ਆਈਟੀਆਈ ਪਾਰਕ ਬਣਾਉਣ ਦੇ ਬਹਾਨੇ ਡੇਢ ਸੌ ਕਰੋੜ ਰੁਪਏ ਦੀ ਦੁਰਵਰਤੋਂ ਦਾ ਮਾਮਲਾ
ਸਰਕਾਰੀ ਫੰਡਾਂ ’ਚ ਹੋਈ ਦੁਰਵਰਤੋਂ ਦੀ ਹੋਵੇ ਸੀਬੀਆਈ ਜਾਂਚ : ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਪੰਜ ਪਿੰਡਾਂ ਦੇ ਪ੍ਰਭਾਵਤ ਪਿੰਡ ਵਾਸੀਆਂ ਨੇ ਪ੍ਰੋ. ਚੰਦੂਮਾਜਰਾ ਨਾਲ ਕੀਤੀ ਮੁਲਾਕਾਤ
ਪਟਿਆਲਾ 4 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਘਨੌਰ ਨਾਲ ਸਬੰਧਤ ਪਿੰਡਾਂ ਵਿਚ ਆਈਟੀਆਈ ਪਾਰਕ ਬਣਾਏ ਜਾਂਣ ਦੇ ਬਹਾਨੇ ਡੇਢ ਸੌ ਕਰੋੜ ਰੁਪਏ ਦੀ ਦੁਰਵਰਤੋਂ ਦੇ ਮਾਮਲੇ ਵਿਚ ਸਰਕਾਰੀ ਫੰਡਾਂ ਦੀ ਹੋਈ ਦੁਰਵਰਤੋਂ ਦੀ ਜਾਂਚ ਨੂੰ ਲੈ ਕੇ ਅੱਜ ਪੰਜ ਪਿੰਡਾਂ ਸੇਹਰਾ, ਸੇਹਰੀ, ਆਕੜ, ਆਕੜੀ ਅਤੇ ਤਖਤੂਮਾਜਰਾ ਦੇ ਪ੍ਰਭਾਵਤ ਪਿੰਡਾਂ ਦੇ ਲੋਕਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਚੰਦੂਮਾਜਰਾ ਨਾਲ ਮੁਲਾਕਾਤ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਇਸ ਸਬੰਧ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪ੍ਰਭਾਵਤ ਪਿੰਡਾਂ ਦੇ ਲੋਕਾਂ ਨੇ ਸਰਕਾਰੀ ਫੰਡਾਂ ਵਿਚ ਹੋਈ ਦੁਰਵਰਤੋਂ ਨੂੰ ਲੈ ਕੇ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ, ਜਿਸ ਮਗਰੋਂ ਭਾਵੇਂ ਸਕੰਤਰ ਪੰਚਾਇਤ ਰਾਜ ਦੇ ਨਿਰਦੇਸ਼ਾਂ ’ਤੇ ਪੰਚਾਇਤਾਂ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮੁਅੱਤਲ ਤਾਂ ਕਰ ਦਿੱਤਾ ਗਿਆ, ਪ੍ਰੰਤੂ ਅੱਜ ਪਿੰਡ ਦੇ ਲੋਕ ਇਸ ਮਾਮਲੇ ਵਿਚ ਸੀਬੀਆਈ ਜਾਂਚ ਇਸ ਕਰਕੇ ਕਰ ਰਹੇ ਹਨ ਕਿ ਜਿਨਾਂ ਲੋਕਾਂ ਨੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਕੇ ਖਜ਼ਾਨੇ ਨੂੰ ਚੂਨਾ ਲਾਇਆ ਅਤੇ ਆਪਣੇ ਢਿੱਡ ਭਰਨ ਦੇ ਨਾਲ ਤਿਜੌਰੀਆਂ ਤੱਕ ਭਰੀਆਂ ਹਨ ਉਨ੍ਹਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਦੀ ਜਦੋਂ ਪੈਰਵਾਈ ਕੀਤੀ ਗਈ ਤਾਂ ਸਰਕਾਰੀ ਫੰਡਾਂ ਵਿਚ ਹੋਈ ਦੁਰਵਰਤੋਂ ਜੱਗ ਜ਼ਾਹਿਰ ਹੋਣ ਤੋਂ ਬਾਅਦ ਅੱਜ ਪਿੰਡ ਵਾਸੀਆਂ ਦੀ ਮੰਗ ਹੈ ਕਿ ਜਿਥੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਹੋਵੇ, ਉਥੇ ਹੀ ਫੰਡਾਂ ਦੀ ਦੁਰਵਰਤੋਂ ਕਰਨ ਵਾਲੇ ਅਧਿਕਾਰੀਆਂ ਕੋਲੋਂ ਉਨ੍ਹਾਂ ਦੀ ਪ੍ਰਾਪਰਟੀ ਅਟੈਚ ਕਰਵਾਕੇ ਵਸੂਲੀ ਵੀ ਕਰਵਾਈ ਜਾਵੇ।। ਪ੍ਰੋ. ਚੰਦੂਮਾਜਰਾ ਨੇ ਕਿਹਾ ਸਰਕਾਰੀ ਫੰਡਾਂ ਦੀ ਦੁਰਵਰਤੋਂ ਬਿਨਾਂ ਸਿਆਸੀ ਪੁਸ਼ਤਪਨਾਹੀ ਦੇ ਨਹੀਂ ਹੋ ਸਕਦੀ ਇਸ ਕਰਕੇ ਸੀਬੀਆਈ ਜਾਂਚ ਹੋਵੇ ਅਤੇ ਚਿਹਰੇ ਬੇਨਕਾਬ ਕਰਨ ਮਗਰੋਂ ਕਾਨੁੰਨ ਦੇ ਕਟਹਿਰੇ ਵਿਚ ਖੜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਹੈ ਕਿ ਇਸ ਘਪਲੇ ਵਿਚ ਹਾਈਕੋਰਟ ਦੇ ਆਦੇਸ਼ਾਂ ਦੀ ਅਣਦੇਖੀ ਕੀਤੀ ਗਈ ਅਤੇ ਇਥੋਂ ਤੱਕ ਕਿ ਰੂਰਲ ਡਿਵੈਲਪਮੈਂਟ ਪੰਚਾਇਤ ਅਧਿਕਾਰੀ ਸੀਮਾਂ ਜੈਨ ਦੇ ਹੁਕਮਾਂ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਅੱਜ ਡੇਢ ਸੌ ਕਰੋੜ ਰੁਪਏ ਦੇ ਹੋਏ ਘਪਲੇ ਦੀ ਸੀਬੀਆਈ ਜਾਂਚ ਮੰਗ ਰਹੇ ਹਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਿਸੇ ਵੀ ਹੱਦ ਤੱਕ ਜਾਵੇ ਅਤੇ ਚਿਹਰਿਆਂ ਨੂੰ ਬੇਨਕਾਬ ਕਰੇਗਾ, ਜਿਨ੍ਹਾਂ ਨੇ ਸਿਆਸੀ ਪੁਸ਼ਤਪਨਾਹੀ ਨਾਲ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਹੈ।

