ਦੇਸ਼ ਦੇ ਸਭ ਤੋਂ ਵੱਡੇ ਬੈਂਕ ਘਪਲੇ ਮਾਮਲੇ ’ਚ ਦੋਸ਼ੀਆਂ ਖ਼ਿਲਾਫ ਲੁਕ ਆਊਟ ਨੋਟਿਸ ਜਾਰੀ
ਨਵੀਂ ਦਿੱਲੀ (ਮਧੂਸਾਰ ਬਿਊਰੋ) ਦੇਸ਼ ਦੇ ਸਭ ਤੋਂ ਵੱਡੇ ਏ.ਬੀ.ਜੀ. ਬੈਂਕ ਘੱਪਲੇ ’ਚ ਸੀ.ਬੀ.ਆਈ. ਨੇ ਮੰਗਲਵਾਰ ਨੂੰ ਦੋਸ਼ੀਆਂ ਖਿਲਾਫ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। 22842 ਕਰੋੜ ਰੁਪਏ ਦੇ ਇਸ ਘੱਪਲੇ ਨਾਲ ਜੁੜੇ ਦੋਸ਼ੀ ਹੁਣ ਦੇਸ਼ ਛੱਡ ਕੇ ਕਿਤੇ ਨਹੀਂ ਜਾ ਸਕਦੇ। ਸੀ.ਬੀ.ਆਈ. ਦਾ ਅਧਿਕਾਰਤ ਤੌਰ ’ਤੇ ਕਹਿਣਾ ਹੈ ਕਿ ਉਸ ਨੂੰ ਇਸ ਮਾਮਲੇ ਦੀ ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਘੱਪਲਾ ਸਾਲ 2005 ਤੋਂ ਸ਼ੁਰੂ ਹੋ ਗਿਆ ਸੀ ਅਤੇ ਸਾਲ 2012 ਤੱਕ ਇਹ ਘੱਪਲਾ ਲਗਾਤਾਰ ਚੱਲਦਾ ਰਿਹਾ।
ਸੀ.ਬੀ.ਆਈ. ਨੇ ਕਿਹਾ ਕਿ ਬੈਂਕਾਂ ਨੇ ਸਾਲ 2013 ’ਚ ਇਸ ਖਾਤੇ ਦਾ ਐੱਨ.ਪੀ.ਏ. ਹੋਣ ਦੇ ਬਾਅਦ ਫੋਰੈਂਸਿਕ ਆਡਿਟ ਕਰਵਾਇਆ ਸੀ, ਜੋ ਕਈ ਸਾਲਾਂ ਤੱਕ ਚੱਲਿਆ ਅਤੇ ਇਸ ਤੋਂ ਬਾਅਦ ਬੈਂਕ ਵੱਲੋਂ ਇਸ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਦਿੱਤੀ ਗਈ। ਇਸ ਮਾਮਲੇ ਦੀ ਐੱਫ.ਆਈ.ਆਰ. ’ਚ ਪੰਜ ਮੁਲਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਖ਼ਿਲਾਫ ਏਜੰਸੀ ਨੇ ਲੁਕ ਆਊਟ ਸਰਕੂਲਰ ਜਾਰੀ ਕੀਤਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਆਪਣੀ ਸ਼ਿਕਾਇਤ ’ਚ ਗੁਜਰਾਤ ਦੀ ਏ.ਬੀ.ਜੀ. ਸ਼ਿਪਯਾਰਡ ਕੰਪਨੀ ਅਤੇ ਉਸ ਦੀ ਸਹਿਯੋਗੀ ਕੰਪਨੀਆਂ ਨੂੰ ਦੋਸ਼ੀ ਦੱਸਿਆ ਹੈ।

