ਕੇਂਦਰ ਸਰਕਾਰ ਵੱਲੋਂ ਬੀ.ਬੀ.ਐਮ.ਬੀ. ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਫੈਸਲੇ ਦੀ ਜੁਆਇੰਟ ਫੋਰਮ ਵੱਲੋਂ ਸਖਤ ਨਿੰਦਾ, ਫੈਸਲਾ ਵਾਪਸ ਲੈਣ ਦੀ ਮੰਗ।
ਪਟਿਆਲਾ:-(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੀ ਮੀਟਿੰਗ ਸਾਥੀ ਕੁਲਦੀਪ ਸਿੰਘ ਖੰਨਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਫੈਸਲੇ ਦੀ ਸਖਤ ਨਿੰਦਾ ਕਰਦਿਆਂ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ। ਸਾਲ 1966 ਵਿੱਚ ਪੰਜਾਬ ਦੇ ਪੁਨਰਗਠਨ ਸਮੇਂ ਬੋਰਡ ਦੇ ਪ੍ਰਬੰਧਨ ਵਿੱਚ ਪੰਜਾਬ ਤੋ ਮੈਂਬਰ ਪਾਵਰ ਅਤੇ ਹਰਿਆਣਾ ਤੋਂ ਮੈਂਬਰ ਸਿੰਚਾਈ ਪੱਕੇ ਤੌਰ ‘ਤੇ ਲਏ ਗਏ ਸਨ। ਇਸੇ ਤਰ੍ਹਾਂ ਚੇਅਰਮੈਨ ਤੋਂ ਇਲਾਵਾ ਮੁਲਾਜਮਾਂ ਦਾ ਕੋਟਾਂ ਫਿਕਸ ਕੀਤਾ ਗਿਆ ਸੀ, ਪੰਜਾਬ ਦੇ ਮੁਲਾਜਮਾਂ ਦੇ ਕੋਟੇ ਚੋਂ 1200 ਅਸਾਮੀਆਂ ਖਾਲੀ ਪਈਆਂ ਹਨ। ਜਿਸ ਦਾ ਮੁਲਾਜਮਾਂ ਦੀ ਭਰਤੀ ਅਤੇ ਤਰੱਕੀ ਤੇ ਮਾੜਾ ਅਸਰ ਪਵੇਗਾ। ਕੇਂਦਰ ਸਰਕਾਰ ਦਾ ਇਹ ਫੈਸਲਾ ਪੰਜਾਬ ਦੇ ਹਿੱਤਾ ਤੇ ਡਾਕਾ ਹੈ। ਇਸ ਤਰ੍ਹਾਂ ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ ਤੇ ਆਪਣਾ ਅਧਿਕਾਰ ਜਮਾਉਣਾ ਚਾਹੁੰਦੀ ਹੈ।
ਪੰਜਾਬ ਦਾ ਪਾਣੀ ਪਹਿਲਾਂ ਹੀ ਹਿੱਸੇ ਤੋਂ ਵੱਧ ਦੂਜਿਆਂ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਇਸ ਫੈਸਲੇ ਨਾਲ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਹਿੱਤਾਂ ਤੇ ਵੀ ਡੂੰਘਾ ਪ੍ਰਭਾਵ ਪਵੇਗਾ। ਮੀਟਿੰਗ ਵਿੱਚ ਇਸ ਫੈਸਲੇ ਤੇ ਸਖਤ ਪ੍ਰਤੀਕਰਮ ਦਿੰਦਿਆਂ ਜੁਆਇੰਟ ਫੋਰਮ ਵੱਲੋਂ ਕਿਸਾਨ ਜੱਥੇਬੰਦੀਆਂ ਅਤੇ ਭਰਾਤਰੀ ਜੱਥੇਬੰਦੀਆਂ ਨਾਲ ਸਾਂਝੇ ਸੰਘਰਸ਼ਾਂ ਵਿੱਚ ਸਮੂਲੀਅਤ ਕੀਤੀ ਜਾਵੇਗੀ। ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰ ਮੈਨੇਜਮੈਂਟ ਪਾਸੋਂ ਮੰਗ ਕੀਤੀ ਕਿ ਬੀ.ਬੀ.ਐਮ.ਬੀ. ਵਿੱਚ ਕੋਟੇ ਅਨੁਸਾਰ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਜਗਰੂਪ ਸਿੰਘ, ਹਰਪਾਲ ਸਿੰਘ , ਬਲਦੇਵ ਸਿੰਘ ਮੰਢਾਲੀ, ਅਵਤਾਰ ਸਿੰਘ ਕੈਥ , ਜਗਜੀਤ ਸਿੰਘ, ਰਾਮ ਲੁਭਇਆ, ਮਨਜੀਤ ਕੁਮਾਰ, ਕੌਰ ਸਿੰਘ, ਸੁਖਵਿੰਦਰ ਸਿੰਘ ਚਾਹਲ ਅਤੇ ਨਛੱਤਰ ਸਿੰਘ ਰਣੀਆ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਜੁਆਇੰਟ ਫੋਰਮ ਨਾਲ ਕੀਤੇ ਸਮਝੌਤੇ ਲਾਗੂ ਕਰਨ ਦੀ ਥਾਂ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਅਤੇ ਮੁਲਾਜਮ ਵਿਰੋਧੀ ਕਾਰਵਾਈਆਂ ਕਰ ਰਹੀ ਹੈ।
ਜਿਸ ਵਿਰੁੱਧ ਪਾਵਰ ਮੈਨੇਜਮੈਂਟ ਨੂੰ ਜੱਥੇਬੰਦੀ ਦਾ ਡੈਪੂਟੇਸ਼ਨ ਮਿਲ ਕੇ ਰੋਸ ਦਾ ਪ੍ਰਗਟਾਵਾ ਕਰੇਗਾ ਅਤੇ ਸੰਘਰਸ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।
ਮੀਟਿੰਗ ਵਿੱਚ ਇੱਕ ਮਤੇ ਰਾਹੀਂ ਮਤੇ ਰਾਹੀਂ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਫੌਰਨ ਬੰਦ ਕਰਨ ਤੇ ਆਪਸੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਮੰਗ ਕੀਤੀ ਗਈ। ਕਿਉਂਕਿ ਜੰਗ ਦੌਰਾਨ ਨਿਰਦੋਸ਼ ਲੋਕਾਂ ਦੀ ਮੌਤ ਅਤੇ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੰਗ ਕਾਰਨ ਯੁਕਰੇਨ ਤੇ ਹੋਰ ਦੇਸਾਂ ਵਿੱਚ ਫਸੇ ਭਾਰਤੀਆਂ ਅਤੇ ਪੜ੍ਹਾਈ ਲਈ ਗਏ ਵਿਦਿਆਰਥੀ ਨੂੰ ਇਨ੍ਹਾਂ ਦੇਸਾਂ ਤੋਂ ਭਾਰਤ ਵਾਪਸ ਲਿਆਂਦਾ ਜਾਵੇ।

