ਅੰਮ੍ਰਿਤਸਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ “ਸਾਹਿਤ ਅਧਿਐਨ ਦਾ ਭਾਸ਼ਾ ਵਿਗਿਆਨਕ ਮਾਡਲ” ਵਿਸ਼ੇ `ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ

ਅੰਮ੍ਰਿਤਸਰ , (ਸੁਖਬੀਰ ਸਿੰਘ /ਮਧੂਸਾਰ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਪ੍ਰੋ. (ਡਾ) ਜਸਪਾਲ ਸਿੰਘ ਸੰਧੂ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਇਥੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ “ਸਾਹਿਤ ਅਧਿਐਨ ਦਾ ਭਾਸ਼ਾ ਵਿਗਿਆਨਕ ਮਾਡਲ” ਵਿਸ਼ੇ ਤੇ ਕਰਵਾਇਆ ਗਿਆ। ਇਸ ਵਿਚ ਵੱਖ ਵੱਖ ਅਕਾਦਮਿਕ ਅਦਾਰਿਆਂ ਤੋਂ ਇਲਾਵਾ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਯਾਦਗਾਰੀ ਭਾਸ਼ਣ ਦੇ ਮੁੱਖ ਵਕਤਾ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ ਹਰਜੀਤ ਸਿੰਘ ਗਿੱਲ, ਪ੍ਰੋਫ਼ੈਸਰ ਐਮਰੀਟਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਸਨ। ਇਸ ਸਮਾਗਮ ਦੀ ਪ੍ਰਧਾਨਗੀ ਡਾ ਹਰਦੀਪ ਸਿੰਘ (ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ ਜਗਬੀਰ ਸਿੰਘ ਚਾਂਸਲਰ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਸੰਚਾਲਨ ਡਾ ਮੇਘਾ ਸਲਵਾਨ ਨੇ ਕੀਤਾ। ਸਮਾਗਮ ਦਾ ਆਰੰਭ ਵਿਭਾਗ ਦੇ ਮੁਖੀ ਤੇ ਐਸੋਸੀਏਟ ਪ੍ਰੋਫ਼ੈਸਰ ਡਾ.ਮਨਜਿੰਦਰ ਸਿੰਘ ਜੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਹਨਾਂ ਨੇ ਸਮਾਗਮ ਵਿੱਚ ਪਹੁੰਚਣ ਵਾਲੀਆਂ ਸਮੂਹ ਸਖ਼ਸ਼ੀਅਤਾਂ ਦਾ ਨਿੱਘਾ ਸਵਾਗਤ ਕੀਤਾ ਤੇ ਮੁੱਖ ਭਾਸ਼ਣ ਕਰਤਾ ਨਾਲ ਰਸਮੀ ਜਾਣ-ਪਛਾਣ ਕਰਵਾਈ।

ਮਾਤ -ਭਾਸ਼ਾ ਦਿਵਸ ਦੀ ਸਾਰਥਕਤਾ ਸੰਬੰਧੀ ਬੋਲਦਿਆਂ ਉਨਾਂ ਨੇ ਕਿਹਾ ਕਿ ਕਿਸੇ ਵੀ ਸੱਭਿਆਚਾਰ ਦੇ ਵਿਕਾਸ ਲਈ ਮਾਤ ਭਾਸ਼ਾ ਦਾ ਗਿਆਨ ਦੀ ਭਾਸ਼ਾ ਵਜੋਂ ਵਿਕਸਿਤ ਹੋਣਾ ਅਨਿਵਾਰੀ ਹੈ। ਸਮਾਗਮ ਦੇ ਮੁੱਖ ਵਕਤਾ ਡਾ. ਹਰਜੀਤ ਸਿੰਘ ਗਿੱਲ, ਪ੍ਰੋਫ਼ੈਸਰ ਐਮਰੀਟਸ , ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਨੇ ਆਪਣੇ ਭਾਸ਼ਣ ਦੇ ਆਰੰਭ ਵਿਚ ਮਾਤ ਭਾਸ਼ਾ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸੇ ਭਾਸ਼ਾ ਦੀ ਹੋਂਦ ਦਾ ਮਹੱਤਵ ਇਸ ਗੱਲ ਵਿਚ ਉਜਾਗਰ ਹੁੰਦਾ ਹੈ ਕਿ ਉਹ ਭਾਸ਼ਾ ਕਿਸ ਕਿਸਮ ਦੇ ਗਿਆਨ ਤੇ ਵਿਸ਼ਵ ਦ੍ਰਿਸ਼ਟੀ ਨੂੰ ਪ੍ਰਵਾਹਿਤ ਕਰ ਰਹੀ ਹੈ। ਇਸ ਤੋਂ ਬਾਅਦ ਉਹਨਾਂ ਨੇ ਸਾਹਿਤ ਅਧਿਐਨ ਦਾ ਭਾਸ਼ਾ ਵਿਗਿਆਨਕ ਮਾਡਲ ਵਿਸ਼ੇ ਤੇ ਬੋਲਦਿਆਂ ਸਾਹਿਤ ਦੀ ਭਾਸ਼ਾ ਵਿਗਿਆਨਕ ਸਮਝ ਨੂੰ ਉਜਾਗਰ ਕੀਤਾ। ਇਸਦੇ ਅੰਤਰਗਤ ਉਨ੍ਹਾਂ ਨੇ ਰਚਨਾ ਨੂੰ ਪਰਿਭਾਸ਼ਤ ਕਰਦਿਆਂ ਇਸਨੂੰ ਵਿਆਕਰਨ ਅਤੇ ਸੰਕਲਪੀ ਸਮਝ ਦੀ ਅੰਤਰ-ਸਬੰਧਤਾ ਮੰਨਿਆ। ਇਸਦੇ ਸਪੱਸ਼ਟੀਕਰਨ ਲਈ ਉਨ੍ਹਾਂ ਨੇ ਵਿਭਿੰਨ ਪਾਠਾਂ ( ਗੁਰਬਾਣੀ, ਫਰਾਂਸੀਸੀ ਸਾਹਿਤ ਆਦਿ) ਨੂੰ ਹਵਾਲਾ ਬਿੰਦੂ ਵਜੋਂ ਵਰਤਿਆ।

ਉਹਨਾਂ ਨੇ ਵਿਸ਼ਵ ਦੀਆਂ ਗਿਆਨ ਪਰੰਪਰਾਵਾਂ ਦੇ ਸੰਦਰਭ ਵਿਚ ਸਾਹਿਤ ਦੀ ਭਾਸ਼ਾ ਨੂੰ ਸਮਝਣ ਲਈ ਇਕ ਵਿਗਿਆਨਕ ਮਾਡਲ ਨਿਰਧਾਰਿਤ ਕਰਨ ਦਾ ਯਤਨ ਕੀਤਾ। ਉਹਨਾਂ ਨੇ ਗੁਰਬਾਣੀ, ਪੱਛਮੀ ਸਾਹਿਤ ਤੇ ਦਰਸ਼ਨ ਦੀ ਕਲਾਸਿਕੀ ਅਤੇ ਆਧੁਨਿਕ ਭਾਸ਼ਾ ਵਿਗਿਆਨ ਦੀਆਂ ਸਾਂਝੀਆਂ ਅੰਤਰ ਦ੍ਰਿਸ਼ਟੀਆਂ ਦੇ ਹਵਾਲੇ ਨਾਲ ਭਾਸ਼ਾ, ਸਾਹਿਤ ਅਤੇ ਸਮੁੱਚੇ ਜੀਵਨ ਦਰਸ਼ਨ ਨੂੰ ਸਮਝਣ ਵਾਲੀ ਇਕ ਸਾਂਝੀ ਵਿਸ਼ਵ ਦ੍ਰਿਸ਼ਟੀ ਨੂੰ ਉਜਾਗਰ ਕਰਨ ਦਾ ਯਤਨ ਕੀਤਾ। ਉਹਨਾਂ ਨੇ ਵਿਸ਼ੇਸ਼ ਤੌਰਤੇ ਗੁਰੂ ਨਾਨਕ ਬਾਣੀ ਵਿਚੋਂ ਜਪੁਜੀ ਸਾਹਿਬ, ਮਾਰੂ ਸੋਲਹੇ ਤੇ ਸਿਧ ਗੋਸ਼ਟਿ ਦੇ ਪਰਿਪੇਖ ਵਿਚ ਵਿਸ਼ਵ ਦਰਸ਼ਨ ਨੂੰ ਪੁਨਰ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ।


ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਡਾ. ਜਗਬੀਰ ਸਿੰਘ, ਚਾਂਸਲਰ ਪੰਜਾਬ ਕੇਦਰੀ ਯੂਨੀਵਰਸਿਟੀ, ਬਠਿੰਡਾ ਨੇ ਸਾਹਿਤ ਦੇ ਚਾਰ ਪ੍ਮੁੱਖ ਕੇਂਦਰ ਬਿੰਦੂ ਵਿਆਖਿਆ, ਵਿਸ਼ਲੇਸ਼ਣ, ਮੁੱਲਾਂਕਣ ਅਤੇ ਨਿਰਣਾਇਕਤਾ ਨੂੰ ਮੰਨਿਆ। ਉਹਨਾਂ ਨੇ ਉਚੇਚੇ ਤੌਰ ਤੇ ਭਾਰਤੀ ਗਿਆਨ ਪਰੰਪਰਾ ਦੇ ਸੰਦਰਭ ਵਿਚ ਸਾਹਿਤ ਦੀ ਭਾਸ਼ਾ ਦੇ ਅਧਿਐਨ ਦੀਆਂ ਅੰਤਰ ਦ੍ਰਿਸ਼ਟੀਆਂ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਅਜੋਕਾ ਪੱਛਮੀ ਭਾਸ਼ਾ ਵਿਗਿਆਨ ਅਤੇ ਸਾਹਿਤ ਚਿੰਤਨ ਭਾਰਤੀ ਦਰਸ਼ਨ ਅਤੇ ਕਾਵਿ-ਸ਼ਾਸਤਰ ਦੀ ਪਰੰਪਰਾ ਤੋਂ ਵਿਆਪਕ ਪੱਧਰਤੇ ਪ੍ਰਭਾਵਿਤ ਹੋ ਰਿਹਾ ਹੈ।

ਡਾ.ਹਰਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਕਿਸੇ ਮਨੁੱਖ, ਸੰਸਥਾ ਤੇ ਸਭਿਆਚਾਰ ਦੀ ਤਰੱਕੀ ਲਈ ਮਾਤ ਭਾਸ਼ਾ ਨੂੰ ਅਪਨਾਉਣਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਮੁੱਖ ਉਦੇਸ਼ਾਂ ਵਿੱਚੋਂ ਇਕ ਹੈ। ਯੂਨੀਵਰਸਿਟੀ ਇਸਦੇ ਵਿਕਾਸ ਲਈ ਪੂਰਾ ਯੋਗਦਾਨ ਪਾ ਰਹੀ ਹੈ।

ਸਮਾਗਮ ਦੇ ਅੰਤ ਵਿੱਚ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਸਮਾਗਮ ਵਿੱਚ ਪਹੁੰਚਣ ਵਾਲੀਆ ਸਮੂਹ ਸ਼ਖ਼ਸੀਅਤਾਂ, ਹੋਰਨਾਂ ਵਿਭਾਗਾਂ ਤੋਂ ਪਹੁੰਚੇ ਅਧਿਆਪਕਾਂ, ਖੋਜ- ਵਿਦਿਆਰਥੀਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਡਾ ਦਲਬੀਰ ਸਿੰਘ, ਡਾ ਸੁਧਾ ਜਤਿੰਦਰ, ਪ੍ਰੋ ਪਰਮਿੰਦਰ ਸਿੰਘ, ਡਾ ਸੁਰਿੰਦਰ ਬੀਰ, ਡਾ ਰਾਜਕੁਮਾਰ ਹੰਸ, ਡਾ ਅਮਰਜੀਤ ਸਿੰਘ, ਡਾ ਮੋਹਨ ਕੁਮਾਰ, ਪ੍ਰੋ ਪ੍ਰਵੀਨ ਪਾਲ, ਡਾ ਦਰਸ਼ਨਦੀਪ, ਡਾ ਸੁਨੀਲ, ਡਾ ਹਰਿੰਦਰ ਕੌਰ, ਡਾ ਬਲਜੀਤ ਕੌਰ ਰਿਆੜ, ਡਾ ਪਵਨ ਕੁਮਾਰ, ਡਾ ਇੰਦਰਪ੍ਰੀਤ ਕੌਰ, ਡਾ ਜਸਪਾਲ ਸਿੰਘ, ਡਾ ਕੰਵਲਜੀਤ ਕੌਰ, ਡਾ ਕੰਵਲਦੀਪ ਕੌਰ, ਡਾ ਹਰਿੰਦਰ ਸਿੰਘ, ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਤੇ ਅੰਮ੍ਰਿਤਸਰ ਦੇ ਵੱਖ ਵੱਖ ਕਾਲਜਾਂ ਦੇ ਪ੍ਰੋਫ਼ੈਸਰ ਸਾਹਿਬਾਨ, ਵੱਡੀ ਗਿਣਤੀ ਵਿਚ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *