈ ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸਾਨੂੰ ਮੌਜੂਦਾ ਤੇਜ ਰਫ਼ਤਾਰ ਜਿੰਦਗੀ ‘ਚ ਤਣਾਓ ਗ੍ਰਸਤ ਦਿਮਾਗ ਤੇ ਸਰੀਰ ਨੂੰ ਦਵਾਈਆਂ ਤੋਂ ਬਗੈਰ ਤੰਦਰੁਸਤ ਰੱਖਣ ਲਈ ਯੋਗਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੋਗ ਕੇਵਲ ਯੋਗ ਦਿਵਸ ‘ਤੇ ਹੀ ਨਹੀਂ ਬਲਕਿ ਰੋਜ਼ਾਨਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਯੂਸ਼ ਵਿਭਾਗ ਵੱਲੋਂ ਮੁਫ਼ਤ ਸਿਖਾਏ ਜਾਂਦੇ ਯੋਗ ਦਾ ਲਾਭ ਲੈਣਾ ਚਾਹੀਦਾ ਹੈ। ਇਸ ਦੌਰਾਨ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪੰਕਜ਼ ਟੰਡਨ ਦੀ ਅਗਵਾਈ ਹੇਠ ਆਯੂਸ਼ ਵਿਭਾਗ ਦੇ ਯੋਗ ਮਾਹਰਾਂ ਡਾ. ਜਸਪ੍ਰੀਤ ਕੌਰ, ਡਾ. ਮਨਦੀਪ ਕੌਰ ਵਿਰਦੀ, ਡਾ. ਅੰਕਿਤਾ, ਡਾ. ਪੂਜਾ ਤੇ ਗਗਨਦੀਪ ਕੌਰ ਨੇ ਯੋਗਾ ਕਰਵਾਇਆ। ਡਾ. ਮਨੀਸ਼ਾ ਸਿੰਗਲਾ ਨੇ ਯੋਗ ਦੇ ਫਾਇਦੇ ਗਿਣਾਉਂਦਿਆਂ ਪ੍ਰਾਣਾਯਾਮ, ਮੰਤਰ ਉਚਾਰਨ ਸਮੇਤ ਪੁਰਾਤਨ ਯੋਗ ਦੇ ਵੱਖ-ਵੱਖ ਯੋਗ ਆਸਣ ਕਰਵਾਏ। ਕੌਮਾਂਤਰੀ ਯੋਗ ਦਿਵਸ ਦੇ ਨੋਡਲ ਅਫ਼ਸਰ ਮੋਹਿਤ ਰਿਸ਼ੀ ਦੀ ਦੇਖ-ਰੇਖ ਹੇਠ ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਦੇ ਵਿਦਿਆਰਥੀਆਂ ਦੀ ਟੀਮ ਨੇ ਯੋਗਾ ਦੇ ਕਰਤੱਬ ਦਿਖਾਏ।
ਸਮਾਰੋਹ ‘ਚ ਜੁਡੀਸ਼ੀਅਲ ਮੈਜਿਸਟ੍ਰੇਟ ਵਿਜੇ ਕੁਮਾਰ, ਮੋਨਿਕਾ ਚੁੱਘ, ਰੁਚੀ ਸਵਪਨ ਸ਼ਰਮਾ, ਭੁਪਿੰਦਰ ਮਿੱਤਲ, ਏ.ਡੀ.ਸੀਜ਼ ਗੁਰਪ੍ਰੀਤ ਸਿੰਘ ਥਿੰਦ ਤੇ ਈਸ਼ਾ ਸਿੰਘਲ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਵਿਧਾਇਕ ਡਾ. ਬਲਬੀਰ ਸਿੰਘ ਦੀ ਤਰਫ਼ੋਂ ਡਾ. ਹਰੀ ਚੰਦ ਬਾਂਸਲ, ਸਰਪੰਚ ਗੁਰਕ੍ਰਿਪਾਲ ਸਿੰਘ ਤੇ ਜੋਗਿੰਦਰ ਸਿੰਘ, ਸਿਵਲ ਸਰਜਨ ਡਾ. ਰਾਜੂ ਧੀਰ, ਡਾ. ਅਨਿਲ ਗਰਗ, ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ, ਉਪ ਸਿੱਖਿਆ ਅਫ਼ਸਰ ਮਨਵਿੰਦਰ ਭੁੱਲਰ, ਸ਼ਿਵ ਮੰਦਿਰ ਕਿਲਾ ਚੌਂਕ ਦੇ ਨੁਮਾਂਇੰਦੇ, ਗੋਪਾਲ ਕ੍ਰਿਸ਼ਨ, ਕੇਵਲ ਕ੍ਰਿਸ਼ਨ, ਪੂਰਨ ਚੰਦ ਬਾਲ ਨਿਕੇਤਨ ਅਨਾਥ ਆਸ਼ਰਮ, ਜ਼ਿਲ੍ਹਾ ਆਯੁਰਵੈਦਿਕ ਤੇ ਯੁਨਾਨੀ ਦਫ਼ਤਰ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੇ ਟੈਕਨੋਲੋਜੀ, ਸਿਹਤ, ਖੇਡਾਂ, ਸਿੱਖਿਆ, ਯੁਵਕ ਸੇਵਾਵਾਂ ਵਿਭਾਗਾਂ, ਵਿੱਦਿਅਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਮਾਰੋਹ ਨੂੰ ਸਫ਼ਲ ਬਨਾਉਣ ‘ਚ ਆਪਣਾ ਸਹਿਯੋਗ ਦਿੱਤਾ।

