ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਫੈਸਟੀਵਲ ਦਾ ਦੌਰਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੇ ਸਾਇੰਸ ਫੈਸਟੀਵਲ ਵਿਚ ਇਕ ਰੋਜ਼ਾ ਅਕਾਦਮਿਕ ਦੌਰਾ ਕੀਤਾ ਗਿਆ। ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਰਾਜਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਬਨਸਪਤੀ ਵਿਗਿਆਨ ਵਿਸ਼ਾ ਪੜ੍ਹਨ ਵਾਲੇ ਬੀਐੱਸ.ਸੀ. ਮੈਡੀਕਲ ਭਾਗ-ਦੂਜਾ ਅਤੇ ਭਾਗ-ਤੀਜਾ ਦੇ ਵਿਦਿਆਰਥੀਆਂ ਨੂੰ ਇਸ ਫੈਸਟੀਵਲ ਵਿਚ ਲਿਜਾਇਆ ਗਿਆ। ਸਾਇੰਸ ਫੈਸਟੀਵਲ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਹੋਰਾਂ ਨਾਲ ਮੁਲਾਕਾਤ ਕੀਤੀ ਅਤੇ ਵਿਗਿਆਨਕ ਖੋਜ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ।

ਸਾਇੰਸ ਫੈਸਟੀਵਲ ਦੇ ਕਨਵੀਨਰ ਡਾ. ਬਲਵਿੰਦਰ ਸਿੰਘ ਸੂਚ ਨੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਨ੍ਹਾਂ ਨੂੰ ਸਾਇੰਸ ਫੈਸਟੀਵਲ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਜਿਥੇ ਪ੍ਰੋ. ਮਨੀਸ਼ ਕਪੂਰ ਜੀ ਦੀ ਅਗਵਾਈ ਹੇਠ ਡਾ. ਐਸ. ਐਸ. ਬੀਰ ਬੋਟੈਨੀਕਲ ਗਾਰਡਨ ਦਾ ਦੌਰਾ ਕੀਤਾ ਉਥੇ ਨਾਲ ਹੀ ਹਰਬੇਰੀਅਮ, ਮਿਊਜੀਅਮ ਅਤੇ ਫੋਟੋ-ਗੈਲਰੀ ਵੀ ਵੇਖੀ। ਇਸ ਮੌਕੇੇ ਵਿਦਿਆਰਥੀਆਂ ਨੇ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਦਵਿੰਦਰਪਾਲ ਸਿੰਘ ਖੋਖਰ, ਪ੍ਰੋ. ਜਸਵੀਰ ਇੰਦਰ ਸਿੰਘ ਖੱਟਰ ਅਤੇ ਪ੍ਰੋ. ਮੁਨਰੁਚੀ ਕੌਰ ਨਾਲ ਬਨਸਪਤੀ ਵਿਗਿਆਨ ਵਿੱਚ ਚੱਲ ਰਹੀਆਂ ਮੌਜੂਦਾ ਖੋਜਾਂ ਸਬੰਧੀ ਵਾਰਤਾਲਾਪ ਵੀ ਕੀਤੀ।

ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਕਿਹਾ ਕਿ ਇਹੋ ਜਿਹੇ ਵਿੱਦਿਅਕ ਦੌਰੇ ਅਤੇ ਫੈਸਟੀਵਲ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਟੂਰ ਜਿਥੇ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਪ੍ਰਤੀ ਉਤਸਾਹ ਵੀ ਦਿੰਦੇ ਹਨ ਉਥੇ ਨਵੀਂ ਜਾਣਕਾਰੀ ਵੀ ਮੁਹੱਈਆਂ ਕਰਵਾਉਦੇ ਹਨ। ਇਸ ਮੌਕੇ ਵਿਭਾਗ ਦੇ ਲੈਬ ਅਸਿਸਟੈਂਟ ਸ. ਗੁਰਮੇਲ ਸਿੰਘ ਤੇ ਸ. ਹਰਪ੍ਰੀਤ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *