ਖ਼ਾਲਸਾ ਕਾਲਜ ਪਟਿਆਲਾ ਨੇ ਮਨਾਇਆ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੱਜ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਦੇ ਵਿਸੇਸ ਮੌਕੇ ’ਤੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਲੋਗਨ ਲੇਖਨ ਮੁਕਾਬਲਾ, ਸੱਭਿਆਚਾਰਕ ਪ੍ਰਸ਼ਨੋਤਰੀ ਮੁਕਾਬਲਾ ਅਤੇ ਮਾਤ-ਭਾਸ਼ਾ ਨਾਲ ਸਬੰਧਤ ਗੀਤ-ਸੰਗੀਤ ਦਾ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਵੱਲੋਂ ਮਾਤ-ਭਾਸ਼ਾ ਪੰਜਾਬੀ ਲਈ ਜੀਵਨ ਭਰ ਕੰਮ ਕਰਨ ਦਾ ਅਹਿਦ ਵੀ ਲਿਆ ਗਿਆ। ਸਲੋਗਨ ਲਿਖਣ ਮੁਕਾਬਲੇ ਵਿਚ ਵਿਦਿਆਰਥੀਆਂ ਵੱਲੋਂ ਮਾਤ-ਭਾਸ਼ਾ ਵਿਸ਼ੇ ਨਾਲ ਸਬੰਧ ਰੱਖਦੀਆਂ ਵੱਖ-ਵੱਖ ਸਤਰਾਂ ਅਤੇ ਕਾਵਿ-ਸਤਰਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਕੈਨਵਸ ਦੇ ਉੱਤੇ ਉੱਕਰਿਆ ਗਿਆ। ਇਸ ਮੁਕਾਬਲੇ ਵਿੱਚ ਕਮਲਪ੍ਰੀਤ ਸਿੰਘ, ਸ਼ਿਵਮ, ਰਣਜੋਧ ਸਿੰਘ ਅਤੇ ਜਸਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਅਤੇ ਹੌਸਲਾ ਅਫ਼ਜ਼ਾਈ ਇਨਾਮ ਹਾਸਲ ਕੀਤੇ।
ਗੀਤ-ਸੰਗੀਤ ਮੁਕਾਬਲੇ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਉਤਸ਼ਾਹ-ਪੂਰਵਕ ਭਾਗ ਲਿਆ ਗਿਆ। ਇਸ ਮੁਕਾਬਲੇ ਵਿੱਚ ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਲਾਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਅੰਕਿਤ ਸ਼ਰਮਾ ਅਤੇ ਮਨਪ੍ਰੀਤ ਕੌਰ ਨੂੰ ਹੌਸਲਾ ਅਫਜ਼ਾਈ ਇਨਾਮਾਂ ਨਾਲ ਨਿਵਾਜਿਆ ਗਿਆ। ਅੰਤਰ-ਰਾਸਟਰੀ ਮਾਤ-ਭਾਸ਼ਾ ਦਿਵਸ ਦੇ ਮੱਦੇਨਜ਼ਰ ਕਾਲਜ ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਪੋ-ਆਪਣੀਆਂ ਸੱਭਿਆਚਾਰਕ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਭਾਗ ਲੈਣ ਲਈ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਇਨ੍ਹਾਂ ਟੀਮਾਂ ਦਾ ਅੰਤਿਮ ਮੁਕਾਬਲਾ ਅੱਜ ਮੰਚ ਉੱਪਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਾਇੰਸ ਵਿਭਾਗ ਦੀ ਟੀਮ ਰਾਵੀ ਨੇ ਪਹਿਲਾ ਸਥਾਨ ਹਾਸਲ ਕੀਤਾ, ਕੰਪਿਊਟਰ ਸਾਇੰਸ ਵਿਭਾਗ ਦੀ ਟੀਮ ਚਨਾਬ ਨੇ ਦੂਸਰਾ ਸਥਾਨ ਅਤੇ ਆਰਟਸ ਵਿਭਾਗ ਦੀ ਟੀਮ ਸਤਲੁਜ ਨੇ ਤੀਸਰਾ ਸਥਾਨ ਹਾਸਲ ਕੀਤਾ ।
ਇਸ ਮੌਕੇ ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਨੂੰ ਵਧਾਈ ਦਿੰਦੇ ਹੋਏ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਮਾਤ-ਭਾਸ਼ਾ ਅਜਿਹੀ ਭਾਸ਼ਾ ਹੁੰਦੀ ਹੈ ਜਿਸ ਨੂੰ ਹਰ ਵਿਅਕਤੀ ਬਿਨਾਂ ਵਿਆਕਰਨ ਦੀ ਮੱਦਦ ਦੇ ਸਹਿਜ ਸੁਭਾਅ ਹੀ ਸਿੱਖ ਲੈਂਦਾ ਹੈ। ਜਦਕਿ ਹੋਰਨਾਂ ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਲਈ ਵਿਆਕਰਨ ਦਾ ਗਿਆਨ ਜਰੂਰੀ ਹੁੰਦਾ ਹੈ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਅਸੀਂ ਤਾਂ ਹੀ ਵਿਸ਼ਵ ਪੱਧਰ ਉੱਪਰ ਤਰੱਕੀ ਹਾਸਲ ਕਰ ਸਕਾਂਗੇ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗਿਆਨ ਉਨ੍ਹਾਂ ਦੀ ਮਾਤ-ਭਾਸ਼ਾ ਵਿੱਚ ਹੀ ਦੇਈਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਡਾ. ਹਰਵਿੰਦਰ ਕੌਰ ਵਾਇਸ ਪਿੰਸੀਪਲ ਤੇ ਮੁਖੀ ਹਿੰਦੀ ਵਿਭਾਗ ਨੇ ਦੱਸਿਆ ਕਿ ਬੇਸ਼ੱਕ ਉਹ ਹਿੰਦੀ ਦਾ ਦੇ ਅਧਿਆਪਨ ਦਾ ਕਾਰਜ ਕਰਦੇ ਹਨ ਪ੍ਰੰਤੂ ਪੰਜਾਬੀ ਭਾਸ਼ਾ ਪ੍ਰਤੀ ਉਨ੍ਹਾਂ ਦਾ ਵਿਸ਼ੇਸ਼ ਲਗਾਅ ਹੈ। ਪੰਜਾਬੀ ਹੋਣ ਦੇ ਨਾਤੇ ਉਹ ਹਮੇਸ਼ਾ ਹੀ ਆਪਣੀਆਂ ਭਾਵਨਾਵਾਂ ਦੀ ਅਭਿਵਿਅਕਤੀ ਪੰਜਾਬੀ ਭਾਸ਼ਾ ਵਿੱਚ ਕਰਨ ਨੂੰ ਤਰਜੀਹ ਦਿੰਦੇ ਹਨ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸੁਆਗਤ ਕੀਤਾ ਅਤੇ ਮਾਤ-ਭਾਸ਼ਾ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਪ੍ਰੋ. ਜਗਰੂਪ ਕੌਰ ਨੇ ਪ੍ਰੋਗਰਾਮ ਦੇ ਅੰਤ ’ਤੇ ਆਏ ਹੋਏ
ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦਿਵਸ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਕੌਮਾਂ ਹੀ ਦੁਨੀਆ ’ਤੇ ਤਰੱਕੀ ਕਰਦੀਆਂ ਹਨ ਜੋ ਆਪਣੀ ਮਾਤ-ਭਾਸ਼ਾ ਨੂੰ ਤਰਜੀਹ ਦਿੰਦੀਆਂ ਹਨ। ਡਾ. ਤੇਜਿੰਦਰਪਾਲ ਸਿੰਘ ਨੇ ਇਸ ਮੌਕੇ ਸੰਗੀਤ ਮੁਕਾਬਲੇ ਵਿੱਚ ਜੱਜਮੈਂਟ ਦੀ ਭੂਮਿਕਾ ਅਦਾ ਕੀਤੀ। ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਤੋਂ ਇਲਾਵਾ ਇਸ ਮੌਕੇ ਪੰਜਾਬੀ ਵਿਭਾਗ ਦਾ ਸਮੁੱਚਾ ਸਟਾਫ ਹਾਜ਼ਰ ਸੀ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਡਾ. ਸਰਬਜੀਤ ਸਿੰਘ ਵੱਲੋਂ ਪ੍ਰਸ਼ਨ ਪੁੱਛਣ ਦਾ ਕਾਰਜ ਕੀਤਾ ਗਿਆ ਅਤੇ ਡਾ. ਦਵਿੰਦਰ ਸਿੰਘ ਵੱਲੋਂ ਮੰਚ ਸੰਚਾਲਨ ਦਾ ਕੰਮ ਬਾਖੂਬੀ ਨਿਭਾਇਆ ਗਿਆ। ਸਕੋਰ ਬੋਰਡ ਉੱਪਰ ਪ੍ਰੋ. ਕੁਲਦੀਪ ਸਿੰਘ ਵਲੋਂ ਡਿਊਟੀ ਨਿਭਾਈ ਗਈ।

